ਨਵੀਂ ਦਿੱਲੀ(10 ਜਨਵਰੀ, 2016): ਦਿੱਲੀ ਯੂਨੀਵਰਸਿਟੀ ਵਿਖੇ ਚੱਲ ਰਹੇ “ਰਾਮ ਮੰਦਰ” ਸੈਮੀਨਾਰ ਦਰਮਿਆਨ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੁਬਰਾਮਨੀਅਮ ਸਵਾਮੀ ਨੇ ਅੱਜ ਇਕ ਹੋਰ ਵਿਵਾਦਮਈ ਬਿਆਨ ਦਿੰਦਿਆਂ ਕਿਹਾ ਕਿ ਮੁਸਲਮਾਨ ਭਾਰਤ ਅੰਦਰ ਪੁਰਾਤਨ ਤਿੰਨ ਹਿੰਦੂ ਮੰਦਰ ਬਣਨ ਦੇਣ ਨਹੀਂ ਤਾਂ ਮਹਾਂਭਾਰਤ ਵਰਗੀ ਜੰਗ ਹੋ ਸਕਦੀ ਹੈ ।
ਅਪਣੇ ਇਕ ਟਵੀਟ ‘ਚ ਸਵਾਮੀ ਨੇ ਕਿਹਾ, ”ਅਸੀਂ ਹਿੰਦੂ, ਮੁਸਲਮਾਨਾਂ ਨੂੰ ਭਗਵਾਨ ਕ੍ਰਿਸ਼ਨ ਦਾ ਪੈਕੇਜ ਦੇ ਰਹੇ ਹਾਂ । ਸਾਨੂੰ ਤਿੰਨ ਮੰਦਰ ਦਿਉ ਅਤੇ 39997 ਮਸਜਿਦਾਂ ਰੱਖ ਲਉ । ਮੈਨੂੰ ਉਮੀਦ ਹੈ ਕਿ ਮੁਸਲਮਾਨ ਆਗੂ ਦੁਰਯੋਧਨ ਨਹੀਂ ਬਣਨਗੇ ।”
ਇਸ ਤੋਂ ਪਹਿਲਾਂ ਸਵਾਮੀ ਨੇ ਅੱਜ ਦਾਅਵਾ ਕੀਤਾ ਕਿ ਅਯੋਧਿਆ ‘ਚ ਰਾਮ ਮੰਦਰ ਉਸਾਰੀ ਦਾ ਕੰਮ ਇਸ ਸਾਲ ਦਾ ਅਖ਼ੀਰ ਹੋਣ ਤੋਂ ਪਹਿਲਾਂ ਸ਼ੁਰੂ ਹੋ ਸਕਦਾ ਹੈ । ਉਨ੍ਹਾਂ ਉਮੀਦ ਪ੍ਰਗਟਾਈ ਕਿ ਅਯੋਧਿਆ ‘ਚ ਵਿਵਾਦਮਈ ਥਾਂ ਮੰਦਰ ਦੀ ਉਸਾਰੀ ਦਾ ਰਾਹ ਸੁਪਰੀਮ ਕੋਰਟ ਦੇ ਆਖ਼ਰੀ ਫ਼ੈਸਲੇ ਨਾਲ ਪੱਧਰਾ ਹੋਵੇਗਾ ।
ਸਵਾਮੀ ਨੇ ਦਿੱਲੀ ਯੂਨੀਵਰਸਿਟੀ ‘ਚ ਰਾਮ ਮੰਦਰ ਬਾਰੇ ਕਰਵਾਏ ਜਾ ਰਹੇ ਸੈਮੀਨਾਰ ਦੇ ਦੂਜੇ ਅਤੇ ਆਖ਼ਰੀ ਦਿਨ ਕਿਹਾ, ”ਰਾਮ ਮੰਦਰ ਮਾਮਲੇ ‘ਚ ਅਦਾਲਤ ਅੰਦਰ ਜੇਤੂ ਹੋਣ ‘ਤੇ ਮਥੁਰਾ ਦੇ ਕ੍ਰਿਸ਼ਨ ਮੰਦਰ ਅਤੇ ਕਾਸ਼ੀ ਵਿਸ਼ਵਨਾਥ ‘ਚ ਅਸੀਂ ਆਸਾਨੀ ਨਾਲ ਜਿੱਤ ਜਾਵਾਂਗੇ ਕਿਉਾਕਿ ਸਬੂਤ ਬਿਲਕੁਲ ਸਪੱਸ਼ਟ ਹਨ । ਇਹ ਜ਼ਿਆਦਾ ਮੁਸ਼ਕਲ ਮਾਮਲਾ ਹੈ ।”
ਉੁਨ੍ਹਾਂ ਕਿਹਾ ਕਿ ਅਯੋਧਿਆ ‘ਚ ਸਰਯੂ ਨਦੀ ਦੇ ਨੇੜੇ ਇਕ ਹੋਰ ਮਸਜਿਦ ਬਣ ਸਕਦੀ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਇਹ ਮਸਜਿਦ ਬਾਬਰ ਦੇ ਨਾਮ ‘ਤੇ ਨਹੀਂ ਹੋਵੇਗੀ ।
ਇਸ ਤੋਂ ਇਲਾਵਾ ਵਧੀਕ ਸਾਲੀਸੀਟਰ ਜਨਰਲ ਅਸ਼ੋਕ ਮੇਹਤਾ ਅਤੇ ਜੀ. ਰਾਜਗੋਪਾਲਨ ਨੇ ਮਾਮਲੇ ਦੇ ਕਾਨੂੰਨੀ ਮੁੱਦਿਆਂ ਅਤੇ ਸਬੂਤਾਂ ਬਾਰੇ ਅਪਣੇ ਵਿਚਾਰ ਰੱਖੇ । ਰਾਜਗੋਪਾਲਨ ਨੇ ਦਾਅਵਾ ਕੀਤਾ ਕਿ ਮੰਦਰ ਉਸਾਰੀ ਦੇ ਹੱਕ ‘ਚ ਮਜ਼ਬੂਤ ਸਬੂਤ ਹਨ । ਕੁੱਝ ਬੁਲਾਰਿਆਂ ਨੇ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਬਾਰੇ ਚਿੰਤਾ ਪ੍ਰਗਟਾਈ । ਅੱਜ ਇਕ ਪ੍ਰੈੱਸ ਕਾਨਫ਼ਰੰਸ ਵੀ ਹੋਣੀ ਸੀ ਜਿਸ ਨੂੰ ਮੰਗਲਵਾਰ ਲਈ ਟਾਲ ਦਿਤਾ ਗਿਆ ।