ਵੀਚਾਰਾਂ ਤੋਂ ਬਾਅਦ ਗੁਰਦੁਆਰਾ ਦਮਦਮਾ ਸਾਹਿਬ ਤੋਂ ਗੁਰਦੁਆਰਾ ਭਗਤ ਨਾਮਦੇਵ ਜੀ ਘੁਮਾਣ ਤੱਕ ਜਾਤ ਪਾਤ ਵਿਰੁੱਧ ਮਾਰਚ ਕੀਤਾ ਗਿਆ

ਸਿੱਖ ਖਬਰਾਂ

ਦਲਿਤ ਭਾਈਚਾਰੇ ਨਾਲ ਸਾਂਝ ਨੂੰ ਪੱਕਿਆਂ ਕਰਨ ਲਈ ਸਿੱਖ ਯੂਥ ਆਫ ਪੰਜਾਬ ਵੱਲੋਂ ਸਮਾਗਮ

By ਸਿੱਖ ਸਿਆਸਤ ਬਿਊਰੋ

January 18, 2016

ਘੁਮਾਣ: ਗੁਰੂ ਸਿਧਾਂਤ ਅਨੁਸਾਰ ਬਰਾਬਰੀ ਵਾਲੇ ਸਮਾਜ ਦੀ ਘਾੜਤ ਘੜਨ ਦੇ ਉਪਰਾਲਿਆਂ ਤਹਿਤ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਵੱਲੋਂ ਅੱਜ ਸ੍ਰੀ ਹਰਿਗੋਬਿੰਦਪੁਰ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਇੱਕ ਸਮਾਗਮ ਕਰਵਾਇਆ ਗਿਆ।ਭਗਤ ਸਾਹਿਬਾਨ ਨੂੰ ਸਮਰਪਿਤ ਇਹ ਸਮਾਗਮ ਉਸ ਲੜੀ ਤਹਿਤ ਕਰਵਾਇਆ ਗਿਆ ਜਿਸ ਵਿੱਚ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਉਹ ਦਲਿਤ ਭਾਈਚਾਰੇ ਨਾਲ ਸਨਮਾਨਜਨਕ ਤਰੀਕੇ ਨਾਲ ਸਾਂਝ ਨੂੰ ਪੱਕਿਆਂ ਕਰਨ ਲਈ ਸੰਵਾਦ ਦਾ ਸਿਲਸਿੱਲਾ ਸ਼ੂਰੂ ਕਰੇਗੀ।

ਇਸ ਦੌਰਾਨ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੁਰਬਾਣੀ ਦੇ ਸਿਧਾਂਤ ਦੀ ਰੋਸ਼ਨੀ ਵਿੱਚ ਵਿਚਰਦਿਆਂ ਹੋਇਆਂ ਸਾਡੇ ਪੁਰਾਤਨ ਬਜੁਰਗਾਂ ਨੇ ਗੁਰੂ ਆਸ਼ੇ ਅਨੁਸਾਰ ਜਾਤ-ਪਾਤ ਦੇ ਬੰਧਨਾ ਤੋਂ ਮੁਕਤ ਹੋ ਕੇ ਇਸ ਧਰਤੀ ਉੱਤੇ ਆਪਸੀ ਏਕੇ ਨਾਲ ਵੱਡੀਆਂ ਮੁਸੀਬਤਾਂ ਦਾ ਟਾਕਰਾ ਕੀਤਾ ਤੇ ਫਤਹਿ ਪ੍ਰਾਪਤ ਕੀਤੀ ਸੀ।

ਉਨ੍ਹਾਂ ਕਿਹਾ ਕਿ ਅੱਜ ਸਿੱਖ ਪੰਥ ਗੁਰੂ ਆਸ਼ੇ ਤੋਂ ਦੂਰ ਹੋ ਕੇ ਦੁਬਾਰਾ ਫੇਰ ਜਾਤ ਪਾਤ ਵਿੱਚ ਲਿਪਤ ਹੁੰਦਾ ਜਾ ਰਿਹਾ ਹੈ। ਅੱਜ ਸਮਾ ਇਹ ਮੰਗ ਕਰਦਾ ਹੈ ਕਿ ਸਮਾਜ ਦੇ ਸੁਹਿਰਦ ਲੋਕ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਯਤਨਸ਼ੀਲ ਹੋਣ ਤਾਂ ਕਿ ਗੁਰਬਾਣੀ ਅਨੁਸਾਰ ਬੇਗਮਪੁਰੇ ਦੀ ਉਸਾਰੀ ਦਾ ਕਾਰਜ ਅਰੰਭਿਆ ਜਾ ਸਕੇ।

ਉਹਨਾਂ ਕਿਹਾ ਕਿ ਦਲਿਤ ਭਾਈਚਾਰਕ ਸਾਂਝ ਤਾਂ ਸਿਆਸੀ ਪਾਰਟੀਆਂ ਵੀ ਰੱਖਦੀਆਂ ਹਨ ਪਰ ਉਨ੍ਹਾਂ ਦਾ ਸਾਂਝ ਪਿਛਲਾ ਮਕਸਦ ਸਿਰਫ ਆਪਣਾ ਸਿਆਸੀ ਲਾਹਾ ਲੈਣਾ ਹੁੰਦਾ ਹੈ ਪਰ ਸਾਡਾ ਮਕਸਦ ਸਿਆਸੀ ਲਾਹਾ ਲੈਣਾ ਨਹੀਂਬਲਕਿ ਦਲਿਤ ਭਰਾਵਾਂ ਦਾ ਉਹ ਸਨਮਾਨਜਨਕ ਸਥਾਨ ਹੈ ਜੋ ਸਿੱਖ ਗੁਰੂ ਸਾਹਿਬਾਨ ਨੇ ਖਾਲਸਾ ਪੰਥ ਵਿੱਚ ਉਹਨਾਂ ਨੂੰ ਦਿੱਤਾ।

ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਵੇਂ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਕੋਲ ਕਾਫੀ ਵੱਡਾ ਬਜਟ ਹੈ ਪਰ ਉਹ ਇਸ ਵਜਟ ਨੂੰ ਸਿਰਫ ਸਿਆਸੀ ਲੋਕਾਂ ਲਈ ਵਰਤਦੀਆਂ ਹਨ, ਪੰਥ ਲਈ ਉਸ ਦੀ ਵਰਤੋਂ ਨਹੀਂ ਹੋ ਰਹੀ। ਉਨ੍ਹਾਂ ਨੂੰ ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

ਸਿੱਖ ਯੂਥ ਆਫ ਪੰਜਾਬ ਦੇ ਮੁੱਖ ਸਲਾਹਕਾਰ ਸ. ਪ੍ਰਭਜੋਤ ਸਿੰਘ ਨੇ ਕਿਹਾ ਕਿ ਸਿੱਖ ਪੰਥ ਵਿੱਚੋਂ ਜਾਤ ਪਾਤ ਦੀ ਚੇਤਨਾ ਉਦੋਂ ਹੀ ਖਤਮ ਹੋ ਸਕਦੀ ਹੈ, ਜਦੋਂ ਅਸੀਂ ਗੁਰੂ ਸਿਧਾਂਤ ਨੂੰ ਅਪਣਾਉਂਦੇ ਹੋਏ ਜਾਤ ਚੇਤਨਾ ਤੋਂ ਮੁਕਤ ਹੋਵਾਂਗੇ ਅਤੇ ਕੌਮ ਅੰਦਰ ਸਿੱਖ ਸਿਧਾਂਤ ਨੂੰ ਮਜਬੂਤ ਕਰਾਂਗੇ। ਉਨ੍ਹਾਂ ਕਿਹਾ ਕਿ ਭਗਤ ਸਾਹਿਬਾਨ ਅਤੇ ਸਿੱਖ ਪੰਥ ਦੀ ਅਟੁੱਟ ਸਾਂਝ ਹੈ। ਸਿੱਖ ਪੰਥ ਦੀ ਇਹ ਸਾਂਝ ਗੁਰਬਾਣੀ ਦੇ ਜਰੀਏ ਭਗਤ ਸਾਹਿਬਾਨ ਨਾਲ ਹੁੜੀ ਹੋਈ ਹੈ ਤੇ ਕਿਸੇ ਨੂੰ ਵੀ ਇਸ ਸਾਂਝ ਨੂੰ ਤੋੜਨ ਦਾ ਗੁਨਾਹ ਨਹੀਂ ਕਰਨਾ ਚਾਹੀਦਾ।

ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਾਤ ਪਾਤ ਦੇ ਕੋਹੜ ਨੂੰ ਕਾਇਮ ਰੱਖਣ ਵਾਲੀਆਂ ਤਾਕਤਾਂ ਖਾਲਸਾ ਪੰਥ ਵਿੱਚ ਵੀ ਇਸ ਕੋਹੜ ਨੂੰ ਪੈਦਾ ਕਰਨ ਦੇ ਲਗਾਤਾਰ ਯਤਨ ਕਰ ਰਹੀਆਂ ਹਨ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਚੁੱਕੀਆਂ ਹਨ, ਜੋ ਕਿ ਸਮਾਜ ਨੂੰ ਵੰਡ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਤਾਕਤਾਂ ਦੇ ਯਤਨਾਂ ਨੂੰ ਰੋਕਣ ਲਈ ਆਪਣੇ ਗੁਰਦੁਆਰਾ ਸਾਹਿਬਾਨ ਦੀ ਸੰਸਥਾ ਨੂੰ ਉਸ ਕਦਰ ਬਣਾਉਣਾ ਪਵੇਗਾ ਜਿਵੇਂ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਤੇ ਜਾਤਾਂ ਦੇ ਨਾਂ ਤੇ ਬਣ ਰਹੇ ਗੁਰਦੁਆਰਾ ਸਾਹਿਬਾਨ ਦੇ ਰੁਝਾਨ ਨੂੰ ਠੱਲ ਪਾਉਣੀ ਪਵੇਗੀ ਤਾਂ ਕਿ ਇੱਕ ਗੁਰਦੁਆਰਾ ਸਾਹਿਬਾਨ ਵਿੱਚ ਸਿੱਖ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਹਜੂਰੀ ਵਿੱਚ ਵੀਚਾਰਾਂ ਕਰਨ ਜਿਸ ਨਾਲ ਉਨ੍ਹਾਂ ਵਿੱਚ ਆਪਸੀ ਪ੍ਰੇਮ ਇਤਫਾਕ ਵਧੇ।

ਇਸ ਮੌਕੇ ਦਲ ਖਾਲਸਾ ਦੇ ਆਗੂ ਭਾਈ ਨੋਬਲਜੀਤ ਸਿੰਘ ਅਤੇ ਸਤਿਕਾਰ ਕਮੇਟੀ ਦੇ ਭਾਈ ਸਤਨਾਮ ਸਿੰਘ ਸਮਸਾ ਵੱਲੋਂ ਵੀ ਸੰਗਤਾਂ ਨਾਲ ਵੀਚਾਰਾਂ ਦੀ ਸਾਂਝ ਪਾਈ ਗਈ।ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਿਲ ਸੰਗਤ ਵੱਲੋਂ ਇਨ੍ਹਾਂ ਵੀਚਾਰਾਂ ਤੋਂ ਬਾਅਦ ਗੁਰਦੁਆਰਾ ਦਮਦਮਾ ਸਾਹਿਬ ਤੋਂ ਗੁਰਦੁਆਰਾ ਭਗਤ ਨਾਮਦੇਵ ਜੀ ਘੁਮਾਣ ਤੱਕ ਜਾਤ ਪਾਤ ਦੇ ਕੋਹੜ ਤੋਂ ਸਮਾਜ ਨੂੰ ਮੁਕਤ ਕਰਨ ਦਾ ਸੁਨੇਹਾ ਦਿੰਦਾ ਇੱਕ ਮਾਰਚ ਵੀ ਕੀਤਾ ਗਿਆ।ਇਸ ਸਮਾਗਮ ਦੌਰਾਨ ਭਾਈ ਰਣਵੀਰ ਸਿੰਘ ਦਲ ਖਾਲਸਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਕਰਤਾਰਪੁਰ, ਮਨਜੀਤ ਸਿੰਘ, ਗੁਰਨਾਮ ਸਿੰਘ, ਇੰਦਰਜੀਤ ਸਿੰਘ, ਰੋਬਿਨਪ੍ਰੀਤ ਸਿੰਘ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: