ਗੁਰਦੁਆਰਾ ਟੁਟੀ ਗੰਢੀ ਸਾਹਿਬ, ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਜੁੜੇ ਸੰਗਤਾਂ ਦੇ ਇਕੱਠ ਦੀ ਇਕ ਪੁਰਾਣੀ ਤਸਵੀਰ

ਚੋਣਵੀਆਂ ਲਿਖਤਾਂ

ਸਿਧਾਂਤਕ ਤੇ ਇਤਿਹਾਸਕ ਮਹੱਤਤਾ ਦਾ ਸੁਮੇਲ ‘ਮਾਘੀ’ ਦਾ ਸਿੱਖ ਤਿਉਹਾਰ

By ਸਿੱਖ ਸਿਆਸਤ ਬਿਊਰੋ

January 14, 2019

ਮਾਘ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਤਿਉਹਾਰ ‘ਮਾਘੀ’ ਦੇ ਨਾਂ ਨਾਲ ਪ੍ਰਸਿਧ ਹੈ। ਇਸ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ ਹੈ। ਭਾਰਤੀ ਉਪਮਹਾਂਦੀਪ ਵਿਚ ਪ੍ਰਚੱਲਤ ਮਿਥਿਹਾਸਕ ਬਿਰਤਾਂਤਾਂ ‘ਤੇ ਉਸਰੇ ਇਹ ਪ੍ਰਸਿਧ ਤਿਉਹਾਰ ਹਨ। ਸਿੱਖ ਸਭਿਆਚਾਰ ਵਿਚ ਨਾ ਤਾਂ ਕਿਸੇ ਦਿਨ ਨੂੰ ਖ਼ਾਸ ਮੰਨਿਆ ਜਾਂਦਾ ਹੈ ਅਤੇ ਨਾ ਹੀ ਹੂਬਹੂ ਭਾਰਤੀ ਤਿਉਹਾਰਾਂ ਨੂੰ ਮਨਾਉਣ ਦੀ ਰਵਾਇਤ ਹੈ। ਜੇ ਸਿੱਖ ਸਭਿਆਚਾਰ ਵਿਚ ਕੁਝ ਦਿਨ-ਤਿਉਹਾਰ ਮਨਾਏ ਜਾਂਦੇ ਹਨ ਤਾਂ ਉਹਨਾਂ ਦਾ ਆਧਾਰ ਸਿੱਖ ਸਿਧਾਂਤ ਹਨ ਅਤੇ ਉਹਨਾਂ ਦਾ ਮਾਣਮੱਤਾ ਇਤਿਹਾਸਿਕ ਪਿਛੋਕੜ ਵੀ ਹੈ। ਮਾਘੀ ਦਾ ਤਿਉਹਾਰ ਉਹਨਾਂ ਵਿਚੋਂ ਇਕ ਹੈ।

ਪੁਰਾਤਨ ਸਮੇਂ ਤੋਂ ਮਨਾਇਆ ਜਾਂਦਾ ਮਾਘੀ ਦਾ ਤਿਉਹਾਰ ਹਿੰਦੂ ਮਤ ਅਨੁਸਾਰ ਮਾਘ ਦੀ ਪੂਰਨਮਾਸ਼ੀ ਨੂੰ ਆਉਂਦਾ ਹੈ। ਹਿੰਦੂ ਰਵਾਇਤ ਅਨੁਸਾਰ ਇਸ ਤਿਉਹਾਰ ‘ਤੇ ਤੀਰਥ ਇਸ਼ਨਾਨ, ਪੁੰਨ-ਦਾਨ ਅਤੇ ਜੀਵ ਦਇਆ ਕਰਨਾ ਪਵਿੱਤਰ ਤੇ ਸ਼ੁਭ ਸਮਝਿਆ ਜਾਂਦਾ ਹੈ ਕਿ ਇਸ ਨਾਲ ਮਨੁਖ ਦੇ ਪਾਪ ਅਤੇ ਮਾੜੇ ਕਰਮ ਨਵਿਰਤ ਹੋ ਜਾਂਦੇ ਹਨ। ਹਿੰਦੂ-ਸ਼ਾਸਤਰਾਂ ਮੁਤਾਬਿਕ ਇਸ ਮਹੀਨੇ ਦਾ ਪਹਿਲਾ ਦਿਨ ਬੜਾ ਪਵਿੱਤਰ ਹੈ, ਹਿੰਦੂਆਂ ਵਿਚ ਮਾਘੀ ਵਾਲੇ ਦਿਨ ਖਾਸ ਤੌਰ ‘ਤੇ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਨਾ ਬਹੁਤ ਪੁੰਨ ਕੰਮ ਸਮਝਿਆ ਜਾਂਦਾ ਹੈ।

ਸਿੱਖ ਧਰਮ ਵਿਚ ਮਾਘੀ ਦੇ ਦਿਨ ਦੀ ਉਪਰੋਕਤ ਪ੍ਰਸੰਗ ਵਿਚ ਕੋਈ ਸਾਰਥਕਤਾ ਨਹੀਂ ਹੈ ਸਗੋਂ ਇਥੇ ਇਸ ਦੀ ਧਾਰਮਿਕ ਅਤੇ ਇਤਿਹਾਸਿਕ ਮਹਤਤਾ ਹੈ। ਜਿਵੇਂ ਉਪਰ ਜ਼ਿਕਰ ਕੀਤਾ ਹੈ ਕਿ ਸਿੱਖ ਧਰਮ ਤੋਂ ਪਹਿਲਾਂ ਦੇ ਰਹਿਣ-ਸਹਿਣ ਚ ਇਸ ਖਿੱਤੇ ਮਾਘੀ ਦੇ ਤਿਉਹਾਰ ‘ਤੇ ਤੀਰਥ ਇਸ਼ਨਾਨ ਅਤੇ ਪੁੰਨ ਦਾਨ ਕਰਨਾ ਸ਼ੁਭ ਸਮਝਿਆ ਜਾਂਦਾ ਸੀ।  ਸਿੱਖ ਸਿਧਾਂਤਾਂ ਵਿਚ ਤੀਰਥ ਇਸ਼ਨਾਨ ਅਤੇ ਦਾਨ-ਪੁੰਨ ਨੂੰ ਸ਼ੁਧ ਧਾਰਮਿਕ ਪ੍ਰਾਪਤੀ ਲਈ ਕਾਫ਼ੀ ਨਹੀਂ ਮੰਨਿਆ ਗਿਆ। ਜਪੁ ਜੀ ਵਿਚ ‘ਤੀਰਥ ਤਪੁ ਦਇਆ ਦਤ ਦਾਨ’ ਦੁਆਰਾ ਤਿਲ ਮਾਤਰ ਹੀ ਮਾਣ ਵਡਿਆਈ ਦਾ ਮਿਲਣਾ ਫੁਰਮਾਇਆ ਗਿਆ ਹੈ। ਇਸੇ ਲਈ ‘ਅੰਤਰਗਤਿ ਤੀਰਥ ਮਲਿ ਨਾਉ’ ਦੇ ਉਪਦੇਸ਼ ਨਾਲ ਸੁਣਨ ਅਤੇ ਮੰਨਣ ਕਰਕੇ ਨਾਮ ਵਿਚ ਸੁਰਤ ਜੋੜਨ ਨਾਲ ਅੰਦਰਲਾ (ਮਾਨਸਿਕ) ਇਸ਼ਨਾਨ ਕਿਤੇ ਜ਼ਿਆਦਾ ਉਤਮ ਦਰਸਾਇਆ ਹੈ। ਭਾਈ ਗੁਰਦਾਸ ਜੀ ਅਨੁਸਾਰ ਤੀਰਥ ਇਸ਼ਨਾਨ, ਵਰਤ ਨੇਮ, ਸੰਜਮ ਆਦਿ ਦੀ

ਕੋਈ ਧਾਰਮਿਕ ਮਹਤਤਾ ਨਹੀਂ ਅਤੇ ਨਾ ਹੀ ਅਜਿਹੇ ਕਰਮ ਅਤੇ ਪਾਖੰਡ ਦਰਗਾਹ ਵਿਚ ਜਾਂਦੇ ਹਨ-

ਤੀਰਥ ਲਖ ਕਰੋੜਿ ਪੁਰਬੀ ਨਾਵਣਾ॥ ਦੇਵੀ ਦੇਵ ਸਥਾਨ ਸੇਵ ਕਰਾਵਣਾ॥ ਜਪ ਤਪ ਸੰਜਮ ਲਖ ਸਾਧਿ ਸਧਾਵਣਾ॥ ਹੋਮ ਜਗ ਨਈਵੇਦ ਭੋਗ ਲਗਾਵਣਾ॥ ਵਰਤ ਨੇਮ ਲਖ ਦਾਨ ਕਰਮ ਕਮਾਵਣਾ॥ ਲਉਬਾਲੀ ਦਰਗਾਹ ਪਖੰਡ ਨ ਜਾਵਣਾ ॥੧੫॥ (੨੧/੧੫)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਬਾਰਹਮਾਹਾਂ ਮਾਝ’ ਵਿਚਲਾ ਮਾਘ ਮਹੀਨੇ ਦਾ ਸ਼ਬਦ ‘ਮਾਘਿ ਮਜਨੁ ਸੰਗਿ ਸਾਧੂਆ ਧੂਰੀ ਕਰਿ ਇਸਨਾਨੁ’ (ਪੰਨਾ-੧੩੬) ਉਕਤ ਕਰਮ ਕਾਂਡਾਂ ਨੂੰ ਕਰਨ ਦੀ ਥਾਂ ਗੁਰੂ ਦੀ ਮਿਹਰ ਵਿਚ ਪ੍ਰਮਾਤਮਾ ਦੀ ਬੰਦਗੀ ਅਤੇ ਸਾਧੂ ਸੰਗਤ ਕਰਨ ਦੇ ਨਾਲ ਵਿਸ਼ੇ ਵਿਕਾਰਾਂ ਤੋਂ ਖਲਾਸੀ ਹੋਣ ਨਾਲ ਹੀ ਮਾਘ ਮਹੀਨੇ ਦਾ ਪਵਿਤਰ ਤੇ ਸ਼ੁਭ ਹੋਣਾ ਦਰਸਾਉਂਦਾ ਹੈ।

ਇਸੇ ਤਰ੍ਹਾਂ ਬਾਰਹਾਮਾਹਾ ਤੁਖਾਰੀ ਵਿਚਲਾ ‘ਮਾਘਿ ਪੁਨੀਤ ਭਈ ਤੀਰਥ ਅੰਤਰ ਜਾਨਿਆ’ ਦਾ ਸ਼ਬਦ ਵੀ ਕਿਸੇ ਤਰ੍ਹਾਂ ਦੇ ਬਾਹਰੀ ਇਸ਼ਨਾਨ ਦੀ ਥਾਂ ਮਨੁਖੀ ਅੰਤਹਕਰਣ ਦੇ ਇਸ਼ਨਾਨ ਨਾਲ ਪਵਿਤਰ ਹੋਣ ਦੀ ਸੇਧ ਦਿੰਦਾ ਹੈ। ਮਾਘੀ ਦੇ ਸਿੱਖ ਤਿਉਹਾਰ ਦੀ ਇਹ ਧਾਰਮਿਕ ਮਹਤਤਾ ਵੀ ਹੈ ਅਤੇ ਵਿਲਖਣਤਾ ਵੀ ਹੈ ਕਿ ਇਸ ਦਿਹਾੜੇ ‘ਤੇ ਸਮਾਜ ਵਿਚ ਪ੍ਰਚਲਿਤ ਅਡੰਬਰਾਂ ਤੇ ਕਰਮ ਕਾਂਡਾਂ ਦੀ ਥਾਂ ਅਕਾਲ ਪੁਰਖੁ ਦੀ ਬੰਦਗੀ ਅਤੇ ਸਰੀਰਕ ਸੁਚਤਾ ਦੀ ਥਾਂ ਮਾਨਸਿਕ/ਆਤਮਿਕ ਸ਼ੁਧਤਾ ਦੀ ਪ੍ਰਾਪਤੀ ਦਾ ਟੀਚਾ ਮਿਥਿਆ ਗਿਆ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਬਾਰਹਮਾਂਹ (ਮਾਝ ਤੇ ਤੁਖਾਰੀ) ਵਿਚ ਮਾਘ ਮਹੀਨੇ ਪ੍ਰਥਾਇ ਉਚਾਰਨ ਸ਼ਬਦਾਂ ਦੇ ਅਮਲ ਦੀ ਰੌਸ਼ਨੀ ਵਿਚ ਇਸ ਦੀ ਧਾਰਮਿਕ ਮਹਤਤਾ ਉਘੜਦੀ ਹੈ।

ਸਿੱਖ ਸਭਿਆਚਾਰ ਵਿਚ ਮਾਘੀ ਦਾ ਇਤਿਹਾਸਿਕ ਮਹਤਵ ਵੀ ਬੜਾ ਮਾਣਮੱਤਾ ਹੈ। ਇਸ ਦਾ ਪਿਛੋਕੜ ਸ੍ਰੀ ਮੁਕਤਸਰ ਸਾਹਿਬ (ਪੁਰਾਤਨ ਖਿਦਰਾਣੇ ਦੀ ਢਾਬ) ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਬੇਦਾਵਾ ਦੇਣ ਵਾਲੇ ਚਾਲੀ ਸਿੰਘਾਂ ਵੱਲੋਂ ਇਥੇ ਮੁਗਲ ਫੌਜ ਦਾ ਜ਼ਬਰਦਸਤ ਟਾਕਰਾ ਕਰਨ ਤੋਂ ਬਾਅਦ ਬੇਦਾਵਾ ਪੜਵਾ ਕੇ ਟੁਟੀ ਗੰਢਾਉਣ ਦੀ ਇਤਿਹਾਸਿਕ ਘਟਨਾ ਤੋਂ ਸ਼ੁਰੂ ਹੁੰਦਾ ਹੈ। ਵੈਸਾਖ ਸੰਮਤ ੧੭੬੨ (੧੭੦੫ ਈ.) ਨੂੰ ਸਰਹੰਦ ਦਾ ਸੂਬਾ ਵਜੀਰ ਖਾਂ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦਾ ਮਾਲਵੇ ਆਇਆ ਤਦ ਸਿੰਘਾਂ ਨੇ ਖਿਦਰਾਣੇ ਦੇ ਤਾਲ (ਢਾਬ) ਨੂੰ ਕਬਜੇ ਵਿਚ ਲੈ ਕੇ ਵੈਰੀ ਦਾ ਮੁਕਾਬਲਾ ਕੀਤਾ। ਸਿੰਘਾਂ ਨੇ ਇਸ ਮੁਕਾਬਲੇ ਵਿਚ ਵਡੀ ਬੀਰਤਾ ਨਾਲ ਸ਼ਹੀਦੀ ਪਾਈ। ਸ੍ਰੀ ਦਸਮੇਸ਼ ਜੀ ਨੇ ਭਾਈ ਮਹਾਂ ਸਿੰਘ ਦੀ ਇਛਾ ‘ਤੇ ਬੇਦਾਵਾ ਪਾੜ ਕੇ ਟੁਟੀ ਸਿੱਖੀ ਗੰਢੀ ਅਤੇ ਇਸ ਮੁਕਾਬਲੇ ਵਿਚ ਸ਼ਹੀਦ ਹੋਏ ਸਿੰਘਾਂ ਨੂੰ ਮੁਕਤੀ ਬਖਸ਼ ਕੇ ਇਸ ਥਾਂ ਦਾ ਨਾਂ ਮੁਕਤਸਰ ਰਖਿਆ। ਸ਼ਹੀਦ ਹੋਏ ਇਹਨਾਂ ਚਾਲੀ ਸਿੰਘਾਂ ਨੂੰ ਸਿੱਖ ਪੰਥ ਵਿਚ ‘ਚਾਲੀ ਮੁਕਤਿਆਂ’ ਦੇ ਸਤਿਕਾਰਤ ਦੇ ਪਵਿਤਰ ਪਦ ਨਾਲ ਯਾਦ ਕੀਤਾ ਜਾਂਦਾ ਹੈ। ‘ਟੁਟੀ ਸਿੱਖੀ ਗੰਢੀ’ ਦੇ ਮੁਹਾਵਰੇ ਨਾਲ ਯਾਦ ਕੀਤੀ ਜਾਂਦੀ ਇਹ ਘਟਨਾ ਗੁਰੂ ਵੱਲੋਂ ਮਨੁਖ ਦੀ ਟੁਟੀ ਗੰਢਣ ਦੇ ਸਿਧਾਂਤ ਦਾ ਅਮਲੀ ਵਰਤਾਰਾ ਹੈ, ਜਿਸ ਦਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਥਾਂ ਕਥਨ ਹੈ।

ਮਾਘੀ ਦਾ ਦਿਹਾੜਾ ਸਿੱਖ ਬੀਬੀਆਂ ਦੀ ਬੀਰਤਾ ਦੀ ਸਿਖਰ ਦਾ ਇਤਿਹਾਸਿਕ ਤਿਉਹਾਰ ਹੈ, ਜਿਸ ਵਿਚ ਸਿੱਖ ਬੀਬੀ ਨੇ ਖ਼ਾਲਸਾ ਫੌਜ ਦੀ ਅਗਵਾਈ ਕਰਦਿਆਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਆਏ ਸਿੱਖਾਂ ਨੂੰ ਪਛਤਾਵੇ ਲਈ ਮਜਬੂਰ ਕੀਤਾ ਅਤੇ ਮੁੜ ਗੁਰੂ ਵਾਲੇ ਬਣਨ ਲਈ ਉਤਸਾਹਤ ਕੀਤਾ। ਇਹ ਮਾਤਾ ਭਾਗ ਕੌਰ ਦਾ ੪੦ ਸਿੱਖਾਂ ‘ਤੇ ਕੀਤਾ ਉਪਕਾਰ ਸੀ। ਰਾਜ ਅਤੇ ਸਮਾਜ ਵਿਚ ਬੀਬੀਆਂ ਨੂੰ ਬਰਾਬਰੀ ਦੇ ਹੱਕ ਦੇਣ ਦੀ ਗੱਲ ਤਾਂ ਆਮ ਹੁੰਦੀ ਹੈ ਪਰ ਮਰਦਾਂ ਨੂੰ ਲਲਕਾਰ ਕੇ ਮੈਦਾਨ-ਏ-ਜੰਗ ਵਿਚ ਉਹਨਾਂ ਦੀ ਅਗਵਾਈ ਕਰਨੀ ਮਾਤਾ ਭਾਗ ਕੌਰ ਦੇ ਹੀ ਹਿਸੇ ਆਇਆ ਹੈ। ਇਸ ਘਟਨਾ ਨੇ ਬੀਬੀਆਂ ਵਿਚਲੇ ਸਵੈਮਾਣ, ਗੈਰਤ ਅਤੇ ਅਣਖ ਦੇ ਗੁਣਾਂ ਦਾ ਪ੍ਰਤੱਖ ਜਲਵਾ ਰੂਪਮਾਨ ਕੀਤਾ। ਇਸ ਪ੍ਰਸੰਗ ਵਿਚ ਮਾਘੀ ਦਾ ਤਿਉਹਾਰ ਬੀਬੀਆਂ ਦੇ ਮਾਣ-ਸਨਮਾਨ ਨੂੰ ਮਨੁੱਖੀ ਮਾਨਸਿੱਕਤਾ ਵਿਚ ਹਮੇਸ਼ਾਂ ਲਈ ਤਰੋ ਤਾਜ਼ਾ ਰਖੇਗਾ।

ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਨੂੰ ਭਾਰੀ ਜੋੜ ਮੇਲਾ ਲਗਦਾ ਹੈ ਅਤੇ ਇਥੇ ਇਸ ਦਿਨ ਕੀਰਤਨ, ਕਥਾ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਦਾ ਪ੍ਰਵਾਹ ਚਲਦਾ ਹੈ। ਸਿੱਖ ਸ਼ਰਧਾਲੂ ਇਸ ਦਿਨ ਪਵਿਤਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਅਤੇ ਇਤਿਹਾਸਿਕ ਲੜਾਈ ਨਾਲ ਸੰਬੰਧਤ ਥਾਵਾਂ ਦੇ ਦਰਸ਼ਨ ਕਰਦੇ ਹਨ। ਇਕ ਮਹੱਲਾ ਪ੍ਰਮੁਖ ਸਥਾਨ ਤੋਂ ਗੁਰਦੁਆਰਾ ਟਿਬੀਸਰ ਤਕ ਕਢਿਆ ਜਾਂਦਾ ਹੈ। ਮਾਘੀ ਦਾ ਤਿਉਹਾਰ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਹੋਰਨਾਂ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧਾਰਮਿਕ ਦੀਵਾਨਾਂ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

* ਗੁਰਤੇਜ ਸਿੰਘ ਠੀਕਰੀਵਾਲ (ਡਾ.), ਗੁਰੂ ਕਾਸ਼ੀ ਕਾਲਜ ਆਫ਼ ਸਿੱਖ ਸਟਡੀਜ਼, ਦਮਦਮਾ ਸਾਹਿਬ (ਬਠਿੰਡਾ)। ਸੰਪਰਕ: +੯੧-੯੪੬੩੮-੬੧੩੧੬

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: