ਅੰਮ੍ਰਿਤਸਰ- 29 ਅਪ੍ਰੈਲ – ਖਾਲਿਸਤਾਨ ਐਲਾਨਨਾਮੇ ਦੀ 37ਵੀਂ ਵਰ੍ਹੇਗੰਢ ਮਨਾਉਂਦਿਆਂ ਦਲ ਖ਼ਾਲਸਾ ਨੇ ਜਮਹੂਰੀ ਅਤੇ ਸ਼ਾਂਤਮਈ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹਨ।
ਜਥੇਬੰਦੀ ਨੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਖਾਲਿਸਤਾਨ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਕਰਾਰ ਦਿੱਤਾ। ਜਿਕਰਯੋਗ ਹੈ ਕਿ ਦਮਦਮੀ ਟਕਸਾਲ ਵੱਲੋਂ ਗਠਿਤ ਪੰਜ ਮੈਂਬਰੀ ਪੰਥਕ ਕਮੇਟੀ ਵੱਲੋਂ 37 ਸਾਲ ਪਹਿਲਾਂ 29 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਇਹ ਐਲਾਨਨਾਮਾ ਜਾਰੀ ਕੀਤਾ ਗਿਆ ਸੀ ਅਤੇ ਯੂ.ਐਨ.ਓ ਅਤੇ ਭਾਰਤ ਸਮੇਤ ਸਾਰੇ ਮੈਂਬਰ ਦੇਸ਼ਾਂ ਕੋਲੋਂ ਰਾਜਸੀ ਮਾਨਤਾ ਦੀ ਮੰਗ ਕੀਤੀ ਗਈ ਸੀ।
ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਸਪੱਸ਼ਟ ਕੀਤਾ ਕਿ ਖਾਲਿਸਤਾਨ ਇੱਕ ਧਰਮ ਆਧਾਰਿਤ ਰਾਜ ਨਹੀਂ ਹੋਵੇਗਾ। ਇਹ ਸਾਰੇ ਪੰਜਾਬੀਆਂ ਦਾ ਹੋਵੇਗਾ – ਮੁਸਲਮਾਨਾਂ, ਹਿੰਦੂਆਂ, ਇਸਾਈਆਂ, ਦਲਿਤਾਂ, ਸਿੱਖਾਂ ਸਭ ਦਾ ਸਾਂਝਾ, ਸਾਰੇ ਪੰਜਾਬੀਆਂ ਦਾ ਅਤੇ ਪੰਜਾਬੀਆਂ ਲਈ ਹੋਵੇਗਾ। ਉਹਨਾਂ ਗ਼ੈਰ-ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਰਕਾਰੀ ਪ੍ਰਾਪੇਗੰਡੇ ਦਾ ਸ਼ਿਕਾਰ ਨਾ ਹੋਣ।
ਖਾਲਿਸਤਾਨ ਐਲਾਨਨਾਮੇ ਵਿੱਚ ਦਰਜ ਸਤਰਾਂ ਦਾ ਹਵਾਲਾ ਦੇਂਦਿਆਂ ਆਗੂਆਂ ਨੇ ਕਿਹਾ ਕਿ ਸਿੱਖ ਕੌਮ, ਉੱਥਲ-ਪੁੱਥਲ ਅਤੇ ਅਜਾਈਂ ਲਹੂ ਡੋਲ੍ਹਣ ਦੇ ਹੱਕ ਵਿੱਚ ਨਹੀਂ ਹੈ। ਆਗੂਆਂ ਨੇ ਪੰਜਾਬ ਅਤੇ ਦਿੱਲੀ ਦਰਮਿਆਨ ਟਕਰਾਅ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਹਕੂਮਤ ਨੂੰ ਦਮਨਕਾਰੀ ਸਾਧਨਾਂ ਦਾ ਸਹਾਰਾ ਲੈਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਪੰਥਕ ਸੰਗਠਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨਾ ਹੋਣ ਦੇ ਦਾਅਵੇ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਨੂੰ ਸਿੱਖ ਅਵਾਮ ਅੰਦਰ ਆਜ਼ਾਦੀ ਦੀ ਭਾਵਨਾਵਾਂ ਦਾ ਸਹੀ ਪਤਾ ਲਗਾਉਣ ਲਈ ਜੂਨ ਮਹੀਨੇ ਵਿੱਚ ਪੰਜਾਬ ਆਉਣਾ ਚਾਹੀਦਾ ਹੈ।
ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ “ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੁੱਛਿਆ ਕਿ ਕੀ ਉਹ ਦੱਸਣਗੇ ਕਿ ‘ਉਹ ਲਹਿਰ’ ਨੂੰ ਕਿਵੇਂ ਪ੍ਰਭਾਸ਼ਿਤ ਕਰਦੇ ਹਨ। ਜੇਕਰ ਉਹ ਲਹਿਰ ਦੀ ਅਣਹੋਂਦ ਦਾ ਅੰਦਾਜ਼ਾ ਇਸ ਕਰਕੇ ਲਾ ਰਹੇ ਹਨ ਕਿ ਪੰਜਾਬ ਅੰਦਰ ਖੂਨ-ਖ਼ਰਾਬਾ ਨਹੀ ਹੋ ਰਿਹਾ, ਬੰਬ ਧਮਾਕੇ ਨਹੀਂ ਹੋ ਰਹੇ, ਅਤੇ ਨਾ ਹੀ ਕੋਈ ਹਫੜਾ-ਦਫੜੀ ਦਾ ਮਾਹੌਲ ਹੈ ਤਾਂ ਉਹ ਵੱਡੇ ਭੁਲੇਖੇ ਵਿੱਚ ਹਨ। ਕੰਵਰਪਾਲ ਸਿੰਘ ਨੇ ਅੱਗੇ ਕਿਹਾ ਕਿ ਕਿਸੇ ਵੀ ਮਿਸ਼ਨ ਦੀ ਪ੍ਰਾਪਤੀ ਲਈ ਇੱਛਾਵਾਂ ਅਤੇ ਭਾਵਨਾਵਾਂ ਨੂੰ ਆਪਣੇ ਜਿਉਂਦੇ ਤੇ ਜਾਗਦੇ ਹੋਣ ਦਾ ਸਬੂਤ ਦੇਣ ਲਈ ਹਮੇਸ਼ਾ ਹਿੰਸਕ ਤਰੀਕਿਆਂ ਰਾਹੀਂ ਦਿਖਾਵਾ ਕਰਨ ਦੀ ਲੋੜ ਨਹੀਂ ਹੁੰਦੀ।
ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਸੰਘਰਸ਼ ਦੇ ਮੌਜੂਦਾ ਦੌਰ ਦੌਰਾਨ ਸਿੱਖ ਆਪਣੇ ਤੀਹ ਹਜ਼ਾਰ ਭਰਾਵਾਂ ਨੂੰ ਗੁਆ ਚੁੱਕੇ ਹਨ ਅਤੇ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦੇਣਗੇ। ਇਸ ਤੋਂ ਇਲਾਵਾ ਪ੍ਰਭੂਸੱਤਾ ਦਾ ਸੰਕਲਪ ਸਿੱਖ ਫਲਸਫੇ ਅਤੇ ਸਿਧਾਂਤਾਂ ਨਾਲ ਡੂੰਘਾ ਜੁੜਿਆ ਹੋਇਆ ਹੈ।
ਦਲ ਖਾਲਸਾ ਦੇ ਕਾਰਜਕਰਤਾਵਾਂ ਨੇ ਉਹਨਾਂ ਸਾਰਿਆਂ ਸਿੱਖ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਖਾਲਿਸਤਾਨ ਲਈ ਸ਼ਹਾਦਤ ਦਿੱਤੀ। ਪ੍ਰਬੰਧਕਾਂ ਨੇ ਉਨ੍ਹਾਂ ਸਾਰਿਆਂ ਨੂੰ ਵੀ ਯਾਦ ਕੀਤਾ ਜੋ ਖ਼ਾਲਿਸਤਾਨ ਦੇ ਸੰਘਰਸ਼ ਲਈ ਜੇਲ੍ਹਾਂ ਵਿੱਚ ਨਜ਼ਬੰਦ ਹਨ।
ਅਰਦਾਸ ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕੀਤੀ ਉਪਰੰਤ ਪੰਥ ਸੇਵਕ ਆਗੂ ਭਾਈ ਦਲਜੀਤ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਰਜਿੰਦਰ ਸਿੰਘ ਮੁਗਲਵਾਲਾ ਅਤੇ ਹੋਰਨਾਂ ਨੇ ਸ਼ਹੀਦ ਗੁਰਦੇਵ ਸਿੰਘ ਉਸਮਾਨਵਾਲਾ ਦੇ ਬੇਟੇ ਸ਼ਰਨਜੀਤ ਸਿੰਘ, ਸ਼ਹੀਦ ਮਨਬੀਰ ਸਿੰਘ ਚਹੇੜੂ ਦੇ ਭਰਾ ਜਸਬੀਰ ਸਿੰਘ, ਸ਼ਹੀਦ ਤਰਸੇਮ ਸਿੰਘ ਕੋਹਾੜ ਦੀ ਸੁਪਤਨੀ ਪਰਮਜੀਤ ਕੌਰ, ਸ਼ਹੀਦ ਪਰਮਜੀਤ ਸਿੰਘ ਤੁਗਲਵਾਲਾ ਦੀ ਸੁਪਤਨੀ ਕੁਲਵਿੰਦਰ ਕੌਰ, ਸ਼ਹੀਦ ਬਲਜਿੰਦਰ ਸਿੰਘ ਰਾਜੂ ਤੇ ਮਾਤਾ ਬੀਬੀ ਸੁਰਜੀਤ ਕੌਰ, ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਦੇ ਭਰਾ ਕੁਲਵੰਤ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
ਨੌਜਵਾਨਾਂ ਨੇ ਸੰਗਤਾਂ ਨੂੰ ਆਪਣਾ ਸੰਦੇਸ਼ ਦੇਣ ਲਈ ਤਖ਼ਤੀਆਂ ਫੜੀਆਂ ਹੋਈਆਂ ਸਨ। ਇੱਕ ਬੈਨਰ ਉਤੇ ਲਿਖਿਆ ਸੀ: ਖਾਲਿਸਤਾਨ ਸਾਰੇ ਪੰਜਾਬੀਆਂ ਦਾ ਹੋਵੇਗਾ ਅਤੇ ਇਸ ਨੂੰ ਪ੍ਰਾਪਤ ਕਰਨ ਦੀਆਂ ਇੱਛਾਵਾਂ ਜਿਊਦੀਆਂ ਤੇ ਜਾਗਦੀਆਂ ਹਨ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਕੁਦਰਤੀ ਸੋਮਿਆਂ ਖਾਸ ਕਰਕੇ ਦਰਿਆਈ ਪਾਣੀਆਂ ਦੀ ਲੁੱਟ ਬਾ-ਦਸਤੂਰ ਜਾਰੀ ਹੈ, ਲੋਕਾਂ ਦੇ ਜਾਇਜ਼ ਹੱਕਾਂ ਅਤੇ ਮੌਲਿਕ ਆਜ਼ਾਦੀ ਸਟੇਟ ਦੇ ਰਹਿਮਤ-ਕਰਮ ‘ਤੇ ਹਨ, ਨੌਜਵਾਨਾਂ ਨੂੰ ਐਨ.ਐਸ਼.ਏ ਵਰਗੇ ਸਖ਼ਤ ਕਾਨੂੰਨਾਂ ਤਹਿਤ ਨਜ਼ਰਬੰਦ ਕੀਤਾ ਜਾ ਰਿਹਾ ਹੈ ਅਤੇ ਸਿੱਖ ਵਿਰੋਧੀ ਡੇਰਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਰੀ ਹੈ। ਸਿੱਖਾਂ ਨੂੰ ਛੱਡ ਕੇ ਹੋਰ ਕੋਈ ਪੰਜਾਬੀ ਪਰੇਸ਼ਾਨ ਨਹੀਂ ਹੈ ਅਤੇ ਇਹ ਗੱਲ ਸਾਨੂੰ ਪਰੇਸ਼ਾਨੀ ਦੇਂਦੀ ਹੈ।
ਪਾਰਟੀ ਆਗੂਆਂ ਨੇ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਦੇ ਸੰਘਰਸ਼ ਦੌਰਾਨ ਪੰਜਾਬ ਨੇ ਕਾਫੀ ਖੂਨ-ਖਰਾਬਾ ਦੇਖਿਆ ਹੈ। ਅਸੀਂ ਉਨ੍ਹਾਂ ਸਾਰੇ ਨਿਰਦੋਸ਼ ਲੋਕਾਂ ਲਈ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦੇ ਹਾਂ ਜੋ ਹਿੰਦ-ਪੰਜਾਬ ਦੀ ਜੰਗ ਦੀ ਭੇਟ ਚੜ੍ਹੇ ਹਨ।
ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਅਸੀਂ ਗ਼ੈਰ-ਸਿੱਖਾਂ ਦੇ ਮਨਾਂ ਵਿੱਚ ਖਾਲਿਸਤਾਨ ਸੰਘਰਸ਼ ਬਾਰੇ ਪੈਦਾ ਹੋ ਚੁੱਕੇ ਸਾਰੇ ਸ਼ੰਕੇ ਅਤੇ ਤੌਖਲੇ ਦੂਰ ਕਰਾਂਗੇ ।
ਇਸ ਮੌਕੇ ਪਰਮਜੀਤ ਸਿੰਘ ਗਾਜੀ, ਗੁਰਨਾਮ ਸਿੰਘ ਮੂਨਕਾਂ, ਰਣਵੀਰ ਸਿੰਘ, ਸੁਰਜੀਤ ਸਿੰਘ ਖਾਲਿਸਤਾਨੀ, ਰਣਜੀਤ ਸਿੰਘ ਦਮਦਮੀ ਟਕਸਾਲ, ਬਲਵੰਤ ਸਿੰਘ ਗੋਪਾਲਾ ਆਦਿ ਹਾਜ਼ਰ ਸਨ।