ਚੰਡੀਗੜ੍ਹ: ਸਵੀਡਨ ਅਤੇ ਫਿਨਲੈਂਡ ਨੇ ਆਪਣੇ ਨਾਗਰਿਕਾਂ ਲਈ ਜੰਗ, ਕੁਦਰਤੀ ਆਫਤ ਅਤੇ ਅਜਿਹੀਆਂ ਹੋਰਨਾਂ ਗੰਭੀਰ ਔਕੜਾਂ ਵੇਲੇ ਅਪਣਾਈਆਂ ਜਾਣ ਵਾਲੀਆਂ ਬਚਾਅ ਜੁਗਤਾਂ (ਸਰਵਾਈਵਲ ਗਾਈਡੈਂਸ) ਦਾ ਇੱਕ ਦਸਤਾਵੇਜ ਜਾਰੀ ਕੀਤਾ ਹੈ। ਸਵੀਡਨ ਵੱਲੋਂ ਇਸ ਦਸਤਾਵੇਜ ਜਿਸ ਦਾ ਸਿਰਲੇਖ “ਜੇਕਰ ਆਫਤ ਆ ਜਾਵੇ ਜਾਂ ਜੰਗ ਲੱਗ ਜਾਵੇ ਤਾਂ” (ਇਫ ਕ੍ਰਾਈਸਿਸ ਔਰ ਵਾਰ ਕਮਜ਼) ਰੱਖਿਆ ਗਿਆ ਹੈ ਅਤੇ ਇਹ ਕਿਤਾਬਚਾ 50 ਲੱਖ ਤੋਂ ਵੱਧ ਗਿਣਤੀ ਵਿੱਚ ਵੰਡਿਆ ਜਾ ਰਿਹਾ ਹੈ। ਸਵੀਡਨ ਅਤੇ ਫਿਨਲੈਂਡ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਰੂਸ ਅਤੇ ਯੂਕਰੇਨ ਦੀ ਲਮਕ ਚੁੱਕੀ ਜੰਗ ਦੇ ਮੱਦੇ ਨਜ਼ਰ ਵਧ ਰਹੇ ਸੰਸਿਆਂ ਦੇ ਸੂਚਕ ਹਨ।
ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਬੀਤੇ 1000 ਦਿਨਾਂ ਤੋਂ ਜਾਰੀ ਹੈ। ਜੰਗ ਦੇ ਹਾਲਾਤ ਮੌਕੇ ਨਾਗਰਿਕਾਂ ਨੂੰ ਆਪਣਾ ਬਚਾਅ ਕਰਨ ਦੀ ਜਾਣਕਾਰੀ ਦੇਣ ਵਾਲਾ ਇਹ ਕਿਤਾਬਚਾ ਦੂਜੀ ਸੰਸਾਰ ਜੰਗ ਮੌਕੇ ਪਹਿਲੀ ਵਾਰ ਛਾਪਿਆ ਗਿਆ ਸੀ ਅਤੇ ਇਸ ਦਾ ਜੋ ਰੂਪ ਹੁਣ ਸਵੀਡਨ ਅਤੇ ਫਿਨਲੈਂਡ ਵੱਲੋਂ ਛਾਪ ਕੇ ਵੰਡਿਆ ਜਾ ਰਿਹਾ ਹੈ ਉਸ ਵਿੱਚ ਅੱਜ ਦੇ ਸਮੇਂ ਉਭਰੀਆਂ ਨਵੀਆਂ ਚੁਣੌਤੀਆਂ ਨੂੰ ਨਜਿਠਣ ਬਾਰੇ ਵੀ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ।
ਇਸ ਕਿਤਾਬਚੇ ਵਿੱਚ ਦੱਸਿਆ ਗਿਆ ਹੈ ਕਿ ਕੁਦਰਤੀ ਆਫਤ ਜਾਂ ਜੰਗ ਦੇ ਹਾਲਾਤ ਵਿੱਚ ਕਿਵੇਂ ਜਰੂਰੀ ਵਸਤਾਂ ਜਿਵੇਂ ਕਿ ਪਾਣੀ, ਭੋਜਨ, ਦਵਾਈਆਂ ਵਗੈਰਾ ਦਾ ਪ੍ਰਬੰਧ ਕਰਕੇ ਰੱਖਣਾ ਚਾਹੀਦਾ ਹੈ ਅਤੇ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਅਤੇ ਹੰਗਾਮੀ (ਐਮਰਜੈਂਸੀ) ਹਾਲਾਤ ਵਿੱਚ ਲੋੜੀਦੀਆਂ ਚੀਜ਼ਾਂ ਦਾ ਪ੍ਰਬੰਧ ਕਿਵੇਂ ਕਰਨਾ ਚਾਹੀਦਾ ਹੈ। ਕਿਤਾਬਚੇ ਵਿੱਚ ਸੰਚਾਰ ਸਾਧਨਾ ਦੇ ਕੰਮ ਨਾ ਕਰਨ ਉੱਤੇ ਸੰਪਰਕ ਕਰਨ ਦੇ ਢੰਗ ਤਰੀਕਿਆਂ ਦੀ ਜਾਣਕਾਰੀ ਸਮੇਤ ਮਾਨਸਿਕ ਸਿਹਤ ਨੂੰ ਕਾਇਮ ਰੱਖਣ ਲਈ ਲੋੜੀਦੀ ਜਾਣਕਾਰੀ ਵੀ ਸ਼ਾਮਿਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਸਵੀਡਨ ਅਤੇ ਫਿਨਲੈਂਡ ਨੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਨਿਰਪੱਖਤਾ ਵਾਲੀ ਨੀਤੀ ਨੂੰ ਤਿਆਗਦਿਆਂ ਨਾਟੋ ਸਮੂਹ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲੈ ਲਿਆ ਸੀ। ਮੌਜੂਦਾ ਸਮੇਂ ਇਹ ਦੋਵੇਂ ਮੁਲਕ ਨਾਟੋ ਸਮੂਹ ਦਾ ਹਿੱਸਾ ਹਨ।
ਰੂਸ ਅਤੇ ਯੂਕਰੇਨ ਦਰਮਿਆਨ ਬੀਤੇ 1000 ਦਿਨਾਂ ਤੋਂ ਚੱਲ ਰਹੀ ਜੰਗ ਨੇ ਯੂਰਪੀਅਨ ਮੁਲਕਾਂ ਲਈ ਆਪਣੀਆਂ ਰੱਖਿਆ ਰਣਨੀਤੀਆਂ ਦੀ ਮੁੜ ਪੜਚੋਲ ਜਰੂਰੀ ਬਣਾ ਦਿੱਤੀ ਹੈ।
ਸਵੀਡਨ ਨੇ ਜੰਗ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਕੀਤੇ ਇਸ ਪਰਚੇ ਵਿੱਚ ਜੰਗ ਦੇ ਗੰਭੀਰ ਹਾਲਾਤਾਂ ਜਿਵੇਂ ਕਿ ਪਰਮਾਣੂ ਹਮਲੇ, ਰਸਾਇਣਿਕ ਹਮਲੇ ਅਤੇ ਜੈਵਿਕ ਹਮਲੇ ਹੋਣ ਦੀ ਸੂਰਤ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ।