ਕੌਮਾਂਤਰੀ ਖਬਰਾਂ

ਅਜ਼ਾਦੀ ਦੇ ਐਲਾਨ ਤੋਂ ਬਾਅਦ ਸਪੇਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਕੈਤਾਲੋਨੀਆ ਦੀ ਸੰਸਦ ਭੰਗ ਕਰਨ ਦਾ ਐਲਾਨ

By ਸਿੱਖ ਸਿਆਸਤ ਬਿਊਰੋ

October 28, 2017

ਬਾਰਸੀਲੋਨਾ: ਸਪੇਨ ਦੇ ਪ੍ਰਧਾਨ ਮੰਤਰੀ ਮਾਰੀਆਨੋ ਰਖੋਏ ਨੇ ਕੈਤਾਲੋਨੀਆ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਰਖੋਏ ਨੇ ਕੈਤਾਲੋਨੀਆ ਦੇ ਆਗੂ ਕਾਰਲੋਸ ਪੁਜ਼ੀਮੋਂਟ ਅਤੇ ਉਨ੍ਹਾ ਦੀ ਵਜ਼ਾਰਤ ਨੂੰ ਵੀ ਬਰਖਾਸਤ ਕਰਨ ਦਾ ਐਲਾਨ ਕਰ ਦਿੱਤਾ।

ਉਨ੍ਹਾਂ ਨੇ ਕੈਤਾਲੋਨੀਆ ‘ਚ ਚੋਣਾਂ ਕਰਾਉਣ ਦਾ ਐਲਾਨ ਵੀ ਕਰ ਦਿੱਤਾ ਅਤੇ ਕਿਹਾ ਕਿ ‘ਆਮ ਹਾਲਾਤ’ ਬਹਾਲ ਕਰਨ ਦੇ ਲਈ ਕੈਤਾਲੋਨੀਆ ਦੀ ਸੱਤਾ ਸਿੱਧੇ ਆਪਣੇ ਹੱਥ ‘ਚ ਲੈਣ ਤੋਂ ਬਿਨਾਂ ਹੁਣ ਹੋਰ ਕੋਈ ਰਾਹ ਨਹੀਂ ਬਚਿਆ ਸੀ।

ਲੰਬੇ ਸਮੇਂ ਤੋਂ ਅਜ਼ਾਦੀ ਦੀ ਮੰਗ ਕਰ ਰਹੇ ਕੈਤਾਲੋਨੀਆ ‘ਚ ਮੌਜੂਦਾ ਸੰਕਟ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਕੈਤਾਲੋਨੀਆ ‘ਚ ਅਜ਼ਾਦੀ ਲਈ ਰਾਏਸ਼ੁਮਾਰੀ ਕਰਵਾਈ ਗਈ ਅਤੇ ਸਪੇਨ ਦੀ ਸੰਵਿਧਾਨਕ ਅਦਾਲਤ ਨੇ ਇਸਨੂੰ ਗ਼ੈਰਕਾਨੂੰਨੀ ਦੱਸ ਦਿੱਤਾ ਸੀ।

ਰਖੋਏ ਨੇ ਕੈਤਾਲੋਨੀਆ ‘ਚ 21 ਦਸੰਬਰ ਨੂੰ ਦੁਬਾਰਾ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ। ਹਾਲਾਤਾਂ ਨੂੰ ਦੁਖਦਾਇਕ ਦੱਸਦੇ ਹੋਏ ਰਖੋਏ ਨੇ ਕਿਹਾ, “ਅਸੀਂ ਕਦੇ ਇਹੋ ਜਿਹੇ ਹਾਲਾਤ ਨਹੀਂ ਚਾਹੁੰਦੇ ਸੀ।” ਰਖੋਏ ਨੇ ਕੈਤਾਲੋਨੀਆ ਦੇ ਪੁਲਿਸ ਮੁਖੀ ਨੂੰ ਵੀ ਬਰਖਾਸਤ ਕੀਤੇ ਜਾਣ ਦਾ ਐਲਾਨ ਕੀਤਾ।

ਕੈਤਾਲੋਨੀਆ ਦੀ ਸੰਸਦ ਨੇ ਬਹੁਮਤ ਨਾਲ ਆਜ਼ਾਦੀ ਦਾ ਐਲਾਨ ਕੀਤਾ ਜਦਕਿ ਸਪੇਨ ਨੇ ਪਹਿਲਾਂ ਤੋਂ ਹੀ ਕੈਤਾਲੋਨੀਆਂ ਨੂੰ ਮਿਲੀਆਂ ਤਾਕਤਾਂ ਖਤਨ ਕਰਨ ਦਾ ਫੈਸਲਾ ਆਪਣੀ ਸੰਸਦ ‘ਚ ਲਿਆ।

ਇਸਤੋਂ ਪਹਿਲਾਂ ਬੀਤੇ ਕੱਲ੍ਹ (ਸ਼ੁੱਕਰਵਾਰ 27 ਅਕਤੂਬਰ, 2017) ਨੂੰ ਕੈਤਾਲੋਨੀਆ ਦੀ ਸੰਸਦ ਵਲੋਂ ਅਜ਼ਾਦੀ ਦੇ ਹੱਕ ‘ਚ ਫੈਸਲਾ ਲਿਆ ਗਿਆ। 135 ਮੈਂਬਰਾਂ ਵਾਲੀ ਕੈਤਾਲੋਨੀਆ ਦੀ ਸੰਸਦ ‘ਚ 70 ਮੈਂਬਰਾਂ ਨੇ ਅਜ਼ਾਦੀ ਦੇ ਹੱਕ ‘ਚ ਵੋਟਾਂ ਪਾਈਆਂ ਜਦਕਿ 10 ਮੈਂਬਰਾਂ ਨੇ ਵਿਰੋਧ ‘ਚ ਅਤੇ ਵਿਰੋਧੀ ਧਿਰ ‘ਦੇ ਬਾਕੀ ਸਾਰਿਆਂ ਨੇ ਵੋਟਿੰਗ ‘ਚ ਹਿੱਸਾ ਨਹੀਂ ਲਿਆ।

ਇਸ ਰਾਏਸ਼ੁਮਾਰੀ ਤੋਂ ਬਾਅਦ ਕੈਤਾਲੋਨੀਆ ਨੇ ਸਪੇਨ ਦੇ ਸੰਵਿਧਾਨ ਨੂੰ ਰੱਦ ਕਰ ਦਿੱਤਾ ਸੀ। ਸਪੇਨ ਨੇ ਆਪਣੇ ਇਸ ਫੈਸਲੇ ਨਾਲ ਕੈਤਾਲੋਨੀਆ ਦੀ ਅੰਸ਼ਕ ਖੁਦਮੁਖਤਿਆਰੀ ਖਤਮ ਕਰਕੇ ਸੱਤਾ ਸਿੱਧੇ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਕੈਤਾਲੋਨੀਆ ਦੀ ਸੰਸਦ ‘ਚ ਹੋਈ ਰਾਏਸ਼ੁਮਾਰੀ ਤੋਂ ਬਾਅਦ ਰਾਜਧਾਨੀ ਬਾਰਸੀਲੋਨਾ ‘ਚ ਇਮਾਰਤ ਦੇ ਬਾਹਰ ਅਜ਼ਾਦੀ ਪਸੰਦ ਲੋਕਾਂ ਦਾ ਭਾਰੀ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ। ਲੋਕਾਂ ਨੇ ਅਜ਼ਾਦੀ ਦਾ ਐਲਾਨ ਕਰਨ ‘ਤੇ ਝੰਡੇ ਲਹਿਰਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

ਸਬੰਧਤ ਖ਼ਬਰ: ਕੈਟੇਲੋਨੀਆ: ਰਾਏਸ਼ੁਮਾਰੀ: ਸਪੇਨ ਦੀ ਅਦਾਲਤ ਵਲੋਂ ਪੁਲਿਸ ਮੁਖੀ ਖਿਲਾਫ ‘ਦੇਸ਼ਧ੍ਰੋਹ’ ਦੀ ਜਾਂਚ ਦੇ ਹੁਕਮ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: