ਮਹਿਕੂਮ ਧਿਰ (ਪੰਜਾਬੀਆਂ) ਦੀ ਭਾਖਾ ਦਾ ਹਸ਼ਰ
– ਸੁਰਜੀਤ ਸਿੰਘ
ਇਹ ਗੱਲ ਸੁੱਤੇ ਸਿੱਧ ਸਮਝ ’ਚ ਆਉਣ ਵਾਲੀ ਹੈ ਕਿ ਜੇ ਪੰਜਾਬੀ ਭਾਖਾ ਜਿਊਂਦੀ ਰਹੀ, ਤਾਂ ਹੀ ਸਿੱਖੀ ਬਚੇਗੀ, ਤਾਂ ਹੀ ਸਿੱਖੀ ਦੇ ਫਲਸਫੇ ’ਤੇ ਜਿਊਂਦਾ ਅਸਲੀ ਪੰਜਾਬ ਰੂਹਾਨੀਅਤ ਪੱਖੋਂ ਆਪਣੀ ਹੋਂਦ-ਹਸਤੀ ਕਾਇਮ ਰੱਖ ਸਕੇਗਾ ਕਿਉਂਕਿ ਭਾਖਾ ਨਾਲ ਮਨੁੱਖ ਦੇ ਸਮੁੱਚੇ ਦਿਸਦੇ ਤੇ ਅਣ-ਦਿਸਦੇ ਵਰਤਾਰਿਆਂ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ। ਇਸ ਸੱਚਾਈ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਜੋਕੀ ਲੀਡਰਸ਼ਿਪ ਨੇ ਨਾ ਸਿਰਫ ਭਲੀਭਾਂਤ ਜਾਣਿਆ ਹੈ, ਸਗੋਂ ਸ਼ਿਦਤ ਨਾਲ ਮਹਿਸੂਸ ਵੀ ਕੀਤਾ ਹੈ।
ਜਦੋਂ ਕਿ ਹੁਣ ਪੰਜਾਬੀ ਬੋਲੀ ਦੀ ਹੋਂਦ ਨੂੰ ਲੈ ਕੇ ਇਸ ਦੇ ਦਰਦਮੰਦਾਂ ਤੇ ਚਿੰਤਕਾਂ ਵੱਲੋਂ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ ਤਾਂ ਇਸ ਵਿਦਿਆਰਥੀ ਜੱਥੇਬੰਦੀ ਨੇ ਆਪਣੇ ਫਰਜ਼ਾਂ ਨੂੰ ਪਛਾਣਦਿਆਂ ਪੰਜਾਬੀ ਬੋਲੀ ਦੀ ਮੌਜੂਦਾ ਦਸ਼ਾ ਨੂੰ ਲੈ ਕੇ ਗੰਭੀਰ ਚਰਚਾ ਛੇੜਣ ਦਾ ਨਿੱਗਰ ਹੰਭਲਾ ਮਾਰਿਆ ਜਾ ਰਿਹਾ ਹੈ। ਇਸੇ ਹੰਭਲੇ ਤਹਿਤ ਇਸ ਵੱਲੋਂ 5 ਅਕਤੂਬਰੇ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਰਟਸ ਆਡੀਟੋਰੀਅਮ ਵਿਖੇ ਇਕ ਉ¤ਚ ਪਾਏ ਦਾ ਸੈਮੀਨਾਰ ਕਰਵਾਇਆ ਗਿਆ, ਜੋ ਕਿ ਆਪਣੀ ਕਿਸਮ ਦਾ ਇਕ ਵਿਲੱਖਣ ਸਮਾਗਮ ਹੋ ਨਿਬੜਿਆ।
ਮੈਂ ਪੰਜਾਬੀ ਯੂਨੀਵਰਸਿਟੀ ਵਿਚ ਪੱਤਰਕਾਰੀ ਦੀ ਪੜ੍ਹਾਈ ਕਰਦਿਆਂ ਬਥੇਰੇ ਸੈਮੀਨਾਰਾਂ ’ਚ ਹਾਜ਼ਰੀ ਭਰੀ ਹੈ, ਪਰ ਇਸ ’ਚ ਕੁਝ ਅਜਿਹੇ ਪਲਾਂ ਨੂੰ ਮਾਣਨ ਦਾ ਸੁਭਾਗ ਮਿਲਿਆ ਜੋ ਬਾਕੀਆਂ ਨਾਲੋਂ ਇਸ ਨੂੰ ਨਿਵੇਕਲਾ ਬਣਾਉਂਦੇ ਸਨ। ਆਮ ਤੌਰ ’ਤੇ ਹੁੰਦੇ ਬਹੁਤੇ ਸੈਮੀਨਾਰ ਜੋ ਰਸਮੀ ਕਿਸਮ ਦੇ ਹੁੰਦੇ ਹਨ, ਤੋਂ ਉਲਟ ਇਸ ਸੈਮੀਨਾਰ ਵਿਚ ਬੁਲਾਰਿਆਂ, ਸਰੋਤਿਆਂ ਤੇ ਪ੍ਰਬੰਧਕਾਂ ’ਚੋਂ ਆਪਣੀ ਮਾਂ-ਬੋਲੀ ਪ੍ਰਤੀ ਸੱਚਾ ਮੋਹ ਝਲਕਦਾ ਸੀ ਤੇ ਉਹ ਇਸ ਦਾ ਭਵਿੱਖ ਸੁਆਰਨ ਲਈ ਤਹਿ-ਦਿਲੋਂ ਜੁਟੇ ਹੋਏ ਜਾਪ ਰਹੇ ਸਨ। ਇਸ ਦੇ ਮੁੱਖ ਬੁਲਾਰਿਆਂ ਦੀ ਇਸ ਮੌਕੇ ਆਪਣੇ ਖੋਜ-ਭਰਪੂਰ ਤੇ ਸੰਜੀਦਾ ਵਿਚਾਰਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਤੇ ਸਰੋਤਿਆਂ ’ਚ ਹੋਰਾਂ ਤੋਂ ਇਲਾਵਾ ਵਿਦਿਆਰਥੀਆਂ ਦੀ ਵੱਡੀ ਸ਼ਮੂਲੀਅਤ ਇਸ ਸਮਾਗਮ ਨੂੰ ਕਾਮਯਾਬ ਬਣਾ ਗਈ।
ਇਸ ਮੌਕੇ ਪੰਜਾਬੀ ਭਾਖਾ ’ਤੇ ਮੰਡਰਾ ਰਹੇ ਗੰਭੀਰ ਖਤਰੇ ਦੇ ਸੰਦਰਭ ਵਿਚ ਗੰਭੀਰ ਤੇ ਕੀਮਤੀ ਵਿਚਾਰ ਉਭਰ ਕੇ ਸਾਹਮਣੇ ਆਏ ਤੇ ਇਹ ਗੱਲ ਸਮੂਹ ਬੁਲਾਰਿਆਂ ਨੇ ਸ਼ਿੱਦਤ ਨਾਲ ਮਹਿਸੂਸ ਕਰਾਈ ਪੰਜਾਬੀ ਬੋਲੀ ’ਤੇ ਬਣੇ ਸੰਕਟ ਦਾ ਇਕ ਵੱਡਾ ਮੁੱਖ ਕਾਰਨ ਇਸ ਬੋਲੀ ਦੇ ਬੋਲਣਹਾਰਿਆਂ ਦਾ ਸੱਤਾ ਦੇ ਪੱਖ ਤੋਂ ਹਾਸ਼ੀਆਗ੍ਰਸਤ ਹੋਣਾ ਹੈ।
ਇਸ ਮੌਕੇ ਮਸ਼ਹੂਰ ਭਾਸ਼ਾ ਵਿਗਿਆਨੀ ਤੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਮਹਿਕਮੇ ਦੇ ਪ੍ਰੋਫੈਸਰ ਡਾ. ਜੋਗਾ ਸਿੰਘ ਨੇ ਆਪਣੇ ਗਹਿਰ-ਗੰਭੀਰ ਵਿਚਾਰਾਂ ਨੂੰ ਜ਼ਾਹਰ ਕਰਦਿਆਂ ਕਿਹਾ ਕਿ ਮਨੁੱਖੀ ਵਸੀਲਿਆਂ ਦਾ ਵਿਕਾਸ ਤਾਂ ਹੀ ਸੰਭਵ ਹੈ ਜੇ ਵਿਦਿਆ ਦੇ ਪ੍ਰਬੰਧ ’ਚ ਬੋਲੀ ਦੀ ਅਸਲ ਥਾਂ ਨੂੰ ਸਮਝਿਆ ਜਾਂਦਾ ਹੈ ਤੇ ਕਿਸੇ ਭਾਖਾਈ ਸਮੂਹ ਦੇ ਬਸ਼ਿੰਦਿਆਂ ਦੀ ਮਾਂ-ਬੋਲੀ ਨੂੰ ਹੀ ਸਿੱਖਿਆ ਦੇ ਮਾਧਿਅਮ ਵਜੋਂ ਲਾਗੂ ਕੀਤਾ ਜਾਂਦਾ ਹੈ। ਉਹਨਾਂ ਨੇ ਇਸ ਇਸ ਪ੍ਰਸੰਗ ਵਿਚ ਠੋਸ ਦਲੀਲਾਂ ਪੇਸ਼ ਕਰਦਿਆਂ ਕਿਹਾ ਕਿ ਜਿੰਨਾ ਚਿਰ ਤੱਕ ਕਿਸੇ ਨੂੰ ਆਪਣੀ ਮਾਤ-ਭਾਖਾ ਚੰਗੀ ਤਰ੍ਹਾਂ ਨਹੀਂ ਆਉਂਦੀ, ਉਦੋਂ ਤੱਕ ਨਾ ਤਾਂ ਉਹ ਹਰ ਤਰ੍ਹਾਂ ਦੇ ਗਿਆਨ ਦੇ ਵਿਸ਼ਾਲ ਦਿਸਹੱਦਿਆਂ ਨੂੰ ਛੂਹ ਸਕਦਾ ਹੈ ਤੇ ਨਾ ਹੀ ਕਿਸੇ ਵਿਦੇਸ਼ੀ ਭਾਖਾ ’ਚ ਹੀ ਡੂੰਘਾ ਉਤਰ ਸਕਦਾ, ਤਾਹੀਉਂ ਅੱਜ ਜਿਹੜੀ ਅੰਗਰੇਜ਼ੀ ਭਾਰਤ ਬਹੁਤੇ ਲੋਕਾਂ ਵੱਲੋਂ ਬੋਲੀ ਜਾਂ ਪੜੀ ਜਾਂਦੀ ਹੈ, ਉਹ ਸ਼ੁੱਧਤਾ ਤੋਂ ਕਿਤੇ ਵੱਧ ਸੱਖਣੀ ਹੁੰਦੀ ਹੈ। ਇਹ ਵਿਚਾਰ ਆਪਣੀ ਬੋਲੀ ਨੂੰ ਤਿਲਾਂਜਲੀ ਦੇ ਕੇ ਅੰਗਰੇਜ਼ੀ ਦੇ ਅੰਨੇਵਾਹ ਪਿਛੇ ਪਏ ਪੰਜਾਬੀਆਂ ਲਈ ਇਕ ਸਬਕ ਵਾਂਗ ਸੀ। ਉਹਨਾਂ ਮੁਤਾਬਕ ਜੇਕਰ ਬੱਚਿਆਂ ਨੂੰ ਮੁਢਲੀ ਵਿਦਿਆ ਉਨ੍ਹਾਂ ਦੀ ਮਾਂ-ਬੋਲੀ ’ਚ ਨਾ ਦਿੱਤੀ ਜਾਵੇ ਤਾਂ ਉਹ ਸਰਬਾਂਗੀ ਵਿਕਾਸ ਤੋਂ ਵਾਂਝੇ ਰਹਿ ਜਾਂਦੇ ਹਨ। ਮਾਂ-ਬੋਲੀ ਦੀ ਮੁਢਲੀ ਵਿਦਿਆ ਦੇ ਮਾਧਿਅਮ ਵਜੋਂ ਲੋੜ ਦਾ ਅਹਿਸਾਸ ਕਰਾਂਉਂਦਿਆਂ ਉਨ੍ਹਾਂ ਦੱਸਿਆ ਕਿ ਚੀਨ ਵਿਚ ਇਕ ਅੰਗਰੇਜ਼ੀ ਮਾਧਿਅਮ ਦਾ ਸਕੂਲ ਨਹੀਂ ਹੈ। ਉਨ੍ਹ੍ਯਾਂ ਸੰਯੁਕਤ ਰਾਸ਼ਟਰ ਵੱਲੋਂ ਭਾਰਤ ਸਣੇ 12 ਮੁਲਕਾਂ ’ਚ ਕਰਾਏ ਸਰਵੇਖਣ ਦਾ ਇਕ ਕੀਮਤੀ ਹਵਾਲਾ ਦਿੰਦਿਆਂ ਭਾਖਾਈ ਸੰਕਟ ਦੀਆਂ ਕਈ ਗੁੰਝਲਾਂ ਇੰਝ ਖੋਲ੍ਹੀਆਂ,
‘ਸਰਵੇਖਣ ਮੁਤਾਬਕ ਸਾਡੇ ਲੋਕਾਂ ’ਚ ਭਾਖਾ ਨੂੰ ਲੈ ਕੇ ਤਿੰਨ ਵੱਡੇ ਅੰਧ-ਵਿਸ਼ਵਾਸ਼ ਪਾਏ ਜਾਂਦੇ ਹਨ-(1) ਅੰਗਰੇਜ਼ੀ ਤਾਂ ਆਉਂਦੀ ਹੈ ਜੇ ਇਸ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਾਂਦਾ ਹੈ, (2) ਅੰਗਰੇਜ਼ੀ ਤਾਂ ਆਉਂਦੀ ਹੈ ਜੇ ਅੰਗਰੇਜ਼ੀ ਪੜ੍ਹਾਉਣੀ ਛੋਟੀ ਉਮਰ ਤੋਂ ਸ਼ੁਰੂ ਕੀਤੀ ਜਾਂਦੀ ਹੈ ਅਤੇ (3) ਅੰਗਰੇਜ਼ੀ ਸਿੱਖਣ ਦੇ ਰਾਹ ਵਿਚ ਮਾਂ-ਬੋਲੀ ਇਕ ਵੱਡੀ ਰੁਕਾਵਟ ਹੈ। ਇਹ ਅੰਧ ਵਿਸ਼ਵਾਸ ਹਨ।’
ਉਹਨਾਂ ਨੇ ਪੰਜਾਬੀ ਭਾਖਾ ਨੂੰ ‘ਅਪੰਗ ਭਾਖਾ’ ਜਾਂ ‘ਗਰੀਬ ਬੋਲੀ’ ਆਦਿ ਵਰਗੇ ਲਕਬ ਦੇਣ ਵਾਲੇ ਲੋਕਾਂ ਨੂੰ ਇੰਝ ਨਕਾਰਿਆ,
‘ਕੋਈ ਵੀ ਭਾਖਾ ਅਪੰਗ ਜਾਂ ਅਧੂਰੀ ਨਹੀਂ ਹੁੰਦੀ। ਸਾਰੀਆਂ ਹੀ ਭਾਖਾਵਾਂ ਦੀ ਇਕੋ ਜਿੰਨੀ ਸਮਰੱਥਾ ਹੁੰਦੀ ਹੈ। ਕਿਸੇ ਭਾਖਾ ਵਿਚਲੀ ਸ਼ਬਦਾਵਲੀ ਸਬੰਧਤ ਸਮਾਜ ਦੀਆਂ ਲੋੜਾਂ ਮੁਤਾਬਕ ਹੀ ਹੁੰਦੀ ਹੈ, ਜੇ ਉਸ ਦੀਆਂ ਲੋੜਾਂ ਕਿਸੇ ਕਾਰਨ ਵਧਦੀਆਂ ਹਨ ਤਾਂ ਉਹ ਆਪਣੀ ਸ਼ਬਦਾਵਲੀ ਦਾ ਘੇਰਾ ਮੋਕਲਾ ਕਰ ਲੈਂਦੀ ਹੈ। ਉਸ ’ਚ ਆਪਣੇ ਵਿਚ ਨਵੇਂ ਸ਼ਬਦ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ ਜੋ ਕੁਝ ਕੁ ਤੱਤਾਂ ’ਤੇ ਨਿਰਭਰ ਕਰਦੀ ਹੈ। ਪੰਜਾਬੀ ’ਚ ਵੀ ਇਹ ਸਮਰੱਥਾ ਹੈ। ਇਸ ਪੱਖੋਂ ਜੇ ਪੰਜਾਬੀ ਦਾ ਅੰਗਰੇਜ਼ੀ ਨਾਲ ਟਾਕਰਾ ਕਰੀਏ ਤਾਂ ਪੰਜਾਬੀ ਅੰਗਰੇਜ਼ੀ ਨਾਲੋਂ ਵਧੇਰੇ ਅਮੀਰ ਹੋ ਨਿਬੜਦੀ ਹੈ। ਅੰਗਰੇਜ਼ੀ ’ਚ ਵਰਤੇ ਜਾਂਦੇ ਬਹੁਤੇ ਲਫਜ਼ ਯੂਨਾਨੀ, ਲਾਤੀਨੀ ਜਾਂ ਕੁਝ ਫਰੈਂਚ ਭਾਖਾ ਦੇ ਹਨ, ਭਾਵੇਂ ਸ਼ਬਦਕੋਸ਼ ਦੇਖ ਲਿਆ ਜਾਵੇ। ਜਦੋਂ ਕਿ ਪੰਜਾਬੀ ਦੇ ਮਾਮਲੇ ’ਚ ਅਜਿਹਾ ਨਹੀਂ ਹੈ।’
ਯੂ.ਐਨ.ਆਈ ਦੇ ਸੇਵਾ ਮੁਕਤ ਸੀਨੀਅਰ ਪੱਤਰਕਾਰ ਤੇ ਕਾਲਮਨਵੀਸ ਸ. ਜਸਪਾਲ ਸਿੰਘ ਸਿੱਧੂ ਨੇ ‘ਮੀਡੀਆ ਦਾ ਭਾਖਾ ’ਤੇ ਪ੍ਰਭਾਵ’ ਦੇ ਸੰਦਰਭ ’ਚ ਇਹ ਵਿਚਾਰ ਪ੍ਰਗਟਾਏ ਕਿ ਜਿਥੇ ਪੰਜਾਬੀ ਬੋਲੀ ਫਿਰਕਾਪ੍ਰਸਤੀ ਦਾ ਸ਼ਿਕਾਰ ਰਹੀ ਹੈ, ਉਥੇ ਹਾਕਮ ਧਿਰ ਵਲੋਂ ਇਸ ਨੂੰ ਖੂੰਝੇ ਲਾਉਣ ਲਈ ਤਮਾਮ ਹੀਲੇ ਵਰਤੇ ਜਾਂਦੇ ਰਹੇ ਹਨ ਤੇ ਇਸ ਸਰਕਾਰੀ ਮਿਸ਼ਨ ਵਿਚ ਮੀਡੀਆ ਦੀ ਭੂਮਿਕਾ ਜ਼ਿਕਰਯੋਗ ਰਹੀ ਹੈ। ਉਨ੍ਹਾਂ ਸਨਸਨੀਖੇਜ ਖੁਲਾਸਾ ਕਰਦਿਆਂ ਕਿਹਾ ਕਿ ‘ਭਾਖਾ, ਮੀਡੀਆ ਦਾ ਮਾਧਿਅਮ ਹੈ ਜਾਂ ਇੰਝ ਕਹਿ ਲਉ ਕਿ ਉਸ ਦੀ ‘ਘੋੜ-ਸਵਾਰੀ’ ਹੈ, ਜਿਸ ਦੀਆਂ ਵਾਗਾਂ ਰਾਜਸੱਤਾ ਅਤੇ ਬਜ਼ਾਰੀ ਤਾਕਤਾਂ ਦੇ ਹੱਥ ਵਿਚ ਹਨ। ਇਨ੍ਹਾਂ ਤਾਕਤਾਂ ਨਾਲ ਰਲ ਕੇ ਆਪਸੀ ਹਿੱਤਾਂ ਦੀ ਪੂਰਤੀ ਲਈ ਮੀਡੀਆ ਲਗਾਤਾਰ ਭਾਖਾ ਨੂੰ ਤੋੜਦਾ-ਮਰੋੜਦਾ ਹੈ ਅਤੇ ਇਸ ਵਿਚ ਦੂਜੀਆਂ ਰਾਜ-ਦਰਬਾਰੀ (ਅਦਸਗਲੋਲੂ) ਬੋਲੀਆਂ ਦਾ ਰਲਾ ਕਰਕੇ ਇਕ ਅਜਿਹਾ ਮਿਸ਼ਰਣ ਤਿਆਰ ਕਰਦਾ ਹੈ ਜਿਸ ਨੂੰ ‘ਚਲੰਤ ਕਿਸਮ ਦੀ ਬਜ਼ਾਰੂ ਭਾਖਾ’ ਕਿਹਾ ਜਾ ਸਕਦਾ ਹੈ। ਮੀਡੀਆ ਬੋਲੀ ਜਾਂ ਸੱਭਿਆਚਾਰ ਨੂੰ ਜਿਆਦਾਤਰ ‘ਤਜ਼ਾਰਤੀ ਸੰਦ’ ਬਣਾ ਕੇ ਹੀ ਵਰਤਦਾ ਹੈ ਅਤੇ ਇਸ ਵਿਚ ਪੈਂਦੇ ਵਿਗਾੜ ਤੇ ਕਚਿਆਈ ਦੀ ਇਸ ਨੂੰ ਘੱਟ ਹੀ ਪਰਵਾਹ ਹੁੰਦੀ ਹੈ।’ ਉਨ੍ਹਾਂ ਇਸੇ ਪ੍ਰਸੰਗ ਵਿਚ ਕੌਮਾਂਤਰੀ ਚਿੰਤਕ ਨੋਮ ਚੌਮਸਕੀ ਦੀ ਇਸ ਅਹਿਮ ਕਥਨੀ ਦਾ ਵੀ ਜ਼ਿਕਰ ਕੀਤਾ, ‘ਮੀਡੀਆ ਵੱਲੋਂ ਤਜ਼ਾਰਤੀ ਹਿੱਤਾਂ ਦੀ ਪੂਰਤੀ, ਸੂਚਨਾ-ਖ਼ਬਰਾਂ ਦੇਣ ਤੋਂ ਕਿਤੇ ਵੱਧ ਅਹਿਮੀਅਤ ਰਖਦੀ ਹੈ।’ ਉਨ੍ਹਾਂ ਮੁਤਾਬਕ ‘ਇਸ ਤਹਿਤ ਭਾਸ਼ਾ ਦੀ ਮੀਡੀਆ (ਅਖਬਾਰਾਂ, ਰੇਡੀਉ ਤੇ ਟੀ.ਵੀ. ਚੈਨਲ ਤੇ ਇੰਟਰਨੈੱਟ) ’ਚ ਵਰਤੋਂ ਦੌਰਾਨ ਸ਼ਬਦਾਂ ਦੀ ਚੋਣ ਤੇ ਇਸ ਦੇ ਮੁਹਾਵਰੇ ਦੇ ਪ੍ਰਚਲਣ ’ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਤੇ ਇਸੇ ਸਥਿਤੀ ਦਾ ਪੰਜਾਬੀ ਵੱਡੇ ਰੂਪ ’ਚ ਸ਼ਿਕਾਰ ਹੈ। ਪੰਜਾਬੀ ਅਖਬਾਰਾਂ ਬੇਲੋੜੇ ਰੂਪ ’ਚ ਗੈਰ-ਪੰਜਾਬੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਵਰਤਦੀਆਂ ਹਨ। ਹਾਕਮੀ ਧੌਂਸ ਕਰਕੇ ਹਿੰਦੀ ਦੀ ਪੰਜਾਬੀ ਭਾਖਾ ਵਿਚ ਘੂਸਪੈਠ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਹ ਸਥਿਤੀ ਪੰਜਾਬੀ ਲਈ ਮਾਰੂ ਹੈ।’
ਤੀਜੇ ਬੁਲਾਰੇ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਪੰਜਾਬੀ ਮਹਿਕਮੇ ’ਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਡਾ. ਸਿਕੰਦਰ ਸਿੰਘ ਨੇ ਭਾਸ਼ਾਈ ਨਸਲਕੁਸ਼ੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸਥਾਪਤ ਧਿਰ ਵਲੋਂ ਪੰਜਾਬੀ ਦੀਆਂ ਉਪ-ਭਾਖਾਵਾਂ ਜਿਵੇਂ ਡੋਗਰੀ, ਪੁਆਂਧੀ, ਪੁਣਛੀ, ਪੋਠੋਹਾਰੀ, ਸਰਾਇਕੀ, ਲਹਿੰਦੀ, ਕਾਂਗੜੀ ਆਦਿ ਦਾ ਸੁਚੇਤ ਤੌਰ ’ਤੇ ਪੰਜਾਬੀ ਨਾਲੋਂ ਨਿਖੇੜਾ ਕੀਤਾ ਜਾ ਰਿਹਾ ਹੈ ਪਰ ਸੁਤੰਤਰ ਭਾਖਾਵਾਂ ਜਿਵੇਂ ਭੋਜਪੁਰੀ, ਅਵਧੀ, ਬਿਹਾਰੀ ਆਦਿ ਨੂੰ ਹਿੰਦੀ ਦੇ ਘੇਰੇ ’ਚ ਲਿਆਂਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤਕੜੀ ਧਿਰ ਵਲੋਂ ਪੰਜਾਬੀ ’ਤੇ ਸਿੱਧੀ ਪਾਬੰਦੀ ਨਹੀਂ ਲਾਈ ਜਾ ਰਹੀ, ਸਗੋਂ ਇਸ ਨੂੰ ਪੰਜਾਬੀਆਂ ’ਚੋਂ ਮਨੋਵਿਗਿਆਨਕ ਤੌਰ ’ਤੇ ਮਾਰਿਆ ਜਾ ਰਿਹਾ ਹੈ, ਸਿੱਟੇ ਵਜੋਂ ਉਹਨਾਂ ’ਚ ਪੰਜਾਬੀ ਪ੍ਰਤੀ ਹੀਣ-ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਇਹ ਸੱਚਾਈ ਭਾਵਪੂਰਤ ਸ਼ਬਦਾਂ ’ਚ ਬਿਆਨ ਕੀਤੀ ਕਿ ‘ਪੰਜਾਬੀ ਭਾਖਾ ਬੀ-ਨਾਸ ਦੇ ਸ਼ਿਕਾਰ ਵਜੋਂ ਬਹੁ ਪਾਸਿਆਂ ਤੋਂ ਘਿਰੀ ਹੋਈ ਹੈ। ਇਸ ਦੇ ਭਾਖਾ ਵਿਗਿਆਨਕ ਮੇਲ-ਜੋਲ ਦੇ, ਸਮਾਜੀ ਭਾਖਾ ਵਿਗਿਆਨ ਦੇ, ਵਿਦਿਅਕ ਖੇਤਰ ਦੇ ਬਹੁਤੇ ਪ੍ਰਸੰਗ ਪੰਜਾਬੀ ਵਿਰੋਧੀ ਤੱਤਾਂ ਵਜੋਂ ਭੁਗਤ ਰਹੇ ਹਨ।’ ਉਨ੍ਹਾਂ ਇਸ ਸੰਕਟ ਦਾ ਹੱਲ ਪੇਸ਼ ਕਰਦਿਆਂ ਇਹ ਰਾਹ ਸੁਝਾਇਆ ਕਿ ‘ਪੰਜਾਬੀ ਦਾ ਵਿਕਾਸ ਤਾਂ ਹੀ ਸੰਭਵ ਹੋ ਸਕੇਗਾ ਜੇ ਇਸ ਉਪਰ ਹੋ ਰਹੇ ਹਮਲਿਆਂ ਜਾਂ ਸਾਜਸ਼ਾਂ ਨੂੰ ਪਛਾਣਿਆ ਜਾਵੇ। ਬੁਲਾਰਿਆਂ ਦੇ ਮਨਾਂ ਵਿਚ ਪੰਜਾਬੀ ਮਾਂ-ਬੋਲੀ ਪ੍ਰਤੀ ਸਤਿਕਾਰ ਪੈਦਾ ਕਰਨ ਦੀ ਲੋੜ ਹੈ। ਬੋਲੀ ਤੇ ਪਛਾਣ ਦੇ ਪ੍ਰਸੰਗਾਂ ਨੂੰ ਉਭਾਰ ਕੇ ਲੋਕਾਂ ਨੂੰ ਪੰਜਾਬੀ ਦੇ ਠੇਠ ਮੁਹਾਵਰੇ ਨਾਲ ਜੋੜਨ ਦੀ ਲੋੜ ਹੈ। ਬੋਲੀ ਦੇ ਸਾਂਝੇ ਦਰਦ ਨਾਲ ਏਕਤਾ ਪੈਦਾ ਕਰਕੇ ਇਕ ਸੱਚੀ ਲਹਿਰ ਚਲਾਈ ਜਾਵੇ ਜਿਸ ਵਿਚ ਪੰਜਾਬੀ ਵਿਰੋਧੀਆਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਜਾਵੇ।’
ਇਸ ਮੌਕੇ ਹੋਈ ਬਹਿਸ ਦਾ ਆਗਾਜ਼ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਮਹਿਕਮੇ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ ਨੇ ਕੀਤਾ। ਇਸ ਸੈਮੀਨਾਰ ਦੇ ਸਵਾਲ-ਜਵਾਬ ਸੈਸ਼ਨ ਵਿਚ ਅਨੇਕਾਂ ਵਿਦਿਆਰਥੀਆਂ ਨੇ ਗੰਭੀਰ ਤੇ ਡੂੰਘੇ ਸਵਾਲ ਉਠਾਏ ਜਿੰਨ੍ਹਾਂ ਦੇ ਜਵਾਬ ਸਬੰਧਤ ਮਾਹਰਾਂ ਨੇ ਢੁਕਵੇਂ ਰੂਪ ’ਚ ਦਿੱਤਾ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਤੇ ਕਨੂੰਨ ਦੇ ਵਿਦਿਆਰਥੀ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਇਹਨਾਂ ਸਾਰਿਆਂ ਬੁਲਾਰਿਆਂ ਤੇ ਹਾਜ਼ਰੀਨਾਂ ਦਾ ਧੰਨਵਾਦ ਕਰਨ ਤੋਂ ਇਲਾਵਾ ਭਾਖਾਈ ਸੰਕਟ ਦੇ ਕੌਮਾਂਤਰੀ ਸੰਦਰਭ ਨੂੰ ਪੰਜਾਬੀ ਭਾਸ਼ਾ ਨਾਲ ਜੋੜ ਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਵਿਚ ਵੱਖ-ਵੱਖ ਕੌਮਾਂ ਦੀਆਂ ਭਾਖਾਵਾਂ ਨੂੰ ਪੈਦਾ ਹੋਇਆ ਖ਼ਤਰਾ ਭਾਰਤ ਦੀ ਇਕ ਕੌਮ ਵਜੋਂ ਸਿਰਜਣਾ ਦੇ ਜਾਰੀ ਅਮਲ ਦਾ ਹੀ ਸਿੱਟਾ ਹੈ। ਇਸ ਮੌਕੇ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਮੱਖਣ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਸੈਮੀਨਾਰ ਦਾ ਸਮੁੱਚਾ ਪ੍ਰਬੰਧ ਫੈਡਰੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਤੇ ਗੁਰਮਤਿ ਸੰਗੀਤ ਦੇ ਵਿਦਿਆਰਥੀ ਗੁਰਪਰਤਾਪ ਸਿੰਘ ਦੀ ਅਗਵਾਈ ’ਚ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਰਥ ਸ਼ਾਸ਼ਤਰ ਦੇ ਵਿਦਿਆਰਥੀ ਸੁਖਿੰਦਰਦੀਪ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚੋਂ ਵੱਡੀ ਗਿਣਤੀ ’ਚ ਨੌਜਵਾਨ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ, ਉਥੇ ਮੀਡੀਆ ਮਾਹਿਰ ਡਾ. ਹਰਜਿੰਦਰ ਵਾਲੀਆ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਡਾ. ਧਰਮਿੰਦਰ ਸਿੰਘ, ਸ. ਖੁਸ਼ਹਾਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਂਦਰ, ਸੀਨੀਅਰ ਪੱਤਰਕਾਰ ਸ. ਰਾਮਿੰਦਰਜੀਤ ਸਿੰਘ ਵਾਸੂ, ਅਰਥ ਸ਼ਾਸ਼ਤਰੀ ਡਾ. ਗਿਆਨ ਸਿੰਘ, ਡਾ. ਸਮਸ਼ੇਰ ਸਿੰਘ, ਡਾ. ਆਈ.ਐਸ. ਬੋਰਕਰ, ਜਥੇ. ਟੌਹੜਾ ਇੰਸਟੀਚਿਊਟ ਦਾ ਸਮੂਹ ਸਟਾਫ ਤੇ ਤੇ ਵਿਦਿਆਰਥੀ, ਸੇਵਕ ਸਿੰਘ ਸਾਬਕ ਪ੍ਰਧਾਨ ਫੈਡਰੇਸ਼ਨ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਰਮਜੀਤ ਸਿੰਘ ਸਾਬਕਾ ਪ੍ਰਧਾਨ ਜਿਲ੍ਹਾ ਪਟਿਆਲਾ, ਮਨਜਿੰਦਰ ਸਿੰਘ, ਸੰਦੀਪ ਸਿੰਘ ਦਿੱਲੀ ਯੂਨੀਵਰਸਿਟੀ, ਸੁਰਜੀਤ ਸਿੰਘ ਗੋਪੀਪੁਰ, ਸਬ ਐਡੀਟਰ ਅਜੀਤ, ਸ਼ਾਹਬਾਜ ਸਿੰਘ ਆਦਿ ਵੀ ਹਾਜ਼ਰ ਸਨ।