ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਸਕੱਤਰ ਡਾ ਮਨਜਿੰਦਰ ਸਿੰਘ ਤੇ ਬੁਲਾਰੇ ਕੰਵਰਪਾਲ ਸਿੰਘ

ਪੰਜਾਬ ਦੀ ਰਾਜਨੀਤੀ

ਸੂਬੇ ਵਿੱਚ ਮਚੀ ਉਥਲ-ਪੁਥਲ ਦਾ ਮੁੱਖ ਕਾਰਨ ਸੁਖਬੀਰ ਸਿੰਘ ਬਾਦਲ-ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

November 20, 2015

ਹੁਸ਼ਿਆਰਪੁਰ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਜਥੇਬੰਦੀਆਂ ਉਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਉਹਨਾਂ ਨੂੰ ਕਾਂਗਰਸ ਨਾਲ ਰਲਗੱਡ ਕਰਨ ਦੇ ਇਲਜ਼ਾਮਾਂ ਨੂੰ ਨਕਾਰਦਿਆਂ, ਦਲ ਖਾਲਸਾ ਨੇ ਕਿਹਾ ਕਿ ਸੂਬੇ ਵਿੱਚ ਮਚੀ ਉਥਲ-ਪੁਥਲ ਦਾ ਮੁੱਖ ਕਰਨ ਸੁਖਬੀਰ ਸਿੰਘ ਬਾਦਲ ਦਾ ਸਿਰਸਾ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਜਥੇਦਾਰਾਂ ਰਾਂਹੀ ਮੁਆਫ ਕਰਵਾਉਣ ਦੀ ਬਜਰ ਗਲਤੀ ਹੈ।

ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਸਕੱਤਰ ਡਾ ਮਨਜਿੰਦਰ ਸਿੰਘ ਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਗਲਤੀ ਮੰਨਣ ਅਤੇ ਲੋਕਾਂ ਕੋਲੋਂ ਮੁਆਫੀ ਮੰਗਣ ਦੀ ਥਾਂ ਦੂਜਿਆ ਨੂੰ ਦੋਸ਼ੀ ਠਹਿਰਾਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਹਨ। ਉਹਨਾਂ ਕਿਹਾ ਕਿ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਹ ਅਤੇ ਗੁੱਸਾ ਹੈ ਕਿਉਕਿ ਹਾਕਮ ਧਿਰ ਗੁਰੂ ਸਾਹਿਬ ਦੀ ਬੇਅਦਬੀ ਦੇ ਪਿਛੇ ਲੁੱਕੇ ਹੱਥ ਅਤੇ ਤਾਕਤਾਂ ਨੂੰ ਨੰਗਿਆਂ ਕਰਨ ਵਿੱਚ ਅਸਫਲ ਹਨ ਅਤੇ ਬਹਿਬਲ ਕਲਾਂ ਕਾਂਡ ਵਿੱਚ ਮਾਰੇ ਗਏ 2 ਸਿੱਖਾਂ ਨੂੰ ਇਨਸਾਫ ਨਹੀ ਦੇ ਸਕੀ।

ਦਸੱਣਯੋਗ ਹੈ ਕਿ ਬੀਤੇ ਦਿਨ ਹੁਸ਼ਿਆਰਪੁਰ ਵਿਖੇ ਮੀਡੀਆ ਨਾਲ ਗਲਬਾਤ ਕਰਦਿਆਂ, ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ 2017 ਦੀਆਂ ਚੋਣਾਂ ਦੇ ਮੱਦੇਨਜਰ ਮਹਾ-ਗਠਜੋੜ ਬਨਾਉਣ ਦੇ ਪ੍ਰਸਤਾਵ ਵਿੱਚ ਮਾਨ ਦਲ, ਪੰਚ ਪ੍ਰਧਾਨੀ ਅਤੇ ਦਲ ਖਾਲਸਾ ਵਰਗੀਆਂ ਪਾਰਟੀਆਂ ਹਿੱਸਾ ਹੋਣਗੀਆਂ, ਜਿਨਾਂ ਨੇ 10 ਨਵੰਬਰ ਨੂੰ ਪੰਥਕ ਇੱਕਠ ਸੱਦਿਆ ਸੀ।

ਜਥੇਬੰਦੀ ਦੇ ਆਗੂਆਂ ਨੇ ਹਰ ਮੁੱਦੇ ਉਤੇ ਸੁਖਬੀਰ ਵਲੋਂ ਲਾਏ ਇਲਜ਼ਾਮਾਂ ਦਾ ਜੁਆਬ ਦਿੱਤਾ। ਉਹਨਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਉਹ ਅਤੇ ਪੰਚ ਪ੍ਰਧਾਨੀ ਦੋਨੇ ਜਥੇਬੰਦੀਆਂ ਸਰਬੱਤ ਖਾਲਸਾ ਦਾ ਹਿੱਸਾ ਨਹੀਂ ਸਨ ਅਤੇ ਨਾ ਹੀ ਉਹ ਇੱਕਠ ਵਿੱਚ ਪਾਸ ਕੀਤੇ ਮਤਿਆਂ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ੨੦੦੮ ਵਿੱਚ ਹੀ ਉਹਨਾਂ ਨੇ ਇਹ ਐਲਾਨ ਕਰ ਦਿਤਾ ਸੀ ਕਿ ਉਹ ਭਾਰਤੀ ਪ੍ਰਬੰਧ ਹੇਠ ਹੋਣ ਵਾਲੀਆਂ ਕਿਸੇ ਵੀ ਪਾਰਲੀਮਾਨੀ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ। ਉਹਨਾਂ ਅੱਗੇ ਕਿਹਾ ਕਿ 1998 ਵਿੱਚ ਦਲ ਖਾਲਸਾ ਦੀ ਰਾਨਜੀਤਿਕ ਪਿੜ ਵਿੱਚ ਵਾਪਸੀ ਤੋਂ ਬਾਅਦ ਉਹਨਾਂ ਦੀਆਂ ਸਰਗਰਮੀਆਂ ਤੇ ਪ੍ਰੋਗਰਾਮ ਪੁਰਅਮਨ ਅਤੇ ਜਮਹੂਰੀਅਤ ਦੇ ਦਾਇਰੇ ਵਿੱਚ ਹਨ।  ਉਹਨਾਂ ਸਪਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦਾ ਨਾ ਤਾਂ ਰਾਜਨੀਤਿਕ ਅਤੇ ਨਾ ਹੀ ਜਾਤੀ ਲੈਣ-ਦੇਣ ਹੈ ਅਤੇ ਨਾ ਹੀ ਉਹ ਉਸ ਦੀ ਰਾਜਨੀਤਿਕ ਪੈਂਤੜੇਬਾਜੀ ਨਾਲ ਸਹਿਮਤ ਹਨ।

ਉਹਨਾਂ ਕਿਹਾ ਕਿ ਸੁਖਬੀਰ ਦੂਜਿਆਂ ਉਤੇ ਚਿੱਕੜ ਸੁਟਣ ਦੀ ਬਜਾਏ ਆਪਣੇ ਹੈਂਕੜ ਰੂਪੀ ਰਵਈਏ ਨੂੰ ਬੱਦਲਣ ਕਿਉਕਿ ਉਸ ਨਾਲ ਕੇਵਲ ਉਹਨਾਂ ਦਾ ਨਿਜੀ ਹੀ ਨਹੀਂ ਸਗੋਂ ਅਕਾਲੀ ਦਲ ਦੇ ਅਕਸ ਨੂੰ ਵੀ ਢਾਹ ਲੱਗ ਰਹੀ ਹੈ। ਉਹਨਾਂ ਕਿਹਾ ਕਿ ਨਵੰਬਰ ੧੦ ਦੇ ਪੰਥਕ ਇਕੱਠ ਵਿੱਚ ਆਈਆਂ ਸੰਗਤਾਂ ਕਿਸੇ ਖਾਸ ਵਰਗ ਜਾਂ ਸਿਧਾਂਤ ਜਾਂ ਨਿਸ਼ਾਨੇ ਨਾਲ ਨਹੀਂ ਜੁੜੀਆਂ ਸਨ ਸਗੋਂ ਉਹਨਾਂ ਅੰਦਰ ਸਿੱਖੀ ਨਾਲ ਪਿਆਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਰੰਜ਼ ਸੀ।  ਉਹਨਾਂ ਟਿਪਣੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਸੁਖਾਂਵਾ ਮਾਹੌਲ ਬਨਾਉਣ ਲਈ ਸੁਖਬੀਰ ਨੂੰ ਦੋਵੇਂ ਅਹੁਦੇ (ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ) ਛੱਡ ਦੇਣੇ ਚਾਹੀਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: