ਜਲੰਧਰ: ਬੀਤੇ ਦਿਨੀਂ ਕੇਂਦਰ ਕਮੇਟੀ ਵਲੋਂ ਦਸੰਬਰ 2018 ਨੂੰ ਖਤਮ ਹੋਣ ਜਾ ਰਿਹਾ ਸੁਰੇਸ਼ ਅਰੋੜਾ ਦਾ ਕਾਰਜਕਾਲ ਸਤੰਬਰ 2019 ਤੀਕ ਵਧਾ ਦਿੱਤਾ ਗਿਆ ਹੈ ਇਸਦੇ ਨਾਲ ਹੀ ਸੂਬਿਆਂ ਦੇ ਪੁਲਸ ਮੁਖੀ ਆਪ ਚੁਣੇ ਜਾਣ ਸੰਬੰਧੀ ਪੰਜ ਰਾਜਾਂ ਵਲੋਂ ਪਾਈ ਅਪੀਲ ਸੁਪਰੀਮ ਕੋਰਟ ਵਲੋਂ ਖਾਰਜ ਕਰ ਦਿੱਤੀ ਗਈ ਹੈ।
ਹੁਣ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ ਹੋਏ ਗੈਰ-ਨਿਯਮੀ ਵਾਧੇ ਨੂੰ ਲੈ ਕੇ ਵੱਖ ਵੱਖ ਰਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚ ਬੀਤੇ ਕਲ੍ਹ ਹਾਲ ਹੀ ਵਿਚ ਪੰਜਾਬੀ ਏਕਤਾ ਪਾਰਟੀ ਬਣਾ ਕੇ ਹਟੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ ਹੋਏ ਵਾਧੇ ਨੂੰ ਗਲਤ ਐਲਾਨਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ “ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਡੀਜੀਪੀ ਰਹੇ ਸੁਰੇਸ਼ ਅਰੋੜਾ ਨੂੰ ਲਗਾਤਾਰ ਉਸ ਦੇ ਅਹੁਦੇ ਉੱਤੇ ਬਣਾਈ ਰੱਖਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਹਨ।
ਸੁਖਪਾਲ ਖਹਿਰਾ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਸੁਰੇਸ਼ ਅਰੋੜਾ ਨੂੰ ਭਾਜਪਾ ਦੇ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਪੁਲਸ ਮੁਖੀ ਦੇ ਕਾਰਜਕਾਲ ਵਿਚ ਹੋਇਆ ਵਾਧਾ ਇਹ ਸਿੱਧ ਕਰਦਾ ਹੈ ਕਿ ਹੋਰ ਕੋਈ ਵੀ ਪੁਲਸ ਅਫਸਰ ਇਹ ਅਹੁਦੇ ਦੇ ਯੋਗ ਨਹੀਂ ਹੈ।