ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ਼ ਸਿਰਸਾ ’ਚ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ

ਸਿੱਖ ਖਬਰਾਂ

ਸਰਸੇ ਵਿੱਚ ਸਿੱਖ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਖਿਲਾਫ ਕੀਤਾ ਰੋਸ ਮਾਰਚ

By ਸਿੱਖ ਸਿਆਸਤ ਬਿਊਰੋ

October 24, 2015

ਸਰਸਾ (23 ਅਕਤੂਬਰ, 2015): ਪੰਜਾਬ ਦੇ ਜਿਲਾ ਫਰੀਦਕੋਟ ਦੇ ਕਸਬਾ ਬਰਗਾੜੀ ਅਤੇ ਹੋਰਨਾਂ ਥਾਂਵਾਂ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਅਸਲ ਦੋਸ਼ੀਆਂ ਨੂੰ ਫੜਨ ਅਤੇ ਫੜੇ ਗਏ ਨਿਰਦੋਸ਼ ਨੌਜਵਾਨ ਰੁਪਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈਕੇ ਅਤੇ ਪੰਜਾਬ ਸਰਕਾਰ ਦੀਆਂ ਪੰਥ ਵਿਰੋਧੀ ਕਾਰਾਈਆਂ ਖਿਲਾਫ ਸਿੱਖ ਸੰਗਤ ਨੇ ਅੱਜ ਸਿਰਸਾ ਸ਼ਹਿਰ ਵਿੱਚ ਰੋਸ਼ ਮਾਰਚ ਕੱਢਿਆ।

ਇਸ ਰੋਸ਼ ਮਾਰਚ ਵਿੱਚ ਜ਼ਿਲ੍ਹਾ ਸਿਰਸਾ ਤੋਂ ਵੱਡੀ ਗਿਣਤੀ ’ਚ ਸਿੱਖ ਸੰਗਤ ਨੇ ਭਾਗ ਲਿਆ।ਨਾਮਧਾਰੀ ਸੰਪਰਦਾ ਨੇ ਇਸ ਮਾਰਚ ਵਿੱਚ ਵੱਥ ਚੜ੍ਹ ਕੇ ਹਿੱਸਾ ਲੈਦਿਆਂ ਪੰਥਕ ਏਕੇ ਦਾ ਸੁਨੇਹਾ ਦਿੰਦੇ ਬੈਨਰ ਫੜੇ ਹੋਏ ਸਨ।

ਅੱਜ ਸਵੇਰੇ ਸਿੱਖ ਸੰਗਤ ਸਿਰਸਾ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਇਕੱਤਰ ਹੋਈ ਵੱਖ ਵੱਖ ਬੁਲਾਰਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਅਤੇ ਅਸਲ ਦੋਸ਼ੀਆਂ ਨੂੰ ਫੜਨ ਵਿੱਚ ਅਸਫਲ ਰਹਿਣ ਅਤੇ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਬੁਲਾਰਿਆਂ ਅਤੇ ਆਗੂਆਂ ਨੇ ਨਿਖੇਧੀ ਕੀਤੀ।ਇਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਂਤੀਪੂਰਵਕ ਲਾਲਬੱਤੀ ਚੌਕ ਉੱਤੇ ਪੁੱਜੀ। ਇਸ ਦੌਰਾਨ ਸਿੱਖਾਂ ਨੇ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕਰਦੇ ਹੋਏ ਪ੍ਰਦਰਸ਼ਨ ਕੀਤਾ ਅਤੇ ਚੌਕ ’ਚ ਧਰਨਾ ਵੀ ਦਿੱਤਾ।

ਸਿੱਖ ਸੰਗਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਨਾਅਰੇਬਾਜੀ ਵੀ ਕੀਤੀ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਪੁਤਲੇ ਫੂਕੇ ਗਏ।

ਇਸ ਮੌਕੇ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਵਿੱਚ ਮਾਰਚ ਕੱਢਣ ਵਾਲੀ ਸਿੱਖ ਸੰਗਤ ’ਤੇ ਬਾਦਲ ਸਰਕਾਰ ਗੋਲੀਆਂ ਬਰਸਾ ਰਹੀ ਹੈ। ਜਿਸ ਵਿੱਚ ਦੋ ਸਿੱਖ ਸ਼ਹੀਦ ਹੋ ਚੁੱਕੇ ਹਨ ਪਰ ਜਿਨ੍ਹਾਂ ਲੋਕਾਂ ਨੇ ਇਹ ਘਿਨੌਣੀ ਕਰਤੂਤ ਕੀਤੀ ਹੈ ਉਨ੍ਹਾਂ ਨੂੰ ਬਾਦਲ ਆਪਣੇ ਕੋਲ ਲੁੱਕਾ ਕੇ ਬੈਠਾ ਹੈ। ਜੋ ਲੋਕ ਫੜੇ ਗਏ ਹਨ ਉਹ ਨਿਰਦੋਸ਼ ਹਨ।

ਰੋਸ਼ ਪ੍ਰਦਰਸ਼ਨ ਵਿੱਚ ਇਹ ਮਾਰਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮਲਿਕ ਸਿੰਘ ਭਾਵਦੀਨ, ਵਰਿੰਦਰ ਸਿੰਘ ਖਾਲਸਾ ਸ਼ਹਿਰੀ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਚਰਨ ਸਿੰਘ ਸੂਬਾ ਜਨਰਲ ਸਕੱਤਰ, ਬੰਟੀ ਗਰੋਵਰ, ਬਾਬਾ ਪ੍ਰੀਤਮ ਸਿੰਘ ਮਲੜ੍ਹੀ, ਰਜਿੰਦਰ ਸਿੰਘ ਸਰਾਂ, ਮਨਜੀਤ ਸਿੰਘ ਚਾਵਲਾ, ਨਵਨੀਤ ਸਿੰਘ ਸੇਠੀ , ਬਲਰਾਜ ਸਿੰਘ ਬਾਜਵਾ, ਸੁਰਿੰਦਰ ਸਿੰਘ, ਲਖਬੀਰ ਸਿੰਘ, ਗੁਰਮੇਲ ਸਿੰਘ, ਨਿਸ਼ਾਨ ਸਿੰਘ, ਜੋਗਾ ਸਿੰਘ ਸਮੇਤ ਵੱਡੀ ਗਿਣਤੀ ’ਚ ਸਿੱਖ ਸੰਗਤ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: