ਜਨੇਵਾ: ਉੱਤਰ-ਪੱਛਮ ਸਵਿਟਜ਼ਰਲੈਂਡ ਦੇ ਬਾਸੇਲ ‘ਚ ਸਥਿਤ ਇਕ ਕੈਫੇ ‘ਚ ਵੀਰਵਾਰ ਨੂੰ ਦੋ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਗੋਲੀਬਾਰੀ ‘ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਇਸ ਮਾਮਲੇ ‘ਚ ਸ਼ਾਮਲ ਦੋ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ ਕੈਫੇ ‘ਚ ਰਾਤ ਤਕਰੀਬਨ 8 ਵਜੇ ਦੋ ਹਮਲਾਵਰ ਆਏ ਅਤੇ ਉਨ੍ਹਾਂ ਨੇ ਕਈ ਰੌਂਦ ਫਾਇਰ ਕੀਤੇ। ਇਸ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਹਮਲਾਵਰ ਹਮਲੇ ਤੋਂ ਬਾਅਦ ਰੇਲਵੇ ਸਟੇਸ਼ਨ ਵੱਲ ਭੱਜ ਗਏ।
ਇਸ ਘਟਨਾ ਤੋਂ ਬਾਅਦ ਬਾਸੇਲ ਪ੍ਰਸ਼ਾਸਨ ਨੇ ਇਕ ਬਿਆਨ ‘ਚ ਕਿਹਾ, “ਹਮਲੇ ਦੇ ਕਾਰਣਾਂ ਦਾ ਹਾਲੇ ਪੂਰੀ ਤਰ੍ਹਾਂ ਪਤਾ ਨਹੀਂ ਚੱਲ ਸਕਿਆ ਅਤੇ ਇਸਦੀ ਜਾਂਚ ਕੀਤੀ ਜਾਏਗੀ”। ਕੈਫੇ ਦੇ ਸਾਹਮਣੇ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ।
ਸਵਿਟਜ਼ਰਲੈਂਡ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਰਲੱਭ ਹਨ, ਪਰ ਜੋ ਲੋਕ ਫੌਜ ‘ਚ ਨੌਕਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਆਪਣੇ ਘਰ ‘ਚ ਹਥਿਆਰ ਰੱਖਣ ਦਾ ਅਧਿਕਾਰ ਹੈ। ਪਰ ਇਹ ਅਧਿਕਾਰ ਵੀ ਸਵਿਟਜ਼ਰਲੈਂਡ ‘ਚ ਵਿਵਾਦਾਂ ‘ਚ ਰਿਹਾ ਹੈ ਕਿਉਂਕਿ ਕਦੇ-ਕਦੇ ਘਰੇਲੂ ਝਗੜਿਆਂ ‘ਚ ਇਸ ਤਰ੍ਹਾਂ ਦੇ ਹਥਿਆਰਾਂ ਦੇ ਇਤਲੇਆਮ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਸਵਿਸ ਪ੍ਰੈਸ ਮੁਤਾਬਕ ਅੱਸੀ ਲੱਖ ਦੀ ਆਵਾਦੀ ਵਾਲੇ ਇਸ ਦੇਸ਼ ‘ਚ 20 ਲੱਖ ਹਥਿਆਰ ਹਨ।