ਸਿੱਖ ਖਬਰਾਂ

ਸਿਰਸਾ ਵਿੱਚ ਬਾਬਾ ਦਾਦੂਵਾਲ ਅਤੇ ਝੀਡਾ ਦੀ ਅਗਵਾਈ ਵਿੱਚ ਸੋਦਾ ਸਾਧ ਦੀ ਫਿਲਮ ਵਿਰੁੱਧ ਕੀਤਾ ਰੋਸ ਮਾਰਚ

By ਸਿੱਖ ਸਿਆਸਤ ਬਿਊਰੋ

January 20, 2015

ਸਿਰਸਾ (19 ਜਨਵਰੀ, 2015): ਸੌਦਾ ਸਾਧ ਸਿਰਸਾ ਦੀ ਵਿਵਾਦਤ ਫ਼ਿਲਮ ‘ਮੈਸੈਂਜਰ ਆਫ਼ ਗੌਡ’ (ਐਮ. ਐਸ. ਜੀ.) ਨੂੰ ਲੈ ਕੇ ਸਿਰਸਾ ‘ਚ ਸਥਿਤੀ ਤਣਾਅਪੂਰਨ ਵਾਲੀ ਬਣੀ ਗਈ ਹੈ।

ਇਸ ਫਿਲਮ ਦੇ ਰਿਲੀਜ਼ ਹੋਣ ਬਾਰੇ ਭਾਵੇਂ ਹਾਲੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਪਰ ਇਸ ਫਿਲਮ ਅੱਜ ਜਿਥੇ ਸਿੱਖ ਸੰਗਤ ਨੇ ਫਿਲਮ ‘ਤੇ ਪਾਬੰਦੀ ਲਾਏ ਜਾਣ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਦਸਵੀਂ ਪਾਤਸ਼ਾਹੀ ਤੋਂ ਕੁਝ ਦੂਰ ਤੱਕ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ ਉਥੇ ਹੀ ਡੇਰਾ ਪ੍ਰੇਮੀ ਨਾਮ ਚਰਚਾ ਲਈ ਪੁਰਾਣੇ ਹਸਪਤਾਲ ਨੇੜੇ ਇਕੱਠੇ ਹੋਏ।

ਸਿੱਖ ਸੰਗਤ ਦੀ ਮੀਟਿੰਗ ਗੁਰਦੁਆਰੇ ‘ਚ ਚਲਦੀ ਰਹੀ ਤਾਂ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਉਨੀਂ ਦੇਰ ਚਲਦੀ ਰਹੀ । ਦੋਵਾਂ ਵਿਚਾਲੇ ਟਕਰਾਅ ਦੀ ਸਥਿਤੀ ਦੇ ਖਦਸ਼ੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਖਾਂ ਦੇ ਰੋਸ ਮਾਰਚ ਨੂੰ ਗੁਰਦੁਆਰਾ ਤੋਂ ਥੋੜੀ ਹੀ ਦੂਰੀ ‘ਤੇ ਰੋਕ ਲਿਆ ਜਿਥੇ ਸਿੱਖ ਸੰਗਤ ਨੇ ਫਿਲਮ ‘ਤੇ ਪਾਬੰਦੀ ਲਾਏ ਜਾਣ ਲਈ ਆਪਣਾ ਮੰਗ ਪੱਤਰ ਹਰਿਆਣਾ ਦੇ ਰਾਜਪਾਲ ਦੇ ਨਾਂਅ ਸਿਰਸਾ ਦੇ ਐਸ.ਡੀ.ਐਮ. ਨੂੰ ਦਿੱਤਾ ।

ਸਿੱਖ ਸੰਗਤ ਦੀ ਅਗਵਾਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੇ ਪੰਥਕ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕੀਤੀ।

ਰੋਸ ਮਾਰਚ ਲਈ ਸਿੱਖ ਸੰਗਤ ਅੱਜ ਸਵੇਰੇ ਗੁਰਦੁਆਰਾ ਦਸਵੀਂ ਪਾਤਸ਼ਾਹੀ ਵਿਖੇ ਇੱਕਠੀ ਹੋਣੀ ਸ਼ੁਰੂ ਹੋ ਗਈ ਜਿਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਇਸ ਫਿਲਮ ‘ਤੇ ਰੋਕ ਲਾਏ ਜਾਣ ਲਈ ਸੈਂਸਰ ਬੋਰਡ ਦੀ ਚੇਅਰਪਸਨ ਲੀਲਾ ਸੈਮਸਨ ਸਮੇਤ 9 ਮੈਂਬਰਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਤੱਕ ਦੇ ਦਿੱਤਾ ਪਰ ਸਰਕਾਰ ਧੱਕੇਸ਼ਾਹੀ ਕਰਦਿਆਂ ਇਸ ਫਿਲਮ ਨੂੰ ਮਨਜੂਰੀ ਦੇਣ ਲਈ ਬਜ਼ਿੱਦ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਫਿਲਮ ਨੂੰ ਚੱਲਣ ਦੀ ਇਜਾਜ਼ਤ ਦਿੰਦੀ ਹੈ ਤਾਂ ਨਾ ਸਿਰਫ ਪੰਜਾਬ ਬਲਕਿ ਹਰਿਆਣਾ, ਦਿੱਲੀ, ਰਾਜਸਥਾਨ ਤੇ ਹੋਰ ਕਈ ਸੂਬਿਆਂ ‘ਚ ਹਾਲਾਤ ਵਿਗੜ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਸ ਫਿਲਮ ਨੂੰ ਰਿਲੀਜ਼ ਹੋਣੋ ਰੋਕਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: