ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੇ।
ਸੋਮਵਾਰ (ਜਨਵਰੀ 14) ਨੂੰ ਚੰਡੀਗੜ੍ਹ ਸਥਿਤ ਦਫਤਰ ਤੋਂ ਜਾਰੀ ਬਿਆਨ ਵਿਚ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਮੇਂ ਸੂਬੇ ਦੇ ਸਾਰੇ ਵਰਗ ਸੜਕਾਂ ‘ਤੇ ਆ ਕੇ ਸਰਕਾਰ ਦੇ ਖ਼ਿਲਾਫ਼ ਧਰਨੇ ਅਤੇ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨ ਵਿਚ ਦੇਰੀ ਕਰਕੇ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ, ਜਦਕਿ ਇਹ ਸਿਫ਼ਾਰਿਸ਼ਾਂ 1-1-2016 ਤੋਂ ਲਾਗੂ ਹੋਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਤਨਖ਼ਾਹ ਕਮਿਸ਼ਨ ਕੋਲ ਆਪਣਾ ਕੋਈ ਅਮਲਾ ਨਹੀਂ ਹੈ ਜਿਸ ਕਾਰਨ ਬਕਾਇਆ ਅਤੇ ਕਿਸਤਾਂ ਮਿਲਣ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ 2014 ਤੋਂ ਹੁਣ ਤੱਕ ਦੀਆਂ ਮਹਿੰਗਾਈ ਭੱਤੇ ਦੀਆਂ 5 ਕਿਸ਼ਤਾਂ ਮੁਲਾਜ਼ਮਾਂ ਨੂੰ ਜਲਦ ਦਿੱਤੀਆਂ ਜਾਣ।
ਆਪ ਆਗੂ ਨੇ ਮੰਗ ਕੀਤੀ ਕਿ ਮੁਲਾਜ਼ਮ ਯੂਨੀਅਨਾਂ ਦੀਆਂ ਮੰਗਾਂ ਦੇ ਅਨੁਸਾਰ ਕੱਚੇ, ਠੇਕੇ ‘ਤੇ ਰੱਖੇ ਤੇ ਭਾੜੇ (ਆਊਟਸੋਰਸਿੰਗ) ਵਾਲੇ ਮੁਲਾਜ਼ਮ ਤੁਰੰਤ ਪੱਕੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਰਾਬਰ ਕੰਮ, ਬਰਾਬਰ ਤਨਖਾਹ ਦਾ ਵਾਅਦਾ ਪੂਰਾ ਕਰੇ।
ਵਿਰੋਧੀ ਧਿਰ ਦੇ ਆਗੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਮੰਗ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ ਅਤੇ 2014 ਤੋਂ ਪਹਿਲਾਂ ਵਾਂਗ ਪੈਨਸ਼ਨ ਦੇਵੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੁਰਾਣੀ ਪੈਨਸ਼ਨ ਦੇ ਪ੍ਰਬੰਧ ਦੀ ਹਿਮਾਇਤ ਕਰਦੀ ਹੈ ਅਤੇ ਸੂਬੇ ਵਿਚ ‘ਆਪ’ ਦੀ ਸਰਕਾਰ ਆਉਣ ‘ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਹਿਲਾਂ ਹੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਚੁੱਕੀ ਹੈ।
ਆਪ ਆਗੂ ਨੇ ਸਰਕਾਰੀ ਮੁਲਾਜ਼ਮਾਂ ਉੱਤੇ 200 ਰੁਪਏ ਵਿਕਾਸ ਟੈਕਸ ਲਗਾਉਣ ਦੀ ਵੀ ਨਿਖੇਧੀ ਕੀਤੀ।