ਸ੍ਰੀ ਆਨੰਦਪੁਰ ਸਾਹਿਬ (27 ਫਰਵਰੀ, 2016): ਕੁੜੀਆਂ ਨੂੰ ਕੁੱਖ ਵਿੱਚ ਮਾਰਨ, ਪੰਜਾਬ ਵਿੱਚ ਫੇਲੇ ਨਸ਼ਿਆਂ ਖਿਲਾਫ ਅਤੇ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਸੰਗਰਸ਼ ਕਰਨ ਵਾਲੀ ਉਘੀ ਲੇਖਿਕਾ ਅਤੇ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਪੰਜਾਬ ਨੂੰ ਬਚਾਉਣ ਲਈ ਹੰਭਲਾ ਨਾ ਮਾਰਿਆ ਗਿਆ ਤਾਂ ਆੳੁਣ ਵਾਲੇ ਡੇਢ ਦੋ ਦਹਾਕਿਆਂ ਤੱਕ ਨਾ ਪੰਜਾਬ ਅਸਲ ਪੰਜਾਬ ਰਹੇਗਾ, ਨਾ ਪੰਜਾਬੀ ਰਹੇਗੀ ਅਤੇ ਨਾ ਹੀ ਪੰਜਾਬੀਅਤ।
ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦੀ ਰਚਨਾ ਕਰਨ ਵਾਲਿਆਂ ਦੀ ਗਿਣਤੀ ਮਹਿਜ਼ 2 ਫ਼ੀਸਦੀ ਹੀ ਰਹਿ ਗਈ ਹੈ ਅਤੇ ਨਸ਼ਿਆਂ ਕਾਰਨ ਸਭ ਤੋਂ ਵੱਧ ਨਪੁੰਸਕ ਪੰਜਾਬ ਵਿੱਚ ਹਨ।
ਉਹ ਇੱਥੇ ਮਾਇਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ 70 ਫ਼ੀਸਦੀ ਤੋਂ ਵੱਧ ਲਡ਼ਕੇ ਅਤੇ 32 ਫ਼ੀਸਦੀ ਲੜਕੀਆਂ ਨਸ਼ਿਆਂ ਦੀ ਮਾਰ ਹੇਠ ਹਨ।
ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਅੱਜ ਸਿਰਫ਼ 12 ਫ਼ੀਸਦੀ ਨੌਜਵਾਨਾਂ ਨੂੰ ਗੁਰਮੁਖੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਅਧਿਆਪਕ ਦੇ ਮੁਕਾਬਲੇ ਅੰਗਰੇਜ਼ੀ ਦੇ ਅਧਿਆਪਕ ਨੂੰ ਜਿੱਥੇ ਸਤਿਕਾਰ ਵੱਧ ਮਿਲਦਾ ਹੈ ਉੱਥੇ ਤਨਖ਼ਾਹ ਵੀ ਵੱਧ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਰਸਰੀ ਤੋਂ ਚੌਥੀ ਜਮਾਤ ਤੱਕ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਡਾ. ਹਰਸ਼ਿੰਦਰ ਕੌਰ ਨੇ ਸਮੂਹ ਸਿਆਸੀ ਧਿਰਾਂ ਨੂੰ ਸਵਾਲ ਕੀਤਾ ਕਿ ਜੇ ਪੰਜਾਬ ਅਤੇ ਪੰਜਾਬੀ ਹੀ ਨਾ ਰਹੇ ਤਾਂ ਸਿਆਸਤਦਾਨ ਰਾਜ ਕਿਹਡ਼ੇ ਲੋਕਾਂ ’ਤੇ ਕਰਨਗੇ।
ਉਨ੍ਹਾਂ ਅਪੀਲ ਕੀਤੀ ਸਮੂਹ ਪੰਜਾਬੀ ਸਿਰਫ਼ ਉਸ ਪਾਰਟੀ ਨੂੰ ਵੋਟ ਪਾਉਣ ਜਿਹੜੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਦਾ ਵਾਅਦਾ ਕਰੇ।