April 3, 2021 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – “ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆ ਵੱਲੋਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਇਕ ਸਾਜਿ਼ਸ ਤਹਿਤ ਲਾਪਤਾ ਕੀਤੇ ਗਏ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਗਿਆ ਹੈ, ਉਸ ਗੰਭੀਰ ਵਿਸ਼ੇ ਨੂੰ ਲੈਕੇ ਇਸ ਵਿਚ ਦੋਸ਼ੀ ਐਸ.ਜੀ.ਪੀ.ਸੀ. ਅਧਿਕਾਰੀਆਂ ਅਤੇ ਅਹੁਦੇਦਾਰਾਂ ਵਿਰੁੱਧ ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕਰਵਾਉਣ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਬਣਦੀਆ ਸਜ਼ਾਵਾਂ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਹਿਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ 17 ਸਤੰਬਰ 2020 ਨੂੰ ਇਕੱਤਰਤਾ ਕਰਦੇ ਹੋਏ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੂੰ ਇਸ ਘਟਨਾ ਦੇ ਦੋਸ਼ੀਆਂ ਵਿਰੁੱਧ ਐਫ.ਆਈ.ਆਰ. ਦਰਜ ਕਰਵਾਉਣ ਦੀ ਅਪੀਲ ਕੀਤੀ ਗਈ ਸੀ। 22 ਸਤੰਬਰ 2020 ਨੂੰ ਉਸ ਸਮੇਂ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੇ ਗ੍ਰਹਿ ਲੌਗੋਵਾਲ ਵਿਖੇ ਇਨਸਾਫ਼ ਪ੍ਰਾਪਤੀ ਲਈ ਮੋਰਚਾ ਲਗਾਇਆ ਗਿਆ, 28 ਸਤੰਬਰ 2020 ਨੂੰ ਜਦੋਂ ਐਸ.ਜੀ.ਪੀ.ਸੀ. ਦਾ ਬਜਟ ਇਜਲਾਸ ਹੋਇਆ ਤਾਂ ਉਸ ਦਿਨ ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਦੀ ਜ਼ਮੀਰ ਨੂੰ ਹਲੂਣਾ ਦੇਣ ਲਈ ਸਮੁੱਚੀਆ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲਿਖਤੀ ਰੂਪ ਵਿਚ ਉਪਰੋਕਤ ਗੰਭੀਰ ਵਿਸ਼ੇ ਤੇ ਲਾਹਨਤ-ਪੱਤਰ ਦਿੱਤਾ ਗਿਆ ਤਾਂ ਜੋ ਜੋ ਜਾਗਦੀ ਜਮੀਰ ਵਾਲੇ ਮੈਬਰ ਆਪਣੇ ਗੁਰੂ ਸਾਹਿਬ ਦੇ ਹੋਏ ਅਪਮਾਨ ਅਤੇ ਲਾਪਤਾ ਹੋਣ ਸੰਬੰਧੀ ਆਪਣੀਆ ਕੌਮੀ, ਧਾਰਮਿਕ ਜਿ਼ੰਮੇਵਾਰੀਆ ਪੂਰੀਆ ਕਰ ਸਕਣ ਅਤੇ ਇਸ ਹੋਈ ਦੁੱਖਦਾਇਕ ਘਟਨਾ ਵਿਰੁੱਧ ਇਹ ਮੈਬਰ ਲਾਮਬੰਦ ਹੋ ਕੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਆਈਆ ਵੱਡੀਆ ਖਾਮੀਆ ਲਈ ਕੋਈ ਉਦਮ ਕਰ ਸਕਣ। ਪਰ ਦੁੱਖ ਅਤੇ ਅਫ਼ਸੋਸ ਹੈ ਕਿ 2-4 ਐਸ.ਜੀ.ਪੀ.ਸੀ. ਮੈਬਰਾਂ ਨੂੰ ਛੱਡਕੇ ਕਿਸੇ ਨੇ ਵੀ ਇਸ ਸੰਜ਼ੀਦਾ ਮੁੱਦੇ ਉਤੇ ਨਾ ਤਾਂ ਕੋਈ ਗੰਭੀਰਤਾ ਵਿਖਾਈ ਅਤੇ ਨਾ ਹੀ ਇਸ ਦਿਸ਼ਾ ਵੱਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਈ ਉਦਮ ਕੀਤਾ ਗਿਆ। 27 ਨਵੰਬਰ 2020 ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਿਸ ਦਿਨ ਐਸ.ਜੀ.ਪੀ.ਸੀ. ਦੇ ਪ੍ਰਧਾਨ ਦੀ ਦੋਸ਼ਪੂਰਨ ਢੰਗ ਰਾਹੀ ਚੋਣ ਹੋਣੀ ਸੀ, ਉਸ ਦਿਨ ਇਸ ਦੋਸ਼ਪੂਰਨ ਪ੍ਰਬੰਧ ਵਿਰੁੱਧ ਵੀ ਰੋਸ ਦਰਬਾਰ ਸਾਹਿਬ ਦੇ ਪਲਾਜਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਉਠਾਈ ਗਈ। ਉਪਰੰਤ 06 ਦਸੰਬਰ 2020 ਤੋਂ ਐਸ.ਜੀ.ਪੀ.ਸੀ ਦੀ ਨਵੀ ਬਣੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਗ੍ਰਹਿ ਬੇਗੋਵਾਲ ਵਿਖੇ ਇਹ ਮੋਰਚਾ ਸੁਰੂ ਕੀਤਾ ਗਿਆ । ਜੋ ਨਿਰੰਤਰ ਚੱਲ ਰਿਹਾ ਹੈ ਜਿਸਨੂੰ ਚੱਲਦਿਆ 120 ਦਿਨ ਹੋ ਗਏ ਹਨ । ਇਸ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਲਾਪਤਾ ਹੋਣ ਅਤੇ ਅਪਮਾਨ ਹੋਣ ਸੰਬੰਧੀ ਇਨਸਾਫ਼ ਲੈਣ ਲਈ ਅਤੇ ਇਸ ਮੋਰਚੇ ਨੂੰ ਹੋਰ ਤੇਜ਼ ਕਰਨ ਲਈ ਮਿਤੀ 05 ਅਪ੍ਰੈਲ 2021 ਨੂੰ ਬੇਗੋਵਾਲ ਤੋਂ ਸਵੇਰੇ 10 ਵਜੇ ਰੋਸ਼ ਮਾਰਚ ਸੁਰੂ ਕਰਕੇ ਭਦਾਸ ਚੌਕ ਤੱਕ ਕੀਤਾ ਜਾਵੇਗਾ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਦਿੰਦੇ ਹੋਏ ਸਮੁੱਚੀ ਸਿੱਖ ਕੌਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀਆ ਪੰਥਕ ਜਥੇਬੰਦੀਆਂ ਜਿਨ੍ਹਾਂ ਵਿਚ ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ, ਸੁਤੰਤਰ ਅਕਾਲੀ ਦਲ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਰਾਗੀਆ, ਢਾਡੀਆ, ਕਥਾਵਾਚਕਾਂ, ਪ੍ਰਚਾਰਕਾਂ, ਬੁੱਧੀਜੀਵੀਆਂ, ਨੌਜ਼ਵਾਨਾਂ, ਕਿਸਾਨਾਂ, ਮਜ਼ਦੂਰਾਂ, ਟਰਾਸਪੋਰਟਰਾਂ, ਵਪਾਰੀਆ, ਕਾਰੋਬਾਰੀਆ, ਵਿਦਿਆਰਥੀਆਂ ਨੂੰ 05 ਅਪ੍ਰੈਲ 2021 ਨੂੰ ਸਵੇਰੇ 10 ਵਜੇ ਆਪੋ-ਆਪਣੇ ਸਾਥੀਆਂ ਅਤੇ ਵਹੀਕਲ ਸਮੇਤ ਬੇਗੋਵਾਲ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਦਿੱਤੀ। ਉਨ੍ਹਾਂ ਇਹ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਲਈ ਸਭ ਤੋਂ ਸਤਿਕਾਰਯੋਗ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਜਿਨ੍ਹਾਂ ਤੋਂ ਸਮੁੱਚੀ ਸਿੱਖ ਕੌਮ ਅਤੇ ਮਨੁੱਖਤਾ ਹਰ ਖੇਤਰ ਵਿਚ ਅਗਵਾਈ ਲੈਦੀ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਲਾਪਤਾ ਹੋਣ ਅਤੇ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਅਤੇ ਬਣਦੀ ਸਜ਼ਾ ਦਿਵਾਉਣ ਲਈ ਹਰ ਨਾਨਕ ਨਾਮ ਲੇਵਾ ਦਾ ਪਰਮ-ਧਰਮ ਫਰਜ ਬਣ ਜਾਂਦਾ ਹੈ ਅਤੇ ਉਹ ਆਪਣੀ ਇਖਲਾਕੀ ਜਿ਼ੰਮੇਵਾਰੀ ਸਮਝਕੇ 05 ਅਪ੍ਰੈਲ ਦੇ ਵੱਡੇ ਮਕਸਦ ਵਾਲੇ ਪੰਥਕ ਇਕੱਠ ਵਿਚ ਸਮੂਲੀਅਤ ਕਰਕੇ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਤੇ ਅਧਿਕਾਰੀਆਂ ਨੂੰ ਦੋਸ਼ੀਆਂ ਵਿਰੁੱਧ ਐਫ.ਆਈ.ਆਰ. ਦਰਜ ਕਰਵਾਉਣ ਲਈ ਮਜਬੂਰ ਕਰਨ ਦੀ ਕੌਮੀ ਜਿ਼ੰਮੇਵਾਰੀ ਨਿਭਾਉਣਗੇ।
Related Topics: Bibi Jagir Kaur, Gobind Singh Longowal, SGPC, Simranjeet Singh Mann