ਖਾਸ ਖਬਰਾਂ

ਇਨਸਾਫ ਦੇਣ ਤੋਂ ਟਾਲ-ਮਟੋਲ ਕਰਨ ਲਈ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਸੀਬੀਆਈ ਨੂੰ ਦਿੱਤੀ: ਮਾਨ

By ਸਿੱਖ ਸਿਆਸਤ ਬਿਊਰੋ

July 31, 2018

ਫ਼ਤਹਿਗੜ੍ਹ ਸਾਹਿਬ: ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਸੀਬੀਆਈ ਨੂੰ ਦੇਣ ਦੇ ਪੰਜਾਬ ਸਰਕਾਰ ਵਲੋਂ ਲਏ ਫੈਂਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਨਸਾਫ ਦੇਣ ਤੋਂ ਟਾਲ-ਮਟੋਲ ਕਰਨ ਦੀ ਨੀਤੀ ਦਾ ਹਿੱਸਾ ਦੱਸਿਆ ਹੈ। ਅਖਬਾਰਾਂ ਦੇ ਨਾਂ ਜਾਰੀ ਲਿਖਤੀ ਬਿਆਨ ਵਿਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ ਉਤੇ ਅਗਲੇਰੀ ਕਾਰਵਾਈ ਨਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਕੇਸ ਅਤੇ ਸਿੱਖਾਂ ਦੇ ਕਤਲ ਦੇ ਕੇਸ ਸੀ.ਬੀ.ਆਈ. ਨੂੰ ਸੌਪਣ ਦੇ ਅਮਲਾਂ ਨੂੰ ਅਤਿ ਹੈਰਾਨੀਜਨਕ ਅਤੇ ਦੁੱਖਦਾਇਕ ਕਰਾਰ ਦਿੰਦੇ ਹੋਏ ਕਿਹਾ, “ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਰਾਹੀਂ ਇਹ ਸਾਬਤ ਹੋ ਚੁੱਕਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਦੇ ਚੇਲਿਆ ਵੱਲੋਂ ਇਕ ਡੂੰਘੀ ਸਾਜਿ਼ਸ਼ ਤਹਿਤ ਪੰਜਾਬ ਵਿਚ ਬਾਦਲ ਹਕੂਮਤ ਵੇਲੇ ਸਿੱਖ ਮਨਾਂ ਨੂੰ ਡੂੰਘੀ ਸੱਟ ਪਹੁੰਚਾਉਣ ਵਾਲੀਆ ਕਾਰਵਾਈਆ ਹੋਈਆ ਸਨ ਅਤੇ ਇਹ ਕਾਰਾ ਕੇਂਦਰ ਦੀ ਭਾਜਪਾ-ਆਰ.ਐਸ.ਐਸ. ਦੇ ਆਦੇਸ਼ਾਂ ‘ਤੇ ਨੇਪਰੇ ਚਾੜਿਆ ਗਿਆ ਸੀ ਅਤੇ ਇਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪੂਰੀ ਤਰ੍ਹਾਂ ਭਾਈਵਾਲ ਹਨ ਅਤੇ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ, ਪੁਲਿਸ ਅਫਸਰ ਉਮਰਾਨੰਗਲ ਅਤੇ ਉਨ੍ਹਾਂ ਵਰਗੇ ਹੋਰ ਪੁਲਿਸ ਅਫਸਰਾਂ ਵੱਲੋਂ ਦੋਸ਼ੀਆ ਦੀ ਸਰਪ੍ਰਸਤੀ ਕੀਤੀ ਗਈ ਸੀ ਅਤੇ ਇਹ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਪੰਜਾਬ ਦੇ ਟੇਬਲ ਤੇ ਕਲਮਬੰਦ ਹੋ ਕੇ ਪਹੁੰਚ ਚੁੱਕੀ ਹੈ, ਫਿਰ ਇਨ੍ਹਾਂ ਦੋਸ਼ੀਆ ਅਤੇ ਕਾਤਲਾਂ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੋਰੀ ਕਾਨੂੰਨੀ ਕਾਰਵਾਈ ਕਰਨ ਤੋਂ ਪਿੱਛੇ ਹੱਟਕੇ ਸੀ.ਬੀ.ਆਈ. ਨੂੰ ਜਾਂਚ ਦੇਣ ਦੀ ਕਾਰਵਾਈ ਕੇਵਲ ਸਿੱਖ ਮਨਾਂ ਤੇ ਆਤਮਾਵਾਂ ਨੂੰ ਡੂੰਘੇ ਜ਼ਖਮ ਦੇਣ ਦੇ ਹੀ ਤੁੱਲ ਅਮਲ ਨਹੀਂ ਹਨ, ਬਲਕਿ ਅਜਿਹਾ ਅਮਲ ਕਰਕੇ ਸਿੱਖਾਂ ਨੂੰ ਬਣਦਾ ਇਨਸਾਫ਼ ਦੇਣ ਤੋਂ ਕੈਪਟਨ ਅਮਰਿੰਦਰ ਸਿੰਘ ਟਾਲ-ਮਟੋਲ ਦੀ ਨੀਤੀ ਤੇ ਅਮਲ ਕਰ ਰਹੇ ਹਨ। ਜਿਸ ਨੂੰ ਸਿੱਖ ਕੌਮ ਕਦੇ ਸਹਿਣ ਨਹੀਂ ਕਰੇਗੀ ਅਤੇ ਸਿੰਘ ਸਾਹਿਬਾਨ ਬਰਗਾੜੀ ਮੋਰਚੇ ਨੂੰ ਸਹੀ ਨਤੀਜਾ ਆਉਣ ਤੱਕ ਇਸੇ ਤਰ੍ਹਾਂ ਜਾਰੀ ਰੱਖਣਗੇ ।”

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਮਾਇਕ ਤੌਰ ਤੇ 1-1 ਕਰੋੜ ਰੁਪਏ ਸਹਾਇਤਾ ਦੇਣ, ਪਰਿਵਾਰ ਦੇ ਇਕ-ਇਕ ਮੈਬਰ ਨੂੰ ਨੌਕਰੀ ਦੇਣ ਅਤੇ ਜਖਮੀਆ ਨੂੰ 10-10 ਲੱਖ ਰੁਪਏ ਦੇਣ ਦੇ ਫੈਸਲੇ ਨੂੰ ਬੇਸ਼ੱਕ ਸਹੀ ਮੰਨਦਾ ਹੈ, ਪਰ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਅਤੇ ਸਿੱਖਾਂ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਬਣਦੀ ਸਜਾ ਨਹੀਂ ਦਿੱਤੀ ਜਾਂਦੀ, ਉਦੋ ਤੱਕ ਸਿੱਖ ਮਨਾਂ ਨੂੰ ਸ਼ਾਂਤ ਕਰਨਾ ਅਸੰਭਵ ਹੋਵੇਗਾ।

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਭਾਰਤ ਵਿਚ ਕੋਈ ਮੁਸਲਮਾਨ ਗਾਵਾਂ ਦਾ ਕਾਰੋਬਾਰ ਕਰਦੇ ਹੋਏ ਹਿੰਦੂਆ ਦੀ ਗ੍ਰਿਫ਼ਤ ਵਿਚ ਆ ਜਾਂਦਾ ਹੈ ਤਾਂ ਹਿੰਦੂਤਵ ਸੋਚ ਵਾਲੇ ਉਸ ਨੂੰ ਕਾਨੂੰਨ ਦੀ ਉਲੰਘਣ ਕਰਕੇ ਮਨੁੱਖਤਾ ਵਿਰੋਧੀ ਅਮਲਾਂ ਰਾਹੀ ਝੱਟ ਮੌਤ ਦੇ ਮੂੰਹ ਵਿਚ ਧੱਕ ਦਿੰਦੇ ਹਨ। ਜਦੋਂ ਪਾਕਿਸਤਾਨ ਵਿਚ ਕੋਈ ਕੁਰਾਨ ਸਰੀਫ਼ ਦੀ ਬੇਅਦਬੀ ਕਰ ਦੇਵੇ ਤਾਂ ਉਸ ਨੂੰ ਫ਼ਾਂਸੀ ਦਿੱਤੀ ਜਾਂਦੀ ਹੈ । ਫਿਰ ਸਿੱਖ ਦੇ ਹਾਜਰਾ-ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆ ਨੂੰ ਕੋਈ ਸਜ਼ਾ ਨਾ ਦੇਣ ਦੀ ਕਾਰਵਾਈ ਕਰਕੇ ਸਿੱਖ ਕੌਮ ਨਾਲ ਗੁਲਾਮੀਅਤ ਅਤੇ ਜ਼ਲਾਲਤ ਵਾਲਾ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਵਰਤਾਅ ਕਿਉਂ ਕੀਤਾ ਜਾ ਰਿਹਾ ਹੈ?

ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦਾ ਵਿਸ਼ਾ ਪੰਜਾਬ ਸੂਬੇ ਦੇ ਮੁੱਖ ਮੰਤਰੀ ਕੋਲ ਸੂਬੇ ਦੇ ਅਧਿਕਾਰਾਂ ਵਿਚ ਆਉਂਦਾ ਹੈ । ਜਿਸ ਉਤੇ ਮੁੱਖ ਮੰਤਰੀ ਖੁਦ ਫੈਸਲਾ ਲੈਣ ਦਾ ਹੱਕ ਰੱਖਦੇ ਹਨ। ਫਿਰ ਉਹ ਕਾਨੂੰਨ ਮੁਤਾਬਿਕ ਕਾਰਵਾਈ ਕਰਨ ਤੋਂ ਕਿਉਂ ਡਰ ਰਹੇ ਹਨ? ਦੂਜਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਫੜਕੇ ਲੱਖਾਂ ਦੇ ਇਕੱਠ ਵਿਚ ਜਨਤਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦਾ ਪੰਜਾਬੀਆ ਤੇ ਸਿੱਖ ਕੌਮ ਨਾਲ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਚਨ ਕੀਤਾ ਸੀ। ਫਿਰ ਉਸ ਗੁਰੂ ਨਾਲ ਕੀਤੇ ਗਏ ਬਚਨ ਅਤੇ ਸਿੱਖਾਂ ਨਾਲ ਕੀਤੇ ਗਏ ਇਕਰਾਰ ਤੋਂ ਹੁਣ ਮੁਨਕਰ ਹੋਣਾ ਹੋਰ ਵੀ ਦੁੱਖਦਾਇਕ ਤੇ ਸਿੱਖ ਵਿਰੋਧੀ ਕਾਰਵਾਈ ਹੈ। ਅਜਿਹੇ ਅਮਲ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਬਜਾਇ ਟਾਲ-ਮਟੋਲ ਵਾਲੀ ਗਹਿਰੀ ਖਾਈ ਵੱਲ ਧੱਕਣ ਵਾਲੇ ਹਨ, ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਪੰਜਾਬ ਸੂਬੇ ਦਾ ਸਿੱਖ ਮੁੱਖ ਮੰਤਰੀ ਵੀ ਸਿੱਖ ਕੌਮ ਦੇ ਮਸਲਿਆ ਨੂੰ ਸੰਜ਼ੀਦਗੀ ਤੇ ਇਮਾਨਦਾਰੀ ਨਾਲ ਹੱਲ ਨਹੀਂ ਕਰ ਰਿਹਾ। ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ‘ਤੇ ਧੋਣ ਉੱਚੀ ਕਰਕੇ ਵਿਚਰਣ ਅਤੇ ਹਰ ਖੇਤਰ ਵਿਚ ਬਰਾਬਰਤਾ ਦੇ ਆਧਾਰ ਤੇ ਇਨਸਾਫ਼ ਹਾਸਿਲ ਕਰਨ ਲਈ ਇਕੋ-ਇਕ ਸਹੀ ਹੱਲ ਹੈ ਕਿ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਜ਼ਾਦ ਮੁਲਕ ਪਾਕਿਸਤਾਨ, ਹਿੰਦ ਅਤੇ ਚੀਨ ਦੀ ਤ੍ਰਿਕੋਣ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਜਿਥੇ ਸਿੱਖ ਵਸੋਂ ਵੱਸਦੀ ਹੈ, ਖ਼ਾਲਿਸਤਾਨ ਕਾਇਮ ਹੋਵੇ ਜਿਥੇ ਸਿੱਖ ਕੌਮ ਆਪਣੀ ਆਜ਼ਾਦੀ ਦਾ ਨਿੱਘ ਮਾਨਣ ਦੇ ਨਾਲ-ਨਾਲ ਕੌਮਾਂਤਰੀ ਤਰੱਕੀ ਵਿਚ ਵੀ ਆਪਣੇ ਧਰਮੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸਰਬੱਤ ਦੇ ਭਲੇ ਦੇ ਮਿਸ਼ਨ ਅਧੀਨ ਆਜ਼ਾਦੀ ਨਾਲ ਅਮਲ ਕਰ ਸਕੇ।

ਲਿਖਤੀ ਬਿਆਨ ਵਿਚ ਕਿਹਾ ਗਿਆ, “ਜਿਸ ਡੇਰਾ ਸਿਰਸਾ ਮੁਖੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀਆ ਕਾਰਵਾਈਆ ਨੂੰ ਅਮਲੀ ਰੂਪ ਦਿਵਾਇਆ ਸੀ, ਉਸ ਵਿਰੁੱਧ ਸ. ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਸਿੱਖ ਸੋਚ ਮੁਤਾਬਿਕ ਕਾਰਵਾਈ ਕਰਨ ਦੀ ਬਜਾਇ ਬੀਜੇਪੀ ਤੇ ਆਰ.ਐਸ.ਐਸ. ਦੇ ਹੁਕਮਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਬਲਕਿ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਦਿੱਲੀ ਬੁਲਾਕੇ ਮੁਆਫ਼ ਕਰਨ ਦੇ ਆਦੇਸ਼ ਦਿੱਤੇ ਗਏ। ਸਿੱਖ ਮਨਾਂ ਨੂੰ ਸ਼ਾਂਤ ਕਰਨ ਦੀ ਬਜਾਇ ਹੋਰ ਜਖ਼ਮ ਦਿੱਤੇ ਗਏ। ਜਦੋਂ ਸਿਰਸੇਵਾਲੇ ਸਾਧ ਨੂੰ ਮੁਆਫ਼ ਕਰਨ ਤੋਂ ਬਾਅਦ ਸਿੱਖ ਕੌਮ ਵਿਚ ਬਾਦਲਾਂ ਤੇ ਜਥੇਦਾਰ ਵਿਰੁੱਧ ਰੋਹ ਟੀਸੀ ਤੇ ਪਹੁੰਚ ਗਿਆ ਤਾਂ ਬਾਦਲ ਤੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦੇ ਕੌਮੀ ਖਾਤੇ ਵਿਚੋਂ 97 ਲੱਖ ਰੁਪਏ ਦੀ ਦੁਰਵਰਤੋਂ ਕਰਕੇ ਅਖਬਾਰਾਂ ਤੇ ਮੀਡੀਏ ਵਿਚ ਸਿਰਸੇਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ ਕਰਨ ਨੂੰ ਜਾਇਜ ਠਹਿਰਾਉਦੇ ਹੋਏ ਇਸ਼ਤਿਹਾਰ ਦਿੱਤੇ ਗਏ। ਇਸ ਲਈ ਸਿਰਸੇਵਾਲੇ ਸਾਧ ਦੇ ਨਾਲ-ਨਾਲ, ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ, ਸੈਣੀ ਅਤੇ ਉਮਰਾਨੰਗਲ ਵਰਗੇ ਪੁਲਿਸ ਅਫ਼ਸਰ ਸਿੱਖ ਕੌਮ ਦੇ ਦੋਸ਼ੀ ਹਨ ਅਤੇ ਦੋਸ਼ੀ ਰਹਿਣਗੇ। ਕੋਈ ਵੀ ਤਾਕਤ ਜਾਂ ਕੋਈ ਵੀ ਸਾਜਿ਼ਸ ਇਨ੍ਹਾਂ ਸਿੱਖ ਕੌਮ ਦੇ ਕਾਤਲਾਂ ਤੇ ਦੋਸ਼ੀਆ ਨੂੰ ਕਿਸੇ ਵੀ ਢੰਗ ਰਾਹੀ ਬਰੀ ਨਹੀਂ ਕਰ ਸਕਦੇ ਕਿਉਂਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਕਦੇ ਵੀ ਆਪਣੇ ਕਾਤਲਾਂ ਨੂੰ ਨਾ ਤਾਂ ਭੁੱਲਦੀ ਹੈ ਅਤੇ ਨਾ ਹੀ ਮੁਆਫ਼ ਕਰਦੀ ਹੈ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: