ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਸਿੱਖ ਖਬਰਾਂ

ਢੱਡਰੀਆਂਵਾਲਿਆਂ ’ਤੇ ਹਮਲਾ ਮਾਮਲੇ ’ਚ ਫੜੇ ਵਿਅਕਤੀਆਂ ਦੀ ਪੈਰਵੀ ਕਰਾਂਗੇ:ਬਾਬਾ ਹਰਨਾਮ ਸਿੰਘ

By ਸਿੱਖ ਸਿਆਸਤ ਬਿਊਰੋ

May 24, 2016

ਅੰਮ੍ਰਿਤਸਰ: ਬੀਤੇ ਦਿਨੀਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਲੁਧਿਆਣਾ ਨੇੜੇ ਹੋਏ ਹਮਲੇ ਅਤੇ ਉਨ੍ਹਾਂ ਦੇ ਸਾਥੀ ਦੀ ਮੌਤ ਦੇ ਮਾਮਲੇ ’ਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲ ਉੱਠ ਰਹੀਆਂ ਉਂਗਲਾਂ ਦਾ ਅੱਜ ਟਕਸਾਲ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਧੁੰਮਾ ਨੇ ਤਿੱਖਾ ਪ੍ਰਤੀਕਰਮ ਦਿੱਤਾ। ਉਨ੍ਹਾਂ ਜਿੱਥੇ ਪੇਸ਼ ਕੀਤੀ ਜਾ ਰਹੀ ਘਟਨਾ ਦੀ ਅਸਲੀਅਤ ’ਤੇ ਸ਼ੰਕਾ ਪ੍ਰਗਟਾਈ ਉਥੇ ਸਮੁੱਚੇ ਹਾਲਾਤ ਲਈ ਭਾਈ ਢੱਡਰੀਆਂਵਾਲਿਆਂ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਪੰਥ ’ਚ ਬਖੇੜਾ ਪੈਦਾ ਕਰਨ ਦਾ ਦੋਸ਼ੀ ਦੱਸਿਆ।

ਸੋਮਵਾਰ ਨੂੰ ਕਰੀਬ ਹਫਤੇ ਬਾਅਦ ਆਪਣੀ ਚੁੱਪ ਤੋੜਦਿਆਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਬਾ ਹਰਨਾਮ ਸਿੰਘ ਨੇ ਜਿੱਥੇ ਘਟਨਾ ਦੇ ਦੋਸ਼ੀਆਂ ਵਜੋਂ ਫੜੇ ਗਏ ਵਿਅਕਤੀਆਂ ਅਤੇ ਗੱਡੀ ਨੂੰ ਦਮਦਮੀ ਟਕਸਾਲ ਨਾਲ ਸਬੰਧਿਤ ਹੋਣਾ ਮੰਨਿਆ, ਉਥੇ ਉਨ੍ਹਾਂ ਵਲੋਂ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲਿਆਂ ਦੇ ਟਕਸਾਲ ਨਾਲ ਜੁੜੇ ਜਜ਼ਬਾਤ ਦੀ ਸ਼ਲਾਘਾ ਕੀਤੀ। ਬਾਬਾ ਹਰਨਾਮ ਸਿੰਘ ਨੇ ਦੋਸ਼ ਲਾਇਆ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਲੰਮੇ ਸਮੇਂ ਤੋਂ ਦਮਦਮੀ ਟਕਸਾਲ ਅਤੇ ਦਸਤਾਰ ਪ੍ਰਤੀ ਨਿੰਦਣਯੋਗ ਸ਼ਬਦਾਵਲੀ ਵਰਤੀ ਜਾ ਰਹੀ ਹੈ, ਜਿਸ ਕਾਰਨ ਦਮਦਮੀ ਟਕਸਾਲ ਦੇ ਸਿੰਘਾਂ ਅਤੇ ਆਮ ਸੰਗਤ ’ਚ ਰੋਸ ਪੈਦਾ ਹੋਣਾ ਕੁਦਰਤੀ ਸੀ, ਜੋ ਟਕਰਾਅ ਦੇ ਰੂਪ ਵਿਚ ਸਾਹਮਣੇ ਆਇਆ।

ਉਨ੍ਹਾਂ ਭਾਈ ਭੁਪਿੰਦਰ ਸਿੰਘ ਦੀ ਹੋਈ ਮੌਤਦਾ ਅਫਸੋਸ ਤਾਂ ਪ੍ਰਗਟਾਇਆ ਪਰ ਇਸ ਲਈ ਭਾਈ ਢੱਡਰੀਆਂਵਾਲਿਆਂ ਨੂੰ ਹੀ ਜ਼ਿੰਮੇਵਾਰ ਦੱਸਿਆ। ਉਨ੍ਹਾਂ ਇਹ ਵੀ ਸ਼ੱਕ ਪ੍ਰਗਟਾਇਆ ਕਿ ਭਾਈ ਢੱਡਰੀਆਂਵਾਲਿਆਂ ਦੇ ਸਾਥੀਆਂ ਵਲੋਂ ਚਲਾਈ ਗੋਲੀ ਨਾਲ ਹੀ ਬਾਬਾ ਭੁਪਿੰਦਰ ਸਿੰਘ ਦੀ ਮੌਤ ਹੋ ਸਕਦੀ ਹੈ।

ਉਨ੍ਹਾਂ ਚਾਰ ਕਿਲੋਮੀਟਰ ਬਿਨਾਂ ਟਾਇਰ ਤੋਂ ਗੱਡੀ ਚੱਲਣ ਅਤੇ ਇਸ ਦੌਰਾਨ ਭਾਈ ਢੱਡਰੀਆਂਵਾਲਿਆਂ ਨੂੰ ਕੁੱਝ ਨਾ ਹੋਣ ਦੇ ਮਾਮਲੇ ਨੂੰ ਵੀ ਸ਼ੱਕੀ ਦੱਸਿਆ। ਉਨ੍ਹਾਂ ਕਿਹਾ ਕਿ ਅਜੇ ਬਹੁਤ ਕੁਝ ਪਰਦੇ ਓਹਲੇ ਹੈ, ਜੋ ਹੌਲੀ ਹੌਲੀ ਸਪੱਸ਼ਟ ਹੋਵੇਗਾ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੰਤ ਢੱਡਰੀਆਂਵਾਲਿਆਂ ਨਾਲ ਪੰਜ ਗੱਡੀਆਂ ਦਾ ਕਾਫਲਾ ਸੀ ਤਾਂ ਦਰਸਾਈ ਜਾ ਰਹੀ ਕਹਾਣੀ ’ਚੋਂ ਉਹ ਕਿੱਥੇ ਗਾਇਬ ਹੋ ਗਿਆ। ਉਨ੍ਹਾਂ ਕਿਹਾ ਕਿ ਟਕਸਾਲ ਦੇ ਜੋ ਵਿਦਿਆਰਥੀ ਇਸ ਮਾਮਲੇ ’ਚ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਹਨ, ਉਨ੍ਹਾਂ ਦੀ ਅਤੇ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਪੈਰਵਾਈ ਕਰਾਂਗੇ।

ਉਨ੍ਹਾਂ ਦਾਅਵਾ ਕੀਤਾ ਕਿ ਸਿਰਫ ਗੁੱਸਾ ਪ੍ਰਗਟਾਉਣ ਗਏ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਕਿਸੇ ਸਾਜਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦਮਦਮੀ ਟਕਸਾਲ ਜਾਂ ਇਸ ਦੇ ਮੁਖੀ ਦੇ ਨਾਂ ’ਤੇ ਕੋਈ ਵੀ ਹਥਿਆਰਾਂ ਦੇ ਲਾਇਸੈਂਸ ਨਹੀਂ ਹਨ।

ਉਨ੍ਹਾਂ ਸਰਕਾਰ ਦੀ ਭੂਮਿਕਾ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਭਾਈ ਢੱਡਰੀਆਂਵਾਲਿਆਂ ਵਲੋਂ ਸਿੱਖਾਂ ਦੀ ਸ਼ਾਨ ਦਸਤਾਰ ਅਤੇ ਟਕਸਾਲ ਖਿਲਾਫ ਬੋਲਿਆ ਜਾ ਰਿਹਾ ਸੀ ਤਾਂ ਸਰਕਾਰ ਅੰਨ੍ਹੀ ਬੋਲੀ ਕਿਉਂ ਬਣੀ ਰਹੀ। ਮੌਜੂਦਾ ਸਥਿਤੀ ’ਚ ਮੁੱਖ ਮੰਤਰੀ ਸਮੇਤ ਸਮੁੱਚੀਆਂ ਪਾਰਟੀਆਂ ਦੇ ਆਗੂਆਂ ਵਲੋਂ ਭਾਈ ਢੱਡਰੀਆਂਵਾਲਿਆਂ ਦੀ ਕੀਤੀ ਜਾ ਰਹੀ ਹਮਾਇਤ ’ਤੇ ਉਨ੍ਹਾਂ ਕਿਹਾ ਕਿ ਇਹ ਮੀਟਿੰਗਾਂ ਸਪੱਸ਼ਟ ਕਰ ਰਹੀਆਂ ਹਨ ਕਿ ਕੌਣ ਸਰਕਾਰੀ ਸੰਤ ਅਤੇ ਕੌਣ ਸਿੱਖ ਕੌਮ ਦਾ ਸੇਵਾਦਾਰ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪ੍ਰੋ: ਸਰਚਾਂਦ ਸਿੰਘ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: