ਸ਼ਰਧਾਂਜਲੀ ਸਮਾਗਮ ਦੌਰਾਨ ਲੁਧਿਆਣਾ ਵਿੱਚ ਪਾਦਰੀ ਸੁਲਤਾਨ ਮਸੀਹ ਦੀ ਤਸਵੀਰ

ਸਿਆਸੀ ਖਬਰਾਂ

ਪਾਦਰੀ ਸੁਲਤਾਨ ਮਸੀਹ ਦੇ ਸ਼ਰਧਾਂਜਲੀ ਸਮਾਗਮ ‘ਚ ਪਹੁੰਚੇ ਸਿਆਸੀ ਆਗੂਆਂ ਨੇ ਲਾਏ ਇਕ-ਦੂਜੇ ‘ਤੇ ਦੋਸ਼

By ਸਿੱਖ ਸਿਆਸਤ ਬਿਊਰੋ

July 25, 2017

ਲੁਧਿਆਣਾ: ਲੁਧਿਆਣਾ ਸਥਿਤ ਗਿਰਜਾ ਘਰ ‘ਦਿ ਟੈਂਪਲ ਆਫ਼ ਗੌਡ’ ਦੇ ਸਾਹਮਣੇ ਬੀਤੇ ਦਿਨ ਕਤਲ ਕੀਤੇ ਪਾਦਰੀ ਸੁਲਤਾਨ ਮਸੀਹ ਨਮਿਤ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਸੈਂਕੜਿਆਂ ਦੀ ਗਿਣਤੀ ’ਚ ਮਸੀਹ ਭਾਈਚਾਰੇ ਦੇ ਲੋਕ ਸ਼ਾਮਲ ਹੋਏ ਪਰ ਇਸ ਮੌਕੇ ਵੀ ਸਿਆਸੀ ਆਗੂਆਂ ਨੇ ਇੱਕ ਦੂਜੇ ’ਤੇ ਦੋਸ਼ ਹੀ ਲਾਏ।

ਸ਼ਰਧਾਂਜਲੀ ਸਮਾਗਮ ਵਿੱਚ ਸਿੱਖਿਆ ਮੰਤਰੀ ਅਰੁਣਾ ਚੌਧਰੀ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ‘ਆਪ’ ਦੇ ਸੂਬਾਈ ਉਪ ਪ੍ਰਧਾਨ ਅਮਨ ਅਰੋੜਾ ਆਪਣੇ ਵਿਧਾਇਕ ਸਾਥੀਆਂ ਸਮੇਤ ਸ਼ਾਮਲ ਹੋਏ। ਮਸੀਹ ਭਾਈਚਾਰੇ ਦੇ ਧਾਰਮਿਕ ਆਗੂਆਂ ਨੇ ਪਾਦਰੀ ਸੁਲਤਾਨ ਮਸੀਹ ਨੂੰ ਸ਼ਰਧਾਂਜਲੀ ਦਿੱਤੀ। ਦਾਣਾ ਮੰਡੀ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਹ ਕਤਲ ਕਾਂਡ ਪੁਲਿਸ ਤੇ ਸਰਕਾਰ ਦੀ ਵੱਡੀ ਅਸਫ਼ਲਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਤਾਂ ਬਣਾ ਦਿੱਤਾ ਹੈ, ਪਰ ਹੁਣ ਲੋਕਾਂ ਨੂੰ ਉਨ੍ਹਾਂ ਦੇ ‘ਦਰਸ਼ਨ’ ਹੀ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਦੀ ਜ਼ਿੰਮੇਵਾਰੀ ਸੀ ਕਿ ਉਹ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਂਦੇ। ਉਨ੍ਹਾਂ ਕਿਹਾ ਕਿ ਬਾਦਲ-ਭਾਜਪਾ ਸਰਕਾਰ ਵੇਲੇ ਧਾਰਮਿਕ ਸ਼ਖ਼ਸੀਅਤਾਂ ’ਤੇ ਹਮਲਿਆਂ ਸਬੰਧੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੋਰ ਸਵਾਲ ਕਰਨ ’ਤੇ ਉਨ੍ਹਾਂ ਨੇ ਮੀਡੀਆ ਨੂੰ ‘ਚੰਗੇ’ ਸਵਾਲ ਪੁੱਛਣ ਦੀ ਸਲਾਹ ਦੇ ਦਿੱਤੀ। ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਉਨ੍ਹਾਂ ਨੂੰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਭੇਜਿਆ ਹੈ।

ਸਬੰਧਤ ਖ਼ਬਰ: ਆਰਐਸਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਾਰਾ ਹੈ ਲੁਧਿਆਣਾ ਵਿਖੇ ਪਾਦਰੀ ਦਾ ਕਤਲ: ਸੁਖਪਾਲ ਸਿੰਘ ਖਹਿਰਾ …

‘ਆਪ’ ਦੇ ਸੂਬਾਈ ਉਪ ਪ੍ਰਧਾਨ ਅਮਨ ਅਰੋੜਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਵਿਭਾਗ ਹੈ ਤੇ ਉਨ੍ਹਾਂ ਨੂੰ ਇਹ ਵਿਭਾਗ ਛੱਡ ਕੇ ਕਿਸੇ ਹੋਰ ਵਿਧਾਇਕ ਨੂੰ ਇਹ ਵਿਭਾਗ ਦੇ ਦੇਣਾ ਚਾਹੀਦਾ ਹੈ।

ਸਬੰਧਤ ਖ਼ਬਰ: ਪਾਦਰੀ ਕਤਲ: ਸੁਰਖੀਆਂ ‘ਚ ਬਣੇ ਰਹਿਣ ਲਈ ਸੁਖਪਾਲ ਖਹਿਰਾ ਨੇ ਆਰਐਸਐਸ ਦਾ ਨਾਂ ਲਿਆ: ਸੁਖਬੀਰ ਬਾਦਲ …

ਦੂਜੇ ਪਾਸੇ ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਨੇ ਦਾਅਵਾ ਕੀਤਾ ਕਿ ਕਤਲ ਕਾਂਡ ਸਬੰਧੀ ਪੁਲਿਸ ਨੂੰ 18 ਕਿਲੋਮੀਟਰ ਦੇ ਦਾਇਰੇ ਦੀ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿੱਚ ਹਮਲਾਵਰਾਂ ਬਾਰੇ ਕਾਫ਼ੀ ਜਾਣਕਾਰੀ ਮਿਲੀ ਹੈ। ਪੁਲਿਸ ਨੇ ਵੱਖ-ਵੱਖ ਪਿੰਡਾਂ ਤੇ ਹੋਰਨਾਂ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਤੋਂ ਬਾਅਦ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਮਿਸ਼ਨਰ ਨੇ ਦਾਅਵਾ ਕੀਤਾ ਕਿ ਪੁਲਿਸ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

ਸਬੰਧਤ ਖ਼ਬਰ: ਸੁਲਤਾਨ ਮਸੀਹ ਕਤਲ ਕੇਸ: ਲੁਧਿਆਣਾ ਪੁਲਿਸ ਵਲੋਂ 10 ਪਿੰਡਾਂ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: