ਬਠਿੰਡਾ: ਇਨੈਲੋ ਵੱਲੋਂ ਅੱਜ 10 ਜੁਲਾਈ ਨੂੰ ਪੰਜਾਬ ਦੀਆਂ ਗੱਡੀਆਂ ਹਰਿਆਣਾ ’ਚ ਦਾਖ਼ਲ ਨਾ ਹੋਣ ਦੇ ਦਿੱਤੇ ਸੱਦੇ ਕਰ ਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਪੰਜਾਹ ਰੂਟਾਂ ’ਤੇ ਬੱਸਾਂ ਨਹੀਂ ਚਲਾਏਗਾ। ਇਸ ਨਾਲ ਕਾਰਪੋਰੇਸ਼ਨ ਨੂੰ ਕਰੀਬ 25 ਲੱਖ ਰੁਪਏ ਦਾ ਮਾਲੀ ਘਾਟਾ ਪਏਗਾ। ਪੀਆਰਟੀਸੀ ਨੇ ਇਸ ਦੇ ਨਾਲ ਹੀ ਰਾਜਸਥਾਨ ਜਾਂਦੀਆਂ ਬੱਸਾਂ ਨੂੰ ਵੀ ਇੱਕ ਦਿਨ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਾਰਪੋਰੇਸ਼ਨ ਦੀ ਪੰਜਾਬ ਤੋਂ ਦਿੱਲੀ ਵਾਲੀ ਬੱਸ ਸਰਵਿਸ ਵੀ ਬੰਦ ਰਹੇਗੀ। ਇਸ ਦੇ ਨਾਲ ਬਠਿੰਡਾ ਖ਼ਾਦ ਕਾਰਖਾਨੇ ਤੋਂ ਹਰਿਆਣਾ ਨੂੰ ਸਪਲਾਈ ਵੀ ਪ੍ਰਭਾਵਿਤ ਹੋਵੇਗੀ।
ਜ਼ਿਕਰਯੋਗ ਹੈ ਕਿ ਬਠਿੰਡਾ ਡੱਬਵਾਲੀ ਰੂਟ ’ਤੇ ਪੀ.ਆਰ.ਟੀ.ਸੀ. ਦੀ ਸਰਦਾਰੀ ਕਾਇਮ ਹੈ। ਇਸ ਰੂਟ ’ਤੇ ਕੋਈ ਵੀ ਪ੍ਰਾਈਵੇਟ ਸਰਵਿਸ ਨਹੀਂ ਹੈ। ਇਸੇ ਤਰ੍ਹਾਂ ਬਠਿੰਡਾ ਡਿਪੂ ਦੀ ਇੱਕ ਬੱਸ ਸੂਰਤਗੜ੍ਹ (ਰਾਜਸਥਾਨ) ਵਾਇਆ ਹਰਿਆਣਾ ਚੱਲਦੀ ਹੈ, ਉਹ ਵੀ 10 ਜੁਲਾਈ ਨੂੰ ਬੰਦ ਰਹੇਗੀ। ਲਿਹਾਜ਼ਾ ਬਠਿੰਡਾ-ਡਬਵਾਲੀ ਰੂਟ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਤੇ ਰੋਡਵੇਜ਼ ਮੁਲਾਜ਼ਮਾਂ ਨੂੰ ਭਲਕੇ ਵੱਡੀ ਮੁਸ਼ਕਲ ਦਰਪੇਸ਼ ਰਹੇਗੀ। ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਠਿੰਡਾ-ਡਬਵਾਲੀ ਰੂਟ ’ਤੇ ਪੰਜਾਬ ਦੀ ਹੱਦ ਤੱਕ ਬੱਸਾਂ ਚਲਾਈਆਂ ਜਾਣਗੀਆਂ। ਮੌਕੇ ’ਤੇ ਮਾਹੌਲ ਠੀਕ ਰਿਹਾ ਤਾਂ ਬੱਸਾਂ ਅੱਗੇ ਡਬਵਾਲੀ ਤੱਕ ਚਲਾ ਦਿੱਤੀਆਂ ਜਾਣਗੀਆਂ। ਪੀਆਰਟੀਸੀ ਦੀਆਂ ਬੱਸਾਂ ਦੇ ਕਰੀਬ 100 ਗੇੜੇ ਭਲਕੇ ਵਾਇਆ ਹਰਿਆਣਾ ਨਹੀਂ ਲੱਗਣਗੇ। ਬਠਿੰਡਾ ਸਿਰਸਾ ਬੱਸ ਸਰਵਿਸ ਵੀ ਬੰਦ ਰਹੇਗੀ। ਕਾਂਲਾਵਾਲੀ ਤੱਕ ਜੋ ਪ੍ਰਾਈਵੇਟ ਬੱਸ ਸੇਵਾ ਹੈ, ਉਸ ਦੇ ਵੀ ਬੰਦ ਰਹਿਣ ਦੀ ਸੰਭਾਵਨਾ ਹੈ। ਸਰਦੂਲਗੜ੍ਹ ਤੇ ਬੁਢਲਾਡਾ ਤੋਂ ਵੀ ਹਰਿਆਣਾ ਲਈ ਬੱਸ ਸੇਵਾ ਹੈ।
ਬਠਿੰਡਾ ਵਿੱਚ ਕੌਮੀ ਖਾਦ ਕਾਰਖਾਨਾ ਹੈ ਜਿੱਥੋਂ ਹਰਿਆਣਾ ਵਿੱਚ ਟਰੱਕਾਂ ਰਾਹੀਂ ਖਾਦ ਸਪਲਾਈ ਹੁੰਦੀ ਹੈ। ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਜਨਰਲ ਸਕੱਤਰ ਟਹਿਲ ਸਿੰਘ ਬੁੱਟਰ ਨੇ ਦੱਸਿਆ ਕਿ ਉਹ ਭਲਕੇ ਹਰਿਆਣਾ ਨੂੰ ਸਪਲਾਈ ਹੋਣ ਵਾਲੀ ਖਾਦ ਵਾਸਤੇ ਟਰੱਕ ਨਹੀਂ ਭੇਜਣਗੇ।
ਸਬੰਧਤ ਖ਼ਬਰ: ਪਾਣੀਆਂ ਦੇ ਮੁੱਦੇ ‘ਤੇ ਇਤਿਹਾਸ ਦਾ ਕੌੜਾ ਸੱਚ: ਬਾਦਲ ਦੀ ਬਿਆਨਬਾਜ਼ੀ ਤੇ ਅਮਲ ‘ਚ ਜ਼ਮੀਨ-ਅਸਮਾਨ ਫ਼ਰਕ ਰਿਹਾ ਹੈ …
ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਭਲਕੇ ਵਾਇਆ ਹਰਿਆਣਾ ਜਾਣ ਵਾਲੀ ਬੱਸ ਸੇਵਾ ਵਾਲੇ ਕਰੀਬ 50 ਰੂਟਾਂ ’ਤੇ ਬੱਸਾਂ ਨਹੀਂ ਚੱਲਣਗੀਆਂ ਤੇ ਇਸ ਨਾਲ 25 ਲੱਖ ਰੁਪਏ ਦੀ ਆਮਦਨ ਘਟੇਗੀ। ਤਿੰਨ ਵਜੇ ਮਗਰੋਂ ਮਾਹੌਲ ਠੀਕ ਰਿਹਾ ਤਾਂ ਫੌਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ।
ਸਬੰਧਤ ਖ਼ਬਰ: ਐਸਵਾਈਐਲ:ਚੌਟਾਲਾ ਵਲੋਂ 10 ਨੂੰ ਪੰਜਾਬ ਦੀਆਂ ਗੱਡੀਆਂ ਰੋਕਣ ਦਾ ਐਲਾਨ, ਪੁਲਿਸ ਮੁਖੀਆਂ ਦੀ ਸਾਂਝੀ ਮੀਟਿੰਗ …