ਕਿਰਪਾਨ

ਲੜੀਵਾਰ ਕਿਤਾਬਾਂ

ਕ੍ਰਿਪਾਨ ਦੇ ਮਸਲੇ ‘ਤੇ ਇਟਲੀ ਦੇ ਸਿੱਖ ਆਗੂ, ਇਟਾਲੀਅਨ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ 7 ਅਪ੍ਰੈਲ ਨੂੰ ਕਰਨਗੇ ਮੀਟਿੰਗ

By ਸਿੱਖ ਸਿਆਸਤ ਬਿਊਰੋ

March 30, 2015

ਵੀਨਸ, ਇਟਲੀ (29 ਮਾਰਚ, 2015): ਇਟਲੀ ਵਿੱਚ ਕ੍ਰਿਪਾਨ ਬਾਰੇ ਸਿੱਖਾਂ ਦੀ ਹੋਈ ਸਾਂਝੀ ਸਹਿਮਤੀ ਤੋਂ ਇਟਾਲੀਅਨ ਗ੍ਰਹਿ ਮੰਤਰਾਲੇ ਨੂੰ ਇਸ ਫੈਸਲੇ ਤੋਂ ਜਾਣੂੰ ਕਰਾਉਣ ਲਈ ਤੇ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਹੁਣ ਇਟਲੀ ਦੇ ਸਿੱਖ ਆਗੂਆਂ ਤੇ ਇਟਾਲੀਅਨ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਵਿਚਕਾਰ ਅਹਿਮ ਮੀਟਿੰਗ 7 ਅਪ੍ਰੈਲ ਨੂੰ ਰੋਮ ਹੋਮ ਮਨਿਸਟਰੀ ਵਿਖੇ ਹੋਵੇਗੀ।

ਇਟਲੀ ਵਿੱਚ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਦੇ ਲਈ ਤੇ ਇਟਾਲੀਅਨ ਸਰਕਾਰ ਦੁਆਰਾ ਜਤਨਕ ਥਾਵਾਂ ‘ਤੇ ਕ੍ਰਿਪਾਨ ਪਹਿਨਣ ਦੀ ਇਜਾਜ਼ਤ ਦਿੱਤੇ ਜਾਣ ਸਬੰਧੀ ਇੱਥੋਂ ਦੇ ਸਿੱਖ ਆਗੂਆਂ ਦੁਆਰਾ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਸਿੱਖ ਧਰਮ ਨੂੰ ਰਜਿਸਟਰ ਕਰਾਉਣ ਲਈ ਇਟਾਲੀਅਨ ਇੰਜੀਨੀਅਰ ਦੁਆਰਾ ਪਾਸ ਕੀਤੇ ਕ੍ਰਿਪਾਨ ਦੇ ਅਕਾਰ ਸਬੰਧੀ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਪਿਛਲੇ ਦਿਨ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰਿਜੋਮੀਲੀਆ ਵਿਖੇ ਹੋਈ ਅਹਿਮ ਮੀਟਿੰਗ ਦੌਰਾਨ ਇਹ ਪੱਖ ਉੱਭਰ ਕੇ ਸਾਹਮਣੇ ਆਇਆ ਕਿ ਇਟਲੀ ਦੀ ਸਰਕਾਰ ਦੁਆਰਾ 6 ਸੈਂਟੀਮੀਟਰ ਦੇ ਸਰਬਲੋਹ ਬਲੇਡ ਵਾਲੀ ਅਤੇ 4 ਸੈਂਟੀਮੀਟਰ ਦੇ ਹੱਥੇ ਵਾਲੀ (ਕੁੱਲ ਮਿਲਾ ਕੇ 10 ਸੈਂਟੀਮੀਟਰ ਦੇ ਅਕਾਰ ਵਾਲੀ ਕ੍ਰਿਪਾਨ ਪਹਿਨਣ ਦੀ ਇਜਾਜ਼ਤ ਮਿਲ ਸਕਦੀ ਹੈ ਜਿਸ ਤੇ ਸਮੁੱਚੀਆਂ ਪੰਥਕ ਸਖਸ਼ੀਅਤਾਂ ਨੇ ਸਹਿਮਤੀ ਪ੍ਰਗਟਾਈ।

ਰਿਜੋਮੀਲੀਆ ਵਿਖੇ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ 31 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇਦਿਆਂ ਨੇ ਸ਼ਾਮਿਲ ਹੋ ਕੇ ਇਸ ਮਸਲੇ ਤੇ ਬੇਮਿਸਾਲ ਪੰਥਕ ਇਕੱਠ ਕਰਕੇ ਪਹਿਲੀ ਵਾਰੀ ਕੌਮੀ ਏਕਤਾ ਦਾ ਭਰਵਾਂ ਸਬੂਤ ਵੀ ਦਿੱਤਾ।

ਸਿੱਖ ਧਰਮ ਨੂੰ ਰਜਿਸਟਰ ਕਰਾਉਣ ਲਈ ਅਹਿਮ ਭੂਮਿਕਾ ਨਿਭਾਅ ਰਹੇ ਉੱਘੇ ਆਗੂ ਸ: ਕਰਮਜੀਤ ਸਿੰਘ ਢਿੱਲੋਂ ਨੇ ਮੀਟਿੰਗ ਦੌਰਾਨ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਟਲੀ ਦੀ ਸਰਕਾਰ ਇੱਥੋਂ ਦੇ ਸਿੱਖਾਂ ਦੀ ਉਹ ਅਹਿਮ ਮੰਗ ਮੰਨਣ ਲਈ ਰਾਜ਼ੀ ਹੋਈ ਹੈ ਜਿਸ ਤਹਿਤ ਇਟਲੀ ਵਿੱਚ ਸਿੱਖ ਇਕ ਨਿਰਧਾਰਿਤ ਅਕਾਰ ਵਾਲੀ ਕ੍ਰਿਪਾਨ ਪਹਿਨ ਕੇ ਅਜ਼ਾਦੀ ਨਾਲ ਤੁਰ ਫਿਰ ਸਕਣਗੇ। ਇਹ ਕ੍ਰਿਪਾਨ ਸਿੱਖਾਂ ਦੇ ਧਾਰਮਿਕ ਚਿੰਨ੍ਹ ਵਜੋਂ ਵਾਚੀ ਜਾਵੇਗੀ ਅਤੇ ਬੱਚੇ ਸਕੂਲਾਂ ਵਿੱਚ ਕ੍ਰਿਪਾਨ ਪਹਿਨ ਕੇ ਜਾ ਸਕਣਗੇ ਤੇ ਕ੍ਰਿਪਾਨ ਧਾਰਨ ਕਰਕੇ ਹਵਾਈ ਜਹਾਜ਼ਾਂ ਵਿੱਚ ਸਫਰ ਵੀ ਕੀਤਾ ਜਾ ਸਕੇਗਾ।

ਕ੍ਰਿਪਾਨ ਦੇ ਇਸ ਅਕਾਰ ਸਬੰਧੀ ਇਟਲੀ ਸਿੱਖ ਕੌਂਸਲ, ਨੈਸ਼ਨਲ ਧਰਮ ਪ੍ਰਚਾਰ ਕਮੇਟੀ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਇਟਲੀ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਇਟਲੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਮਦਮੀ ਟਕਸਾਲ ਇਟਲੀ ਆਦਿ ਪੰਥਕ ਜਥੇਬੰਦੀਆਂ ਅਤੇ ਹਾਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਦੁਆਰਾ ਬਾਹਾਂ ਖੜੀਆਂ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਆਪਣੀ ਸਹਿਮਤੀ ਪ੍ਰਗਟਾਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: