ਸ੍ਰੀਨਗਰ ਵਿੱਚ ਐਤਵਾਰ ਨੂੰ ਝੜਪ ਦੌਰਾਨ ਸੁਰੱਖਿਆ ਬਲਾਂ ਉਤੇ ਪਥਰਾਅ ਕਰਦੇ ਹੋਏ ਕਸ਼ਮੀਰੀ ਨੌਜਵਾਨ

ਖਾਸ ਖਬਰਾਂ

ਸ੍ਰੀਨਗਰ ਜ਼ਿਮਨੀ ਚੋਣ ‘ਚ ਪਈਆਂ ਸਿਰਫ 6.5% ਵੋਟਾਂ; ਭਾਰਤੀ ਦਸਤਿਆਂ ਨੇ 8 ਮੁਜਾਹਰਾਕਾਰੀ ਮਾਰੇ

By ਸਿੱਖ ਸਿਆਸਤ ਬਿਊਰੋ

April 10, 2017

ਸ੍ਰੀਨਗਰ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸ੍ਰੀਨਗਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਐਤਵਾਰ ਨੂੰ 6.5 ਫੀਸਦ ਵੋਟਾਂ ਹੀ ਭੁਗਤੀਆਂ। ਇਸ ਦੌਰਾਨ ਕਸ਼ਮੀਰੀ ਨੌਜਵਾਨਾਂ ਵਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਗਏ। ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਵਲੋਂ ਗੋਲਬਾਰੀ ਕਰਕੇ ਘੱਟ ਤੋਂ ਘੱਟ 8 ਕਸ਼ਮੀਰੀ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਅਤੇ ਕਈ ਹੋਰ ਜ਼ਖਮੀ ਹੋ ਗਏ।

ਇਸ ਦੌਰਾਨ ਸ੍ਰੀਨਗਰ ਸੰਸਦੀ ਹਲਕੇ ਵਿੱਚ ਪੈਂਦੇ ਤਿੰਨ ਜ਼ਿਲ੍ਹਿਆਂ ਸ੍ਰੀਨਗਰ, ਬੜਗਾਮ ਤੇ ਗੰਦਰਬਲ ਵਿੱਚ ਘੱਟ ਤੋਂ ਘੱਟ ਦੋ ਦਰਜਨ ਥਾਵਾਂ ਉਤੇ ਪਥਰਾਅ ਦੀਆਂ ਘਟਨਾਵਾਂ ਵਾਪਰੀਆਂ। ਇੱਥੋਂ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਵਜੋਂ ਫਾਰੂਕ ਅਬਦੁੱਲਾ ਅਤੇ ਸੱਤਾਧਾਰੀ ਪੀਡੀਪੀ ਵੱਲੋਂ ਨਜ਼ੀਰ ਅਹਿਮਦ ਖ਼ਾਨ ਚੋਣ ਲੜ ਰਹੇ ਹਨ। ਪੁਲਿਸ ਮੁਤਾਬਕ ਗੰਦਰਬਲ ਵਿੱਚ ਇਕ ਚੋਣ ਬੂਥ ਨੂੰ ਫੂਕਣ ਲਈ ਪੈਟਰੋਲ ਬੰਬ ਸੁੱਟ ਰਹੀ ਭੀੜ ਉਤੇ ਕਾਬੂ ਪਾਉਣ ਲਈ ਸੁਰੱਖਿਆ ਦਸਤਿਆਂ ਦੇ ਸਹਿਯੋਗ ਵਾਸਤੇ ਫੌਜ ਸੱਦਣੀ ਪਈ। ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਸ਼ਾਂਤਮਨੂ ਨੇ ਕਿਹਾ ਕਿ ਇਸ ਸੰਸਦੀ ਹਲਕੇ ਵਿੱਚ ਤਕਰੀਬਨ 7 ਫੀਸਦੀ ਵੋਟਿੰਗ ਹੋਈ। ਭਾਰਤੀ ਮੀਡੀਆ ਦੀ ਰਿਪੋਰਟ ਮੁਤਾਬਕ ਜਬਰਦਸਤ ਵਿਰੋਧ ਪ੍ਰਦਰਸ਼ਨਾਂ ਕਰਕੇ 70 ਤੋਂ ਵੱਧ ਪੋਲਿੰਗ ਸਟੇਸ਼ਨ ਪੂਰੇ ਸਮੇਂ ਬੰਦ ਰਹੇ। ਫਰਸਟ ਪੋਸਟ (First Post) ਦੀ ਰਿਪੋਰਟ ਮੁਤਾਬਕ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਦੇ ਘੱਟ ਤੋਂ ਘੱਟ 100 ਮੁਲਾਜ਼ਮ ਸ੍ਰੀਨਗਰ ‘ਚ ਪ੍ਰਦਰਸ਼ਨਕਾਰੀਆਂ ਨਾਲ ਹੋਏ ਟਕਰਾਅ ‘ਚ ਜ਼ਖਮੀ ਹੋ ਗਏ। ਚੋਣ ਅਫਸਰ ਸ਼ਾਂਤਨੂ ਨੇ ਕਿਹਾ ਕਿ ਉਹ ਇਸ ਮੌਕੇ ਦੁਬਾਰਾ ਚੋਣ ਬਾਰੇ ਕੁਝ ਨਹੀਂ ਕਹਿ ਸਕਦੇ।

ਜ਼ਿਕਰਯੋਗ ਹੈ ਕਿ ਅਜ਼ਾਦੀ ਪਸੰਦ ਹੁਰੀਅਤ ਕਾਨਫਰੰਸ ਨੇ ਜ਼ਿਮਨੀ ਚੋਣ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੇ ਲਿਖਤੀ ਬਿਆਨ ‘ਚ ਕਿਹਾ ਕਿ ਚੋਣਾਂ ‘ਚ ਹਿੱਸਾ ਲੈਣਾ ਸ਼ਹੀਦਾਂ ਦੇ ਖੂਨ ਨਾਲ ਧ੍ਰੋਹ ਕਮਾਉਣ ਬਰਾਬਰ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Srinagar By-Poll: 6.5% Turnout; Indian forces kill 6 Kashmiri protesters …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: