– ਲਵਸ਼ਿੰਦਰ ਸਿੰਘ ਡੱਲੇਵਾਲ *
ਸਿੱਖ ਇਤਿਹਾਸ ਸਿੱਖਾਂ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਦਾ ਸੁਨਿਹਰੀ ਦਸਤਾਵੇਜ਼ ਹੈ। ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਦੀਆਂ ਲਾਸਾਨੀ ਸ਼ਹਾਦਤਾਂ ਤੋਂ ਬਾਅਦ ਖਾਲਸਾ ਪੰਥ ਦੇ ਸਿਰਜਣਹਾਰ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਆਪਣਾ ਸਰਬੰਸ ਧਰਮ ਦੀ ਖਾਤਰ ਵਾਰ ਦਿੱਤਾ ਗਿਆ। ਗੁਰੁ ਸਹਿਬਾਨ ਵਲੋਂ ਪਾਈ ਗਈ ਇਸ ਪਿਰਤ ਨੂੰ ਉਹਨਾਂ ਦੇ ਸਿੱਖਾਂ ਨੇ ਹਮੇਸ਼ਾਂ ਕਾਇਮ ਰੱਖਿਆ। ਸਮਾਂ ਭਾਵੇਂ ਮੁਗਲੀਆ ਹਕੂਮਤ, ਪਠਾਣਾਂ ਦਾ, ਅਫਗਾਨੀ ਧਾੜਵੀਆਂ ਦਾ ਸੀ ਸਿੱਖਾਂ ਨੇ ਜਬਰ ਜ਼ੁਲਮ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਜਰਵਾਣਿਆਂ ਦੇ ਨੱਕ ਵਿੱਚ ਨਕੇਲਾਂ ਪਾਈਆਂ। ਇਸ ਤੋਂ ਬਾਅਦ ਜ਼ਾਲਮ ਚਿੱਟੀ ਚਮੜੀ ਵਾਲਾ ਅੰਗਰੇਜ਼ ਆਇਆ ਤਾਂ ਉਸ ਦੀ ਗੁਲਾਮੀ ਤੋਂ ਨਿਜ਼ਾਤ ਪਾਉਣ ਲਈ ਹਿਦੋਤਸਾਨ ਦੀਆਂ ਤਿੰਨ ਕੌਮਾਂ ( ਸਿੱਖ, ਹਿੰਦੂ ਅਤੇ ਮੁਸਲਮਾਨਾਂ ) ਵਲੋਂ ਅਜਾਦੀ ਲਈ ਲੜਾਈ ਲੜੀ ਗਈ ਜਿਸ ਵਿੱਚ ਸਿੱਖਾਂ ਨੇ ਨੱਬੇ ਫੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ। ਪਰ ਚਲਾਕ ਹਿੰਦੂ ਲੀਡਰਾਂ ਨੇ ਨਲਾਇਕ ਅਤੇ ਖੁਦਗਰਜ਼ ਸਿੱਖ ਆਗੂਆਂ ਨੂੰ ਆਪਣੇ ਛਲਾਵੇ ਵਿੱਚ ਅਜਿਹਾ ਲਿਆ ਕਿ ਉਹਨਾਂ ਗੱਦਾਰ ਸਿੱਖ ਆਗੂਆਂ ਨੇ ਸਿੱਖਾਂ ਨੂੰ ਹਿੰਦੂਆਂ ਦੇ ਗੁਲਾਮ ਬਣਾ ਦਿੱਤਾ। ਚਿੱਟੀ ਚਮੜੀ ਦੀ ਗੁਲਾਮੀਂ ਤੋਂ ਬਾਅਦ ਸਿੱਖ ਚਿੱਟ ਕੱਪੜੀਏ ਹਿੰਦੂਆਂ ਅਤੇ ਫਿਰਕਾਪ੍ਰਸਤ ਹਿੰਦੂਤਵੀ ਸੋਚ ਦੇ ਗੁਲਾਮ ਬਣ ਗਏ।
ਜਿਸ ਨੇ 1947 ਤੋਂ ਲੈ ਕੇ ਅੱਜ ਦੀ ਘੜੀ ਤੱਕ ਸਿੱਖਾਂ ਤੇ ਬੇਪਨਾਹ ਜ਼ੁਲਮ ਕੀਤੇ। ਜੂਨ 1984 ਦਾ ਘੱਲੂਘਾਰਾ, ਨਵੰਬਰ 1984 ਵਿੱਚ ਹਿੰਦੂ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਵਿਉਂਤਬੱਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਅਤੇ ਅਜਾਦ ਸਿੱਖ ਰਾਜ ਲਈ ਸੰਘਰਸ਼ ਕਰਨ ਵਾਲੇ ਹਜ਼ਾਰਾਂ ਸਿੱਖਾਂ ਨੂੰ ਪੰਜਾਬ ਵਿੱਚ ਸ਼ਹੀਦ ਕਰਨਾ ਇਸ ਦੇ ਜੁ਼ਲਮਾਂ ਦੀ ਪ੍ਰਤੱਖ ਮਿਸਾਲ ਹੈ। ਸਿੱਖ ਤਵਾਰੀਖ ਦੀ ਗੱਲ ਕਰੀਏ ਤਾਂ ਇਤਿਹਾਸ ਨੇ ਹਮੇਸ਼ਾਂ ਆਪਣੇ ਆਪ ਨੂੰ ਦੁਹਰਾਇਆ ਹੈ ਅਗਰ ਸਮੇਂ ਦੀਆਂ ਹਕੂਮਤਾਂ ਦੇ ਤਸ਼ੱਦਦ ਕਰਨ ਦੇ ਢੰਗ ਤਰੀਕਿਆਂ ਵਿੱਚ ਕੋਈ ਬਦਲਾਅ ਨਹੀਂ ਆਇਆ ਤਾਂ ਗੁਰੁ ਸਾਹਿਬ ਦੇ ਸਿੱਖਾਂ ਵਿੱਚ ਕੁਰਬਾਨੀ ਕਰਨ ਦੇ ਜ਼ਜਬੇ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ ਬਲਕਿ ਇਹ ਜ਼ਜ਼ਬਾ ਹਰ ਵਕਤ ਹੋਰ ਬਲਵਾਨ ਹੋਇਆ ਹੈ।
ਮਿਸਾਲ ਵਜੋਂ ਆਪਾਂ ਇਤਿਹਾਸ ਵਿੱਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ , ਭਾਈ ਮਨੀ ਸਿੰਘ ਜੀ ਜਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆਂ ਸ਼ਹਾਦਤਾਂ ਬਾਰੇ ਲਿਖਿਆ ਪੜਦੇ ਹਾਂ ਜਾਂ ਇਹਨਾਂ ਕੁਰਬਾਨੀਆਂ ਅਤੇ ਸ਼ਹੀਦੀ ਸਾਕਿਆਂ ਬਾਰੇ ਸੀਨੇ ਬਸੀਨੇ ਆਪਣੇ ਬਜ਼ਰਗਾਂ ਤੋਂ ਸੁਣਦੇ ਆ ਰਹੇ ਹਾਂ। ਪਰ ਇਹਨਾਂ ਸ਼ਹਾਦਤਾਂ ਨੂੰ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਜੂਝਣ ਵਾਲੇ ਸਿੰਘਾਂ ਨੇ ਪਿਛਲੇ ਢਾਈ ਦਹਾਕਿਆਂ ਦੇ ਸਮੇਂ ਦੌਰਾਨ ਫੇਰ ਦੁਹਰਾਇਆ ਹੈ। ਜਿਵੇਂ ਕਿ ਭਾਈ ਅਵਤਾਰ ਸਿੰਘ ਬਿਸਰਾਮਪੁਰ ਜਿਲ੍ਹਾ ਜਲੰਧਰ ਨੂੰ ਸਵਰਨੇ ਘੋਟਣੇ ਨੇ ਕਪੂਰਥਲਾ ਦੇ ਸੀ.ਆਈ.ਏ ਸਟਾਫ ਵਿੱਚ ਇੱਕ ਲੱਤ ਦਰੱਖਤ ਨਾਲ ਅਤੇ ਦੂਜੀ ਲੱਤ ਜੀਪ ਨਾਲ ਬੰਨ ਕੇ ਦੋੜਾਫ ਕਰਦਿਆਂ ਸ਼ਹੀਦ ਕਰ ਦਿੱਤਾ। ਸ਼ਹੀਦ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਭਾਈ ਸਾਹਿਬ ਆਖਰੀ ਦਮ ਤੱਕ ਗੁਰਬਾਣੀ ਪੜ੍ਹਦੇ ਰਹੇ ਅਤੇ ਕਪੂਰਥਲਾ ਦਾ ਐੱਸ.ਐੱਸ.ਪੀ ਦੁਸ਼ਟ ਸਵਰਨਾ ਘੋਟਣਾ ਆਖਦਾ ਰਿਹਾ ਕਿ ਹੁਣ ਤਾਂ ਤੂੰ ਮਰ ਹੀ ਜਾਣਾ ਹੈ ਜਾਂਦਾ ਜਾਂਦਾ ਅਸਲੇ ਦਾ ਭੰਡਾਰ ਤਾਂ ਦੱਸ ਜਾਹ। ਇਸ ਤੋਂ ਪਹਿਲਾਂ ਇਸੇ ਤਰਾਂ ਹੀ ਇਸ ਸਵਰਨੇ ਘੋਟਣੇ ਨੇ ਭਾਈ ਗੁਰਦੇਵ ਸਿੰਘ ਜੀ ਦੇਬੂ ਪਿੰਡ ਧੀਰਪੁਰ ਜਿਲ੍ਹਾ ਜਲੰਧਰ ਨੂੰ ਪਾਣੀ ਦੇ ਉਬਲਦੇ ਹੋਏ ਕੜਾਹੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ ਜਦੋਂ ਇਹ ਜਲੰਧਰ ਵਿਖੇ ਐੱਸ.ਪੀ .ਡੀ ਵਜੋਂ ਤਾਇਨਾਤ ਸੀ। ਭਾਈ ਗੁਰਦੇਵ ਸਿੰਘ ਜੀ ਦੀ ਸ਼ਹਾਦਤ ਭਾਈ ਦਿਆਲਾ ਜੀ ਦੀ ਸ਼ਹਾਦਤ ਦਾ ਹੀ ਰੂਪ ਹੈ।
ਇਸੇ ਤਰਾਂ ਮੇਰਾ ਅ਼ਜੀਜ਼ ਦੋਸਤ ਭਾਈ ਗੁਰਜੀਤ ਸਿੰਘ ਜੀ ਕਾਕਾ ਪਿੰਡ ਪੋਹਲੀ ਜਿਲ੍ਹਾ ਬਠਿੰਡਾ ਜੋ ਕਿ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਦੀ ਅਗਵਾਈ ਵਾਲੀ ਸਿੱਖ ਸਟੂਡੈਂਟਸ ਫੈਡਰਸ਼ਨ ਦੀ ਐੱਡਹਾਕ ਕਮੇਟੀ ਦਾ ਮੈਂਬਰ ਸੀ। ਪੁਲੀਸ ਨੇ ਉਸ ਨੂੰ ਢਾਬੇ ਤੋਂ ਚਾਹ ਪੀਂਦੇ ਵਕਤ ਗ੍ਰਿਫਤਾਰ ਕਰ ਲਿਆ ਪਟਿਆਲਾ ਦੇ ਸੀ.ਆਈ.ਏ ਸਟਾਫ ਵਿੱਚ ਅਣਮਨੁੱਖੀ ਤਸ਼ੱਦਦ ਕਰਦਿਆਂ ਪੁਲੀਸ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਜਦੋਂ ਭਾਈ ਕਾਕਾ ਦੀਆਂ ਦੋਹਾਂ ਲੱਤਾਂ ਨਾਲ ਰੂੰਅ ਲਪੇਟ ਕੇ ਅੱਗ ਲਗਾ ਦਿੱਤੀ ਅਤੇ ਭਾਈ ਕਾਕਾ ਭਾਈ ਸਤੀ ਦਾਸ ਜੀ ਦੀ ਮਹਾਨ ਕੁਰਬਾਨੀ ਦੀ ਯਾਦ ਦਿਵਾਉਂਦਾ ਹੋਇਆ ਆਪਣੇ ਖੁਨ ਦਾ ਅਖਰੀ ਕਤਰਾ ਅਜਾਦ ਸਿੱਖ ਰਾਜ ਖਾਤਰ ਵਹਾ ਗਿਆ। ਇਸੇ ਤਰਾਂ ਭਾਈ ਅਨੋਖ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਜੀ ਦੀਆਂ ਜਿਉਂਦੇ ਜੀਅ ਅੱਖਾਂ ਕੱਢ ਦਿੱਤੀਆਂ ਗਈਆਂ।
ਪੰਜਾਬ ਪੁਲੀਸ ਦੇ ਬੁੱਚੜ ਮੁਖੀ ਕੇ.ਪੀ.ਗਿੱਲ ਨੇ ਭਿੰਡਰਾਂਵਾਲਾ ਟਾਈਗਰਜ਼ ਫੋਰਸ ਦੇ ਜਨਰਲ ਭਾਈ ਰਛਪਾਲ ਸਿੰਘ ਛੰਦੜਾ ਦੀਆਂ ਦੋਵੇਂ ਲੱਤਾਂ ਵੱਢ ਦਿੱਤੀਆਂ ਅਤੇ ਸ਼ਹੀਦ ਕਰ ਦਿੱਤਾ ਗਿਆ। ਅੰਮ੍ਰਿਤਸਰ ਦੇ ਤਸੀਹਾ ਕੇਂਦਰ ਵਿੱਚ ਭਾਈ ਮਨਜੀਤ ਸਿੰਘ ਖੁਜਾਲਾ ਦੇ ਦੋਵੇਂ ਹੱਥ ਜਿਉਂਦੇ ਜੀਅ ਵੱਢ ਦਿੱਤੇ ਗਏ। ਅਜਿਹੀਆਂ ਅਨੇਕਾਂ ਸ਼ਹਾਦਤਾਂ ਹਨ ਜੋ ਕਿ ਪੁਰਾਤਨ ਇਤਿਹਾਸ ਦੇ ਗੌਰਵਮਈ ਪੰਨਿਆਂ ਨੂੰ ਪ੍ਰਤੱਖ ਰੂਪ ਵਿੱਚ ਦੁਹਰਾਉਂਦੀਆਂ ਹਨ। ਹਜ਼ਾਰਾਂ ਹੀ ਬਜੁ਼ਰਗਾਂ ਨੇ ਪੁਰਾਤਨ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਖਾਲਿਸਤਾਨ ਲਈ ਅਰੰਭ ਹੋਏ ਅਤੇ ਚੱਲ ਰਹੇ ਸੰਘਰਸ਼ ਦੌਰਾਨ ਆਪਣੇ ਇਕਲੌਤੇ ਪੁੱਤਰ, ਇਕਲੌਤੇ ਵੀਰ ਅਤੇ ਹਜ਼ਾਰਾਂ ਹੀ ਸਿੱਖ ਬੀਬੀਆਂ ਨੇ ਆਪਣੇ ਸੁਹਾਗ ਕੁਰਬਾਨ ਕਰ ਦਿੱਤੇ। ਕਈ ਸਤਿਕਾਰਯੋਗ ਬਜ਼ੁਰਗਾਂ ਦੇ ਇੱਕ ਤੋਂ ਵੱਧ ਪੁੱਤਰ ਸ਼ਹੀਦ ਹੋ ਗਏ।
ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਛੱਜਲਵੱਡੀ ਦੇ ਵਸਨੀਕ ਭਾਈ ਸਵਰਨ ਸਿੰਘ ਅਜਿਹੇ ਸਤਿਕਾਰਯੋਗ ਬਜ਼ੁਰਗ ਹਨ ਜਿਹਨਾਂ ਦੇ ਤਿੰਨ ਪੁੱਤਰ ਭਾਈ ਸੁਰਜੀਤ ਸਿੰਘ ਪੈਂਟਾ, ਭਾਈ ਪਰਮਜੀਤ ਸਿੰਘ ਕਾਲਾ, ਭਾਈ ਰਾਜਵਿੰਦਰ ਸਿੰਘ ਰਾਜਾ ਅਤੇ ਜਵਾਈ ਭਾਈ ਚੈਂਚਲ ਸਿੰਘ ਉਦੋਕੇ ਸਿੱਖ ਸੰਘਰਸ਼ ਦੌਰਾਨ ਜੂਝਦੇ ਹੋਏ ਸ਼ਹੀਦ ਹੋਏ ਹਨ। ਸ੍ਰ. ਸਵਰਨ ਸਿੰਘ ਕਾਫੀ ਸਮੇਂ ਤੋਂ ਦਿੱਲੀ ਵਿਖੇ ਰਹਿੰਦੇ ਸਨ ਜਿੱਥੇ ਉਹਨਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਸੀ। ਚਾਰ ਪੁੱਤਰ ਅਤੇ ਇੱਕ ਧੀ ਬੀਬੀ ਸਰਬਜੀਤ ਕੌਰ ਵਾਲਾ ਉਹਨਾਂ ਦਾ ਪਰਿਵਾਰ ਅਕਾਲ ਪੁਰਖ ਦੀ ਕ੍ਰਿਪਾ ਸਦਕਾ ਵਧੀਆ ਤਰੀਕੇ ਨਾਲ ਜੀਵਨ ਬਸਰ ਕਰ ਰਿਹਾ ਸੀ। ਪਰ ਜੂਨ ਉੱਨੀ ਸੌ ਚੌਰਾਸੀ ਦੇ ਖੂਨੀ ਘੱਲੂਘਾਰੇ ਅਤੇ ਨਵੰਬਰ ਚੌਰਾਸੀ ਦੇ ਸਿੱਖ ਕਤਲੇਆਮ ਤੋਂ ਬਾਅਦ ਸਮੂਹ ਸਿੱਖਾਂ ਵਾਂਗ ਉਹ ਵੀ ਆਪਣੇ ਆਪ ਨੂੰ ਭਾਰਤ ਵਿੱਚ ਪਰਾਇਆ ਮਹਿਸੂਸ ਕਰਨ ਲੱਗ ਪਏ। ਇਹਨਾਂ ਹੀ ਦਿਨਾਂ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਮਥਰਾ ਸਿੰਘ , ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਕਰਮ ਸਿੰਘ ਕਰਮਾ ਅਤੇ ਇਹਨਾਂ ਦੇ ਸਾਥੀ ਸਿੱਖ ਯੋਧਿਆਂ ਦਾ ਦਿੱਲੀ ਵਿਖੇ ਇਹਨਾਂ ਦੇ ਘਰੇ ਆਉਣਾ ਜਾਣਾ ਸ਼ੁਰੂ ਹੋ ਗਿਆ। ਭਾਈ ਜਿੰਦਾ ਦੀ ਆਪਜੀ ਨਾਲ ਰਿਸ਼ਤੇਦਾਰੀ ਵੀ ਸੀ।
ਦਸ ਸਤੰਬਰ 1986 ਵਾਲੇ ਦਿਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ ਵੈਦਿਆ ਨੂੰ ਪੂਨੇ ਵਿੱਚ ਸੋਧ ਦਿੱਤਾ ਗਿਆ। ਸਿੱਖ ਨਸਲਕੁਸ਼ੀ ਦੇ ਮਨਸੂਬੇ ਤਹਿਤ ਹਿੰਦੂ ਬਹੁ ਗਿਣਤੀ ਵਾਲੇ ਇਲਾਕਿਆਂ ਨਵੰਬਰ 1984 ਵਿੱਚ ਸਿੱਖਾਂ ਦਾ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ ਸੀ। ਇਸ ਵਿਉਂਤਬੱਧ ਤਰੀਕੇ ਨਾਲ ਕੀਤੇ ਗਏ ਇਸ ਕਤਲੇਆਮ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਸੀ। ਲਲਿਤ ਮਾਕਨ, ਅਰਦਨ ਦਾਸ , ਜਗਦੀਸ਼ ਟਾਈਟਲਰ, ਐੱਚ.ਕੇ .ਐੱਲ ਭਗਤ, ਸੱਜਣ ਕੁਮਾਰ ਅਤੇ ਕਮਲ ਨਾਥ ਵਰਗੇ ਕਾਂਗਰਸੀ ਵਜ਼ੀਰਾਂ ਵਲੋਂ ਹਿੰਦੂ ਗੁੰਡਿਆਂ ਦੀ ਬਕਾਇਦਾ ਅਗਵਾਈ ਕੀਤੀ ਗਈ। ਹਿੰਦੂ ਗੁੰਡਿਆਂ ਨੂੰ ਇਹਨਾਂ ਵਲੋਂ ਮਾਰੂ ਹਥਿਆਰ ਮੁਹੱਈਆ ਕਰਵਾਏ ਗਏ। ਜਿਹਨਾਂ ਨਾਲ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਅਤੇ ਅਰਬਾਂ ਖਰਬਾਂ ਦੀ ਸਿੱਖ ਸੰਪਤੀ ਨੂੰ ਇਹਨਾਂ ਹਿੰਦੂਤਵੀਆਂ ਨੇ ਤਬਾਹ ਕਰ ਦਿੱਤਾ। ਸਮਾਂ ਆਉਣ ਤੇ ਭਾਈ ਜਿੰਦੇ ਅਤੇ ਉਹਨਾਂ ਦੇ ਸਾਥੀਆਂ ਵਲੋਂ ਇਸ ਕਤਲੇਆਮ ਦੇ ਦੋਸ਼ੀ ਲਲਿਤ ਮਾਕਨ ਅਤੇ ਅਰਜਨ ਦਾਸ ਨੂੰ ਸੋਧ ਦਿੱਤਾ ਗਿਆ।
ਜਦੋਂ ਪੁਲੀਸ ਨੂੰ ਖਬਰ ਮਿਲੀ ਕਿ ਭਾਈ ਜਿੰਦਾ ਦੇ ਗਰੁੱਪ ਦਾ ਮੁੱਖ ਟਿਕਾਣਾ ਸ੍ਰ. ਸਵਰਨ ਸਿੰਘ ਦੇ ਘਰੇ ਰਿਹਾ ਹੈ ਅਤੇ ਉਸਦਾ ਪੁੱਤਰ ਭਾਈ ਸੁਰਜੀਤ ਸਿੰਘ ਪੈਂਟਾ ਖਾੜਕੂਆਂ ਨੂੰ ਸਿੱਖਾਂ ਦੇ ਕਾਤਲਾਂ ਨੂੰ ਪੂਰੀ ਜਾਣਕਾਰੀ ਦੇ ਰਿਹਾ ਹੈ ਤਾਂ ਸ੍ਰ. ਸਵਰਨ ਸਿੰਘ ਦੇ ਪਰਿਵਾਰ ਤੇ ਦੁੱਖਾਂ, ਤਕਲੀਫਾਂ ਅਤੇ ਪ੍ਰੇਸ਼ਾਨੀਆਂ ਦਾ ਕਹਿਰ ਟੁੱਟ ਪਿਆ। ਸ੍ਰ. ਸਵਰਨ ਸਿੰਘ ਜੀ, ਮਾਤਾ ਮਹਿੰਦਰ ਕੌਰ ਜੀ, ਭਾਈ ਸੁਰਜੀਤ ਸਿੰਘ ਪੈਂਟਾ ਦੇ ਨਾਨਾ ਸ੍ਰ. ਦਰਸਨ ਸਿੰਘ ਅਤੇ ਮਾਮਾ ਸ੍ਰ. ਰਣਜੀਤ ਸਿੰਘ ਨੂੰ ਦਿੱਲੀ ਪੁਲੀਸ ਫੜ ਕੇ ਲੈ ਗਈ। ਮਾਤਾ ਮਹਿੰਦਰ ਕੌਰ ਦੇ ਦਿੱਲੀ ਦੇ ਹਿੰਦੂਤਵੀ ਪੁਲਸੀਆਾਂ ਨੇ ਮਰਦਾਂ ਵਾਂਗ ਘੋਟਣਾ ਲਗਾਇਆ ਅਤੇ ਸ੍ਰ. ਸਵਰਨ ਸਿੰਘ ਨੂੰ ਘੋਰ ਤਸੀਹੇ ਦਿੱਤੇ ਗਏ, ਕਈ ਕਈ ਦਿਨ ਲਗਾਤਾਰ ਉਨੀਂਦਰੇ ਅਤੇ ਖੜੇ ਰੱਖਿਆ ਗਿਆ, ਛੱਤ ਨਾਲ ਪੁੱਠੇ ਲਟਕਾ ਕੇ ਸਿੰਘਾਂ ਦੇ ਹੋਰ ਟਿਕਾਣਿਆਂ ਅਤੇ ਹਥਿਆਰਾਂ ਦੀ ਜਾਣਕਾਰੀ ਹਾਸਲ ਕਰਨ ਦੀ ਕੋਸਿ਼ਸ਼ ਕੀਤੀ ਗਈ। ਅਖੀਰ ਸ੍ਰ. ਸਵਰਨ ਸਿੰਘ, ਮਾਤਾ ਮਹਿੰਦਰ ਕੌਰ ਅਤੇ ਸ੍ਰ. ਦਰਸ਼ਨ ਸਿੰਘ ਤੇ ਪਨਾਹ ਦਾ ਕੇਸ ਪਾ ਕੇ ਜੇਹਲ ਭੇਜ ਦਿੱਤਾ ਅਤੇ ਤਕਰੀਬਨ ਚਾਰ ਬਾਅਦ ਆਪ ਰਿਹਾਅ ਹੋਏ। ਜਦਕਿ ਸ੍ਰ. ਮਾਤਾ ਮਹਿੰਦਰ ਕੌਰ ਦੇ ਭਰਾ ਅਤੇ ਭਾਈ ਸੁਰਜੀਤ ਸਿੰਘ ਪੈਂਟਾ ਦੇ ਮਾਮੇ ਸ੍ਰ. ਰਣਜੀਤ ਸਿੰਘ ਦੀ ਅੱਜ ਤੱਕ ਕੋਈ ਉੱਘ ਸੁੱਘ ਨਹੀਂ ਨਿਕਲੀ। ਸਮਝਿਆ ਜਾ ਰਿਹਾ ਹੈ ਕਿ ਪੁਲੀਸ ਦੇ ਅੰਨ੍ਹੇ ਤਸ਼ੱਦਦ ਕਾਰਨ ਉਹ ਪੁਲੀਸ ਹਿਰਾਸਤ ਵਿੱਚ ਸ਼ਹੀਦ ਹੋ ਗਏ। ਸੰਘਰਸ਼ ਦੌਰਾਨ ਬਹੁਤ ਹੀ ਚੜਦੀ ਕਲਾ ਵਾਲੇ ਸਿੰਘਾਂ ਨੂੰ ਮਾਤਾ ਮਹਿੰਦਰ ਕੌਰ ਨੇ ਪ੍ਰਸ਼ਾਦਾ ਛਕਾਇਆ। ਜਿਹਨਾਂ ਨੂੰ ਮਾਤਾ ਵਲੋਂ ਪੁੱਤਰਾਂ ਵਾਂਗ ਪਿਆਰ ਦਿੱਤਾ ਜਾਂਦਾ ਸੀ।
ਮਾਤਾ ਪਿਤਾ ਦੀ ਗ੍ਰਿਫਤਾਰੀ ਤੋਂ ਬਾਅਦ ਪਿੰਡ ਭਾਈ ਹਰਚਰਨ ਸਿੰਘ ਉਰਫ ਗਿਆਨੀ, ਭਾਈ ਰਾਜਵਿੰਦਰ ਸਿੰਘ ਰਾਜਾ ਅਤੇ ਬੀਬੀ ਸਰਬਜੀਤ ਕੌਰ ਉਰਫ ਗੁੱਡੀ ਆਪਣੇ ਜੱਦੀ ਪਿੰਡ ਛੱਜਲਵੱਡੀ ਆ ਗਏ। ਭਾਈ ਸੁਰਜੀਤ ਸਿੰਘ ਪੈਂਟਾ ਰੂਪੋਸ਼ ਹੋ ਚੁੱਕਾ ਸੀ ਅਤੇ ਇਹਨਾਂ ਦਾ ਚੌਥਾ ਭਰਾ ਸ੍ਰ. ਪਰਮਜੀਤ ਸਿੰਘ ਕਾਲਾ 24 ਨਵੰਬਰ 1987 ਵਾਲੇ ਦਿਨ ਮਹਾਂਰਸ਼ਟਰ ਵਿੱਚ ਪੁਲੀਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ। ਛੇ ਕੁ ਮਹੀਨੇ ਬੀਬੀ ਸਰਬਜੀਤ ਕੌਰ, ਸ੍ਰ. ਹਰਚਰਨ ਸਿੰਘ ਗਿਆਨੀ ਅਤੇ ਸ੍ਰ. ਰਾਜਵਿੰਦਰ ਸਿੰਘ ਰਾਜਾ ਆਪਣੇ ਪਿੰਡ ਛੱਜਲਵੱਡੀ ਰਹੇ, ਪਰ ਜਦੋਂ ਪੁਲੀਸ ਭਾਈ ਸੁਰਜੀਤ ਸਿੰਘ ਪੈਂਟੇ ਕਾਰਨ ਜਿਆਦਾ ਤੰਗ ਕਰਨ ਲੱਗ ਪਈ ਤਾਂ ਤਿੰਨੇ ਜਣੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆ ਗਏ। ਇੱਥੇ ਰਹਿੰਦਿਆਂ ਭਾਈ ਸੁਰਜੀਤ ਸਿੰਘ ਪੈਂੇਟੇ ਦਾ ਅਨੰਦ ਕਾਰਜ ਬੀਬੀ ਪਰਮਜੀਤ ਕੌਰ ਨਾਲ ਹੋ ਗਿਆ ਅਤੇ ਭਾਈ ਸੁਰਜੀਤ ਸਿੰਘ ਪੈਂਟੇ ਦੇ ਕਹਿਣ ਤੇ 25 ਐੱਪਰੈਲ 1988 ਵਾਲੇ ਦਿਨ ਬੀਬੀ ਸਰਬਜੀਤ ਕੌਰ ਦਾ ਅਨੰਦ ਕਾਰਜ ਭਾਈ ਚੈਂਚਲ ਸਿੰਘ ਉਦੋਕੇ ਨਾਲ ਗੁਰਮਆਿਦਾ ਅਨੁਸਾਰ ਹੋ ਗਿਆ।
ਪੰਜਾਬ ਵਿੱਚ ਇਸ ਸਮੇਂ ਰਾਸ਼ਟਰਪਤੀ ਰਾਜ ਸੀ। ਸਿੱਖ ਨੌਜਵਾਨਾਂ ਨੂੰ ਹਰ ਰੋਜ਼ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਜਾ ਰਿਹਾ ਸੀ। ਭਾਈ ਸੁਰਜੀਤ ਸਿੰਘ ਪੈਂਟਾ ਨੇ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਅਨੇਕਾਂ ਪੰਥ ਦੋਖੀਆਂ ਨੂੰ ਸੋਧਾ ਲਾਇਆ। ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਨਾਲ ਸਿੱਖ ਸੰਘਰਸ਼ ਵਿੱਚ ਉਸ ਵਲੋਂ ਪਾਇਆ ਗਿਆ ਯੋਗਦਾਨ ਅਹਿਮ ਸਥਾਨ ਰੱਖਦਾ ਹੈ। ਰਾਸ਼ਟਰਪਤੀ ਰਾਜ ਦੌਰਾਨ ਹਿੰਦੋਸਤਾਨ ਦੀ ਹਿੰਦੂਤਵੀ ਸਰਕਾਰ ਨੇ ਇੱਕ ਹੋਰ ਕਾਲੀ ਕਰਤੂਤ ਕਰਦਿਆਂ 9 ਮਈ 1988 ਵਾਲੇ ਦਿਨ ਬਲੈਕ ਥੰਡਰ ਐੱਪਰੇਸ਼ਨ ਸ਼ੁਰੂ ਕਰ ਦਿੱਤਾ। ਹਿੰਦੂ ਤਵੀ ਸੋਚ ਦੇ ਫਿਰਕਾਪ੍ਰਸਤਾਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਜੋ ਜੁਲ਼ਮ ਕੀਤੇ ਉਹਨਾਂ ਨੂੰ ਐੱਪਰੇਸ਼ਨ ਵੁੱਡ ਰੋਜ਼ ( ਗੁਲਾਬ ਦੀ ਟਾਹਣੀ ) ਐਪਰੇਸ਼ਨ ਬਲਿਊ ਸਟਾਰ ਅਤੇ ਐਪਰੇਸ਼ਨ ਬਲੈਕ ਥੰਡਰ ( ਕਾਲੀ ਗਰਜ ) ਅਾਿਦ ਦੇ ਨਾਮ ਦਿੱਤੇ ਗਏ ਤਾਂ ਕਿ ਸਿੱਖਾਂ ਨੂੰ ਹੋਰ ਵੀ ਜ਼ਲੀਲ ਕੀਤਾ ਜਾ ਸਕੇ। ਕਿਉਂ ਕਿ ਕਿਸੇ ਕੌਮ ਤੇ ਸਰਕਾਰੀ ਤੌਰ ਤੇ ਕੀਤੇ ਜਾਣ ਵਾਲੇ ਸਮੂਹਿਕ ਅੱਤਿਆਚਾਰ ਨੂੰ ਕੇਵਲ ਘੱਲੂਘਾਰਾ ਕਿਹਾ ਜਾ ਸਕਦਾ ਹੈ। ਪੁਲੀਸ ਅਤੇ ਅਰਧ ਸੈਨਿਕ ਦਲਾਂ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰਾ ਪਾ ਲਿਆ ਗਿਆ। ਦਿੱਲੀ ਤਖਤ ਦੇ ਇਸ਼ਾਰੇ ਵਿੱਚ ਆਈ ਪੁਲੀਸ ਅਤੇ ਸੀ.ਆਰ.ਪੀ.ਐੱਫ ਨੇ ਸਿੱਖ ਸ਼ਰਧਾਲੂਆਂ ਅਤੇ ਨਿਰਦੋਸ਼ ਸਿੱਖਾਂ ਨੂੰ ਭਾਰੀ ਪ੍ਰੇਸ਼ਾਨ ਕਰਦਿਆਂ ਕੰਪਲੈਕਸ ਦੀ ਬਿਜਲੀ ਅਤੇ ਪਾਣੀ ਕੱਟ ਦਿੱਤਾ ਗਿਆ। ਦਰਬਾਰ ਸਾਹਿਬ ਵਿੱਚ ਘਿਰੇ ਸਿੱਖਾਂ ਨੂੰ ਬਾਹਰ ਆਉਣ ਲਈ ਆਖਿਆ ਗਿਆ। ਭਾਈ ਸੁਰਜੀਤ ਸਿੰਘ ਪੈਂਟਾ ਵੀ ਦਰਬਾਰ ਸਾਹਿਬ ਸੀ ਜਦੋਂ ਉਹ ਸ਼ਰਧਾਲੂਆਂ ਨਾਲ ਬਾਹਰ ਨਿੱਕਲਿਆ ਤਾਂ ਪੁਲੀਸ ਨੇ ਪਛਾਣ ਲਿਆ ਅਤੇ ਗਿਰਫਤਾਰ ਕਰ ਲਿਆ ਪਰ ਅਗਲੇ ਹੀ ਪਲ ਉਸ ਨੇ ਸਾਈਨਾਈਡ ਦਾ ਕੈਪਸੂਲ ਖਾ ਕੇ ਖੁਦਕਸ਼ੀ ਕਰ ਲਈ ਅਤੇ ਸਿੱਖ ਸੰਘਰਸ਼ ਪ੍ਰਤੀ ਆਪਣੇ ਆਖਰੀ ਸਵਾਸ ਭੇਂਟ ਦਿੱਤੇ। ਸਿੱਖ ਨੂੰ ਅਜਾਦੀ ਦਾ ਨਿੱਘ ਦਿਵਾਉਣ ਖਾਤਰ ਆਪਾ ਕੁਰਬਾਨ ਕਰ ਦਿੱਤਾ, ਜਦੋਂ ਭਾਈ ਪੈਂਟੇ ਨੂੰ ਸ਼ਹੀਦ ਹੁੰਦਿਆਂ ਉਸਦੀ ਸਿੰਘਣੀ ਨੇ ਦੇਖਿਆ ਤਾਂ ਉਹ ਉਸ ਵਲ ਭੱਜ ਪਈ ਅਤੇ ਪਛਾਣੀ ਗਈ ਅਤੇ ਜੇਹਲ ਵਿੱਚ ਬੰਦ ਕਰ ਦਿੱਤੀ ਗਈ। ਭਾਈ ਰਾਜਵਿੰਦਰ ਸਿੰਘ ਰਾਜਾ, ਭਾਈ ਹਰਚਰਨ ਸਿੰਘ ਗਿਆਨੀ ਬੀਬੀ ਸਰਬਜੀਤ ਕੌਰ ਅਤੇ ਭਾਈ ਚੈਂਚਲ ਸਿੰਘ ਨੂੰ ਵੀ ਬਾਹਰ ਨਿੱਕਲਣ ਸਮੇਂ ਗ੍ਰਿਫਤਾਰ ਕਰ ਲਿਆ ਗਿਆ। ਭਾਈ ਚੈਂਚਲ ਸਿੰਘ ਉਦੋਕੇ ਅਤੇ ਭਾਈ ਹਰਚਰਨ ਸਿੰਘ ਗਿਆਨੀ ਨੂੰ ਅੰਮ੍ਰਿਤਸਰ ਦੇ ਤਸੀਹਾ ਕੇਂਦਰ ( ਸੀ.ਆਈ.ਏ .ਸਟਾਫ ) ਵਿੱਚ ਭਾਰੀ ਤਸੀਹੇ ਦਿੱਤੇ ਗਏ ਅਤੇ ਅਨੇਕਾਂ ਕੇਸ ਪਾ ਕੇ ਅੰਮ੍ਰਿਤਸਰ ਦੀ ਕੇਂਦਰੀ ਜੇਹਲ ਵਿੱਚ ਬੰਦ ਕਰ ਦਿੱਤਾ ਗਿਆ। ਭਾਈ ਰਾਜਵਿੰਦਰ ਸਿੰਘ ਰਾਜਾ ਜਿਸਦੀ ਉਮਰ ਉਦੋਂ ਕੇਵਲ ਚੌਦਾਂ ਕੁ ਸਾਲ ਸੀ। ਨਬਾਲਗ ਹੋਣ ਕਰਕੇ ਉਸ ਨੂੰ ਤਿੰਨ ਹਫਤੇ ਮਗਰੋਂ ਛੱਡ ਦਿੱਤਾ ਗਿਆ। ਬੀਬੀ ਸਰਬਜੀਤ ਕੌਰ ਅਤੇ ਬੀਬੀ ਪਰਮਜੀਤ ਕੌਰ ਪਤਨੀ ਭਾਈ ਸੁਰਜੀਤ ਸਿੰਘ ਪੈਂਟਾ ਨੂੰ ਸੰਗਰੂਰ ਜੇਹਲ ਵਿੱਚ ਭੇਜ ਦਿੱਤਾ ਗਿਆ।
ਜੇਹਲ ਵਿੱਚ ਬੈਠੇ ਸ੍ਰ. ਸਵਰਨ ਸਿੰਘ ਅਤੇ ਮਾਤਾ ਮਹਿੰਦਰ ਕੌਰ ਆਪਣੇ ਪਰਿਵਾਰ ਤੇ ਜ਼ੁਲਮ ਦੇ ਝੁੱਲ ਰਹੇ ਝੱਖੜਾਂ ਬਾਰੇ ਸੁਣਦੇ ਰਹੇ। ਜਿਹਨਾਂ ਦੇ ਘਰ ਦੇ ਦੋ ਚਿਰਾਗ ਭਾਈ ਪਰਮਜੀਤ ਸਿੰਘ ਕਾਲਾ ਅਤੇ ਭਾਈ ਸੁਜੀਤ ਸਿੰਘ ਪੈਂਟਾ ਸਿੱਖ ਸੰਘਰਸ਼ ਦੀ ਸ਼ਮਾਂ ਨੂੰ ਰੌਸ਼ਨ ਕਰਨ ਲਈ ਬੁਝ ਚੁੱਕੇ ਸਨ।
ਸੱਤ ਜਨਵਰੀ 1989 ਵਾਲੇ ਦਿਨ ਬੀਬੀ ਸਰਬਜੀਤ ਕੌਰ ਅਤੇ ਬੀਬੀ ਪਰਮਜੀਤ ਕੌਰ ਨੂੰ ਰਿਹਾਅ ਕਰ ਦਿੱਤਾ ਗਿਆ। ਇੱਥੇ ਹਿੰਦੂਤਵੀਆਂ ਦੇ ਸਿੱਖਾਂ ਪ੍ਰਤੀ ਫਿਰਕਾਪ੍ਰਤਸੀ ਜ਼ਾਹਰ ਹੁੰਦੀ ਹੈ ਕਿ ਰਿਹਾਅ ਹੋਣ ਵਕਤ ਬੀਬੀ ਸਰਬਜੀਤ ਕੌਰ ਗਰਭਵਤੀ ਸੀ ਅਤੇ ਅੱਠ ਫਰਬਰੀ ਨੂੰ ਉਸ ਨੇ ਪੁੱਤਰ ਨੂੰ ਜਨਮ ਦਿੱਤਾ। ਵਰਨਾ ਅਜਿਹੀ ਹਾਲਤ ਵਿੱਚ ਕਿਸੇ ਔਰਤ ਨੂੰ ਮਨੁੱਖੀ ਅਧਿਅਕਾਰਾਂ ਦੇ ਅਧਾਰ ਤੇ ਕੁੱਝ ਸਮੇਂ ਲਈ ਛੱਡਣ ਗੈਰਵਾਜਿਬ ਨਹੀਂ ਹੈ। ਪਰ ਜੇਹਲ ਤੋਂ ਬਾਹਰ ਆਉਣ ਤੇ ਵੀ ਪੁਲੀਸ ਨੇ ਪਿੱਛਾ ਨਹੀਂ ਛੱਡਿਆ।
ਭਾਈ ਰਾਜਵਿੰਦਰ ਸਿੰਘ ਰਾਜਾ ਜਿਸ ਦੀ ਉਮਰ ਅਜੇ ਉਨੀ ਕੁ ਸਾਲ ਦੀ ਹੀ ਸੀ। ਇੰਨੀ ਛੋਟੀ ਉਮਰ ਵਿੱਚ ਉਸ ਨੇ ਵੱਡੇ ਵੱਡੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ। ਸਾਂਸੀ ਨਾਮ ਦੇ ਇੱਕ ਐੱਸ. ਐੱਚ .ਉ ਨੂੰ ਉਸਨੇ ਚੌਵੀ ਘੰਟਿਆਂ ਅੰਦਰ ਅੰਦਰ ਪੁਲੀਸ ਦੀ ਚੌਂਕੀ ਵਿੱਚ ਵੜ ਕੇ ਸੋਧ ਦਿੱਤਾ ਸੀ। ਇਸੇ ਸਾਂਸੀ ਨੇ ਉਦੋਕੇ ਪਿੰਡ ਵਿੱਚ ਭਾਈ ਚੈਂਚਲ ਸਿੰਘ ਦੇ ਘਰ ਧਾਵਾ ਬੋਲ ਕੇ ਅੰਨੇਵਾਹ ਫਾਇਰਿੰਗ ਕਰਦਿਆਂ ਉਸ ਦੇ ਭਰਾਤਾ ਭਾਈ ਚਰਨਜੀਤ ਸਿੰਘ ਚੰਨਾ ਨੂੰ ਸ਼ਹੀਦ ਕੀਤਾ ਸੀ। ਪਰ ਭਾਈ ਰਾਜਵਿੰਦਰ ਸਿੰਘ ਰਾਜਾ ਨੇ ਉਸ ਦੀ ਦੀ ਮੌਤ ਦਾ ਬਦਲਾ ਚੌਵੀ ਘੰਟਿਆਂ ਦੇ ਅੰਦਰ ਹੀ ਲੈ ਲਿਆ ਸੀ। ਛੇ ਐੱਪਰੈਲ 1992 ਵਾਲੇ ਦਿਨ ਭਾਈ ਰਾਜਵਿੰਦਰ ਸਿੰਘ ਰਾਜਾ ਦਿੱਲੀ ਪੁਲੀਸ ਨਾਲ ਗ੍ਰੇਟਰ ਕੈਲਾਸ਼ ਵਿਖੇ ਪੁਲੀਸ ਦੌਰਾਨ ਸ਼ਹੀਦ ਹੋ ਗਿਆ। ਅੱਜ ਸ੍ਰ. ਸਵਰਨ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਦਾ ਤੀਜਾ ਚਿਰਾਗ ਵੀ ਦੁਨਿਆਵੀ ਤੌਰ ਤੇ ਬੁੱਝ ਭਾਵੇਂ ਗਿਆ ਸੀ ਪਰ ਇਤਿਹਾਸਕ ਅਤੇ ਸੰਘਸ਼ਮਈ ਖੇਤਰ ਵਿੱਚ ਉਹਨਾਂ ਦਾ ਰੁਤਬਾ ਹੋਰ ਮਹਾਨ ਹੋ ਗਿਆ।
ਇੱਥੇ ਹੀ ਬੱਸ ਨਹੀਂ ਹੋਈ ਸ੍ਰ. ਸਵਰਨ ਸਿੰਘ ਦੇ ਜਵਾਈ ਭਾਈ ਚੈਂਚਲ ਸਿੰਘ ਜਲੰਧਰ ਵਿਖੇ ਪੁਲੀਸ ਨੇ ਘੇਰਾ ਪਾ ਲਿਆ ਤਾਂ ਉਸ ਨੇ ਸਾਇਅਨਾਈਡ ਦਾ ਕੈਪਸੂਲ ਖਾ ਕੇ ਖੁਦਕਸ਼ੀ ਕਰ ਲਈ। 26 ਦਸੰਬਰ 1992 ਨੂੰ ਪੁਲੀਸ ਕਾਲੀ ਬਾਹਮਣੀ ਪਿੰਡ ਲਾਗੇ ਉਸਦਾ ਮਕਾਬਲਾ ਦਿਖਾ ਕੇ ਤਰੱਕੀਆਂ ਅਤੇ ਇਨਾਮ ਹਾਸਲ ਕਰ ਲਏ। ਇਸ ਮੌਕੇ ਸ੍ਰ. ਸਵਰਨ ਸਿੰਘ ਦਾ ਚੌਥਾ ਪੁੱਤਰ ਭਾਈ ਹਰਚਰਨ ਸਿੰਘ ਉਰਫ ਗਿਆਨੀ ਭਗੌੜਾ ਸੀ। ਮਾਰਚ 1993 ਵਿੱਚ ਸ੍ਰ. ਸਵਰਨ ਸਿੰਘ, ਮਾਤਾ ਮਹਿੰਦਰ ਕੌਰ, ਬੀਬੀ ਸਰਬਜੀਤ ਕੌਰ ਅਤੇ ਉਸਦੇ ਪੁੱਤਰ ਕਾਕਾ ਦਲੇਰ ਸਿੰਘ ਉਮਰ ਤਿੰਨ ਸਾਲ ਅਤੇ ਕਾਕਾ ਸਮਸ਼ੇਰ ਸਿੰਘ ਉਮਰ ਦਸ ਮਹੀਨੇ ਨੂੰ ਪੁਲੀਸ ਫਿਰ ਫੜ ਲੈ ਗਈ ਵੱਖ ਵੱਖ ਥਾਣਿਆਂ ਵਿੱਚ ਨਜ਼ਾਇਜ਼ ਹਿਰਾਸਤ ਵਿੱਚ ਰੱਖਿਆ ਸੀ। ਪੁ਼ਲੀਸ ਦੇ ਖਾਣੇ ਅਤੇ ਸਫਾਈ ਦੇ ਮਾੜੇ ਪ੍ਰਬੰਧਾਂ ਕਾਰਨ ਕਾਕਾ ਸਮਸ਼ੇਰ ਸਿੰਘ ਪੁੱਤਰ ਬੀਬੀ ਸਰਬਜੀਤ ਕੌਰ ਅਤੇ ਸ੍ਰ. ਸਵਰਨ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਦੋਹਤੇ ਨੂੰ ਨਮੂਨੀਆ ਹੋ ਗਿਆ। ਜਿਸ ਕਾਰਨ ਕਾਰਨ ਕੁੱਝ ਮਹੀਨੇ ਬਾਅਦ ਹੀ ਉਸਦੀ ਮੌਤ ਗਈ। ਅੱਜ ਸ੍ਰ. ਸਵਰਨ ਸਿੰਘ ਦਾ ਦੋਹਤਾ ਵੀ ਪੁਲੀਸ ਦੇ ਮਾੜੇ ਪ੍ਰਬੰਧਾਂ ਕਾਰਨ ਅਕਾਲ ਚਲਾਣਾ ਕਰ ਗਿਆ। ਉਸ ਦੀ ਵਿਧਵਾ ਹੋ ਚੁੱਕੀ ਧੀ ਬੀਬੀ ਸਰਬਜੀਤ ਕੌਰ ਕੋਲ ਇੱਕ ਪੁੱਤਰ ਦਲੇਰ ਸਿੰਘ ਹੀ ਬਚਿਆ ਹੈ।
ਗੁਰੁ ਸਾਹਿਬ ਨੇ ਹਰ ਸਿੱਖ ਨੂੰ ਹੁਕਮ ਕੀਤਾ ਹੈ ਕਿ “ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ” ਅਗਰ ਇਸ ਸਿਧਾਤ ਨੂੰ ਤੱਕੀਏ ਤਾਂ ਗੁਰੁ ਸਾਹਿਬ ਨੇ ਕਿਰਤ ਨੂੰ ਪਹਿਲ ਦਿੱਤੀ ਹੈ। ਵਿਹਲੜ ਜਾਂ ਦੂਜਿਆਂ ਤੇ ਬੋਝ ਬਣਨ ਵਾਲੇ ਲੋਕਾਂ ਨੂੰ ਗੁਰਮਤਿ ਦੇ ਫਲਸਫੇ ਨੇ ਪ੍ਰਵਾਨ ਨਹੀਂ ਕੀਤਾ ਗਿਆ। ਇਸੇ ਸਿਧਾਂਤ ਨੂੰ ਸ੍ਰ. ਸਵਰਨ ਸਿੰਘ, ਮਾਤਾ ਮਹਿੰਦਰ ਕੌਰ ਅਤੇ ਬੀਬੀ ਸਰਬਜੀਤ ਕੌਰ ਨੇ ਮੱਦੇ ਨਜ਼ਰ ਰੱਖਿਆ ਹੈ। ਉਹਨਾਂ ਦਾ ਆਖਣਾ ਹੈ ਕਿ ਉਹਨਾਂ ਆਪਣੇ ਪਰਿਵਾਰ ਦੀ ਕੁਰਬਾਨੀ ਦਾ ਕਿਸੇ ਕੋਲ ਜਿ਼ਕਰ ਕਰਕੇ ਕਦੇ ਸਹਾਇਤਾ ਦੀ ਮੰਗ ਨਹੀਂ ਕੀਤੀ। ਬਲਕਿ 72 ਸਾਲ ਦੀ ਉਮਰ ਵਿੱਚ ਅੱਜ ਵੀ ਸ੍ਰ. ਸਵਰਨ ਸਿੰਘ ਦਿੱਲੀ ਵਿੱਚ ਡਰਾਵਰੀ ਕਰਕੇ ਆਪਣਾ ਜੀਵਨ ਨਿਰਬਾਹ ਕਰ ਰਹੇ, ਮਾਤਾ ਮਹਿੰਦਰ ਕੌਰ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਸੱਭ ਕਾਸੇ ਨੂੰ ਅਕਾਲ ਪੁਰਖ ਦੀ ਰਜ਼ਾ ਮੰਨ ਰਹੇ ਹਨ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅਗਰ ਸਾਡੇ ਗੁਰੁ ਸਾਹਿਬ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਜੂਝਦੇ ਹੋਏ ਆਪਣਾ ਸਰਬੰਸ ਕੁਰਬਾਨ ਕਰ ਸਕਦੇ ਹਨ ਤਾਂ ਉਸ ਗੁਰੁ ਦੇ ਸਿੱਖ ਹੋਣ ਤੇ ਸਾਡਾ ਵੀ ਕੋਈ ਫਰਜ਼ ਹੈ।
ਇਹਨਾਂ ਦੀ ਧੀ ਬੀਬੀ ਸਰਬਜੀਤ ਕੌਰ ਨੇ ਵੀ ਇਹਨਾਂ ਪ੍ਰੰਪਰਾਵਾਂ ਨੂੰ ਸੁਰਜੀਤ ਰੱਖਦਿਆਂ ਕਦੇ ਕਿਸੇ ਪਾਸੋਂ ਸਹਾਇਤਾ ਦੀ ਮੰਗ ਨਹੀਂ ਕੀਤੀ। ਬਲਕਿ ਆਪਣੇ ਪਤੀ ਭਾਈ ਚੈਂਚਲ ਸਿੰਘ ਉਦੋਕੇ ਦੀ ਸ਼ਹੀਦੀ ਤੋਂ ਕੁੱਝ ਸਮਾਂ ਬਾਅਦ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਅਧਿਆਪਕ ਨੌਕਰੀ ਸ਼ੁਰੂ ਕਰ ਲਈ। ਪਿਛਲੇ ਸਤਾਰਾਂ ਸਾਲਾਂ ਤੋਂ ਉਹ ਸਕੂਲ ਟੀਚਰ ਦੀ ਨੌਕਰੀ ਹੈ ਆਪਣਾ ਜੀਵਨ ਨਿਰਬਾਹ ਕਰਦੇ ਹੋਏ ਆਪਣੇ ਪੁੱਤਰ ਦਲੇਰ ਸਿੰਘ ਦੀ ਪਰਵਰਿੱਸ਼ ਕਰ ਰਹੇ ਹਨ। ਇਹੋ ਜਿਹੇ ਪਰਿਵਾਰ ਸਿੱਖ ਕੌਮ ਦਾ ਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਸਤੇ ਰੋਲ ਮਾਡਲ ਹਨ। ਇਹੋ ਜਿਹੀਆਂ ਸ਼ਹਾਦਤਾਂ ਰੰਗ ਲਿਆਉਣਗੀਆਂ ਅਤੇ ਸਿੱਖ ਕੌਮ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਵਸਨੀਕ ਬਣੇਗੀ। ਅੱਜ ਸੰਘਰਸ਼ ਵਿਰੋਧੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਗਰ ਸੰਘਰਸ਼ ਦੀ ਜੋਬਨ ਰੁੱਤ ਨਹੀਂ ਰਹੀ ਤਾਂ ਖੜੋਤ ਵੀ ਨਹੀਂ ਰਹਿਣੀ ਕਿਉਂ ਕਿ ਇਹ ਕੁਦਰਤ ਦਾ ਅਟੱਲ ਨਿਯਮ ਹੈ, ਕਿ ਸਮਾਂ ਕਦੇ ਸਥਿਰ ਨਹੀਂ ਰਹਿੰਦਾ।
* ਜਨਰਲ ਸਕੱਤਰ, ਯੂਨਾਈਟਿਡ ਖਾਲਸਾ ਦਲ (ਯੂ.ਕੇ.)