ਐੱਸ. ਪੀ ਸਲਵਿੰਦਰ ਸਿੰਘ

ਆਮ ਖਬਰਾਂ

ਪਠਾਨਕੋਟ ਹਮਲਾ: ਐੱਸ. ਪੀ ਸਲਵਿੰਦਰ ਸਿੰਘ ਦਾ ਝੂਠ ਫੜ੍ਹਨ ਵਾਲਾ ਟੈਸਟ ਅੱਜ ਹੋਵੇਗਾ

By ਸਿੱਖ ਸਿਆਸਤ ਬਿਊਰੋ

January 19, 2016

ਨਵੀਂ ਦਿੱਲੀ (18 ਜਨਵਰੀ, 2016): ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਸ਼ੱਕ ਦੇ ਘੇਰੇ ਵਿੱਚ ਆਏ ਪੰਜਾਬ ਪੁਲਿਸ ਦੇ ਐੱਸ. ਪੀ ਸਲਵਿੰਦਰ ਸਿੰਘ ਦਾ ਨੈਸ਼ਨਲ ਜਾਂਚ ਏਜ਼ੰਸੀ ਵੱਲੋਂ ਝੂਠ ਫੜ੍ਹਨ ਵਾਲਾ ਟੈਸਟ ਕਰਵਾਇਆ ਜਾਵੇਗਾ।

ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਪਠਾਨਕੋਟ ਹਮਲੇ ਦੀ ਜਾਂਚ ਦੇ ਸਬੰਧ ਵਿਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਸਲਵਿੰਦਰ ਸਿੰਘ ਦਾ ਝੂਠ ਫੜਨ ਵਾਲਾ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ। ਨੈਸ਼ਨਲ ਜਾਂਚ ਏਜ਼ੰਸੀ ਦੀ ਟੀਮ ਅੱਜ ਸਲਵਿੰਦਰ ਸਿੰਘ ਨੂੰ ਨਾਲ ਲੈ ਕੇ ਜ਼ਿਲ੍ਹਾ ਜੱਜ ਅਮਰਨਾਥ ਦੀ ਅਦਾਲਤ ਵਿਚ ਪੁੱਜੀ ਅਤੇ ਉਸ ਦਾ ਲਾਈ-ਡਿਟੈਕਟਰ ਟੈਸਟ ਕਰਨ ਦੀ ਇਜਾਜ਼ਤ ਦੇਣ ਲਈ ਇਕ ਅਰਜ਼ੀ ਦਾਇਰ ਕੀਤੀ।

ਅਦਾਲਤ ਦੇ ਸੂਤਰਾਂ ਅਨੁਸਾਰ ਅਰਜ਼ੀ ‘ਤੇ ਸੁਣਵਾਈ ਦੌਰਾਨ ਨੈਸ਼ਨਲ ਜਾਂਚ ਏਜ਼ੰਸੀ ਨੇ ਮਾਣਯੋਗ ਜੱਜ ਨੂੰ ਦੱਸਿਆ ਕਿ ਪੁੱਛਗਿੱਛ ਦੌਰਾਨ ਸਲਵਿੰਦਰ ਸਿੰਘ ਦੇ ਬਿਆਨਾਂ ਵਿਚ ਪਰਸਪਰ ਵਿਰੋਧੀ ਗੱਲਾਂ ਸਾਹਮਣੇ ਆਈਆਂ ਹਨ, ਇਸ ਲਈ ਉਨ੍ਹਾਂ ਨੂੰ ਉਸ ਦਾ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸੂਤਰਾਂ ਨੇ ਦੱਸਿਆ ਕਿ ਸਲਵਿੰਦਰ ਸਿੰਘ ਨੇ ਵੀ ਜੱਜ ਸਾਹਮਣੇ ਟੈਸਟ ਲਈ ਆਪਣੀ ਰਜ਼ਾਮੰਦੀ ਜ਼ਾਹਿਰ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸਲਵਿੰਦਰ ਸਿੰਘ ਨੇ ਦੱਸਿਆ ਸੀ ਕਿ 31 ਦਸੰਬਰ ਅਤੇ ਇਕ ਜਨਵਰੀ ਦੀ ਰਾਤ ਨੂੰ ਪਠਾਨਕੋਟ ਵਿਚ ਹਵਾਈ ਫ਼ੌਜ ਦੇ ਅੱਡੇ ‘ਤੇ ਹਮਲੇ ਤੋਂ ਪਹਿਲਾਂ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਅਗਵਾ ਕਰ ਲਈ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਹਮਲਾਵਰਾਂ ਨੇ ਉਸ ਨੂੰ ਪੰਜ ਪੀਰ ਦਰਗਾਹ ਤੋਂ ਵਾਪਸ ਮੁੜਦੇ ਸਮੇਂ ਅਗਵਾ ਕਰ ਲਿਆ ਸੀ ਅਤੇ ਬਾਅਦ ਵਿਚ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਉਸ ਦੀ ਪਛਾਣ ਦਾ ਪਤਾ ਨਹੀਂ ਲੱਗਾ। ਪਠਾਨਕੋਟ ਸੈਨਿਕ ਹਵਾਈ ਅੱਡੇ ਅੰਦਰ ਤਿੰਨ ਦਿਨ ਤਕ ਚੱਲੇ ਮੁਕਾਬਲੇ ਵਿਚ 6 ਹਮਲਾਵਰ ਮਾਰੇ ਗਏ ਸਨ ਅਤੇ ਇਸ ਮੁਕਾਬਲੇ ਵਿਚ 7 ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: