ਸਿੱਖ ਯੂਥ ਫਰੰਟ ਦੇ ਆਗੂ ਪ੍ਰੈਸ ਕਾਨਫਰੰਸ ਦੌਰਾਨ

ਸਿਆਸੀ ਖਬਰਾਂ

ਰਾਜਨਾਥ ਸਿੰਘ ਦੱਸੇ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਨੌਜੁਆਨੀ ਨੂੰ ਬਰਬਾਦ ਕਰਨ ਲਈ ਜ਼ਿਮੇਵਾਰ ਕੌਣ ਹੈ: ਸਿੱਖ ਯੂਥ ਆਫ ਪੰਜਾਬ

By ਸਿੱਖ ਸਿਆਸਤ ਬਿਊਰੋ

June 21, 2015

ਅੰਮ੍ਰਿਤਸਰ ( 21 ਮਈ, 2015): ਸਿੱਖ ਯੂਥ ਆਫ ਪੰਜਾਬ’ ਨੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਉਸ ਬਿਆਨ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਹੈ ਉਤੇ ਟਿਪਣੀ ਕਰਦਿਆ ਪੁਛਿਆ ਕਿ ਸੱਤਾ ਉਤੇ ਕਾਬਜ਼ ਲੋਕ ਇਹ ਦੱਸਣ ਕਿ ਨਸ਼ਿਆਂ ਦੀ ਸਮਸਿਆ ਨੂੰ ਦੈਂਤ ਬਨਣ ਪਿਛੇ ਅਤੇ ਨੌਜਵਾਨੀ ਨੂੰ ਬਰਬਾਦ ਕਰਨ ਵਿੱਚ ਕਿਹੜੀਆਂ ਤਾਕਤਾਂ ਅਤੇ ਕਿਨਾਂ ਲੋਕਾਂ ਦਾ ਹੱਥ ਹੈ।

ਸਰਹਦੀ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਬਾਰੇ ਚਿੰਤਤ ਨੌਜਵਾਨਾਂ ਦੀ ਇਸ ਜਥੇਬੰਦੀ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਇਸ ਸਮਸਿਆ ਨੂੰ ਇਸ ਹੱਦ ਤੱਕ ਵੱਧਣ ਦਿਤਾ ਕਿ ਇਹ ਅੱਜ ਦੈਂਤ ਦਾ ਸਰੂਪ ਧਾਰ ਚੁੱਕੀ ਹੈ।

ਜਥੇਬੰਦੀ ਦੇ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗਲਬਾਤ ਕਰਦਿਆਂ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਵੱਡੀ ਪੱਧਰ ਉਤੇ ਫੈਲ ਚੁੱਕਾ ਹੈ ਅਤੇ ਮਾਂ-ਬਾਪ ਬੇਬਸ ਦਿਖਾਈ ਦੇ ਰਹੇ ਹਨ। ਉਹਨਾਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਤਾਰਾਂ ਸੱਤਾ ਦੇ ਗਲਿਆਰਿਆਂ ਤੱਕ ਜੁੜ ਚੁੱਕੀਆਂ ਹਨ ਅਤੇ ਇਸੇ ਲਈ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਸ ਕੋਹੜ ਦਾ ਕੋਈ ਸਦੀਵੀ ਇਲਾਜ ਨਹੀਂ ਹੋ ਪਾ ਰਿਹਾ।

ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅੰਦਰ ਖੂਫੀਆ ਏਜੰਸੀਆਂ ਨੇ ਨਸ਼ਿਆਂ ਦੀ ਲੱਤ ਸੋਚ-ਸਮਝ ਕੇ ਇਕ ਵਿਉਂਤਮਈ ਢੰਗ ਨਾਲ ਲਾਈ ਗਈ ਹੈ ਤਾਂ ਜੋ ਉਹਨਾਂ ਅੰਦਰ ਆਪਣੇ ਹੱਕਾਂ ਲਈ ਜੂਝਣ ਦੀ ਸੋਚ ਅਤੇ ਸਮਰਥਾ ਪੇਤਲੀ ਪੈ ਜਾਵੇ। ਉਹਨਾਂ ਕਿਹਾ ਕਿ ਪੰਜਾਬ ਫੇਰੀ ਮੌਕੇ ਵੱਖ-ਵੱਖ ਸਮਿਆਂ ਤੇ ਰਾਹੁਲ, ਰਾਮਦੇਵ ਅਤੇ ਰਾਜਨਾਥ ਨੇ ਨਸ਼ਿਆਂ ਦੀ ਅਲਾਮਤ ਵਿਸ਼ੇ ਉਤੇ ਸਖਤ ਤੇ ਕੌੜੀਆਂ ਟਿੱਪਣੀਆਂ ਕਰਕੇ ਪੰਜਾਬ ਦੇ ਲੋਕਾਂ ਨੂੰ ਸ਼ਰਮਸਾਰ ਕੀਤਾ ਹੈ ਪਰ ਅਫਸੋਸ ਕਿ ਇਹ ਵੱਡੇ ਅਖਵਾਉਣ ਵਾਲੇ ਲੋਕਾਂ ਨੇ ਬਿਆਨਬਾਜ਼ੀ ਤੋਂ ਇਲਾਵਾ ਇਸ ਸਮਸਿਆ ਦੇ ਹੱਲ ਲਈ ਨਾਂ ਤਾਂ ਕੋਈ ਤਜਵੀਜ਼ ਜਾਂ ਪ੍ਰੋਗਰਾਮ ਦਿੱਤਾ ਅਤੇ ਨਾ ਹੀ ਕੋਈ ਉਪਰਾਲੇ ਕੀਤੇ।

ਯੂਥ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਵਿਉਪਾਰ ਸਿਆਸਤਦਾਨ-ਪੁਲਿਸ-ਤਸਕਰ ਦੇ ਨਾਪਾਕ ਗਠਜੋੜ ਤੋਂ ਬਿਨਾਂ ਵੱਧ-ਫੁੱਲ ਨਹੀਂ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਡਰਗ ਮਾਫੀਆ ਦੀ ਮਾਰ ਹੇਠ ਹੈ, ਜਿਸ ਦੀ ਪੁਸ਼ਤਪਨਾਹੀ ਚੰਦ ਰਾਜਨੀਤਿਕ ਲੋਕ ਕਰ ਰਹੇ ਹਨ,ਜਿਨਾਂ ਦੀ ਘੁਸਪੈਠ ਹਰ ਪਾਰਟੀ ਵਿੱਚ ਹੈ।

ਉਹਨਾਂ ਪੰਜਾਬ ਦੀ ਡੁਬਦੀ ਜਵਾਨੀ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਹੋਕਾ ਦਿਤਾ ਕਿ ਉਹ ਆਪਣੀ ਸਾਂਝੀ ਆਵਾਜ਼ ਅਤੇ ਹਾਂ-ਪੱਖੀ ਸਰਗਰਮੀਆਂ ਨਾਲ ਪੰਜਾਬ ਅੰਦਰ ਬਦਲਾਅ ਲਿਆਉਣ।ਉਹਨਾਂ ਯਕੀਨ ਨਾਲ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਹਾਲੇ ਵੀ ਤਬਾਹ ਹੋਣ ਤੋਂ ਬਚਾਇਆ ਜਾ ਸਕਦਾ ਹੈ । ਜਥੇਬੰਦੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਇਸ ਸਮਸਿਆ ਨਾਲ ਨਜਿਠਣ ਲਈ ਸੰਜੀਦਗੀ ਨਾਲ ਕੋਸ਼ਿਸ਼ਾਂ ਜਾਰੀ ਰੱਖਣਗੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਗੁਰਨਾਮ ਸਿੰਘ, ਅਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਹਰਜੋਤ ਸਿੰਘ, ਪਰਮਜੀਤ ਸਿੰਘ ਮੰਡ ਨੇ ਸ਼ਮੂਲੀਅਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: