ਨਵੰਬਰ 1984 ਸਿੱਖ ਨਸਲਕੁਸ਼ੀ

ਸਿਆਸੀ ਖਬਰਾਂ

ਪਾਸਵਾਨ ਦੀ ਮੁਸਲਮਾਨਾਂ ਨੂੰ ਨਸੀਅਤ ਜਿਵੇਂ ਸਿੱਖਾਂ ਨੇ ਦਿੱਲੀ ਸਿੱਖ ਕਤਲੇਆਮ ਨੂੰ ਭੁਲਾ ਦਿੱਤਾ ਹੈ, ਤੁਸੀ ਵੀ ਗੁਜਰਾਤ ਦੇ ਮੁਸਲਿਮ ਕਤਲੇਆਮ ਨੂੰ ਭੁੱਲ ਜਾਉ!

By ਸਿੱਖ ਸਿਆਸਤ ਬਿਊਰੋ

June 11, 2014

ਨਵੀਂ ਦਿੱਲੀ (10 ਜੂਨ 2014): ਅੱਜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜ਼ਮਹੂਰੀ ਗਠਜੋੜ ਸਰਕਾਰ ਦੀ ਭਾਈਵਾਲ ਲੋਕ ਜਨਸ਼ਕਤੀ ਪਾਰਟੀ ਨੇ ਕਿਹਾ ਹੈ ਕਿ ਹੁਣ ਸਮਾਂ ਅੱਗੇ ਵੱਧਣ ਅਤੇ ਗੋਧਰਾ ਨੂੰ ਭੁੱਲਣ ਦਾ ਹੈ ਤਾਂ ਜੋ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਉਦੇਸ਼ ਪੂਰਾ ਕੀਤਾ ਜਾ ਸਕੇ।

ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਦੀ ਤਾਈਦ ਕਰਦਿਆਂ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਰਾਮ ਵਿਲਾਸ ਪਾਸਵਾਨ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਸੁਪਨਾ ਦਿੱਤਾ ਹੈ ਅਤੇ ਹੁਣ ਦੇਸ਼ ਦੇ ਲੋਕਾਂ ਨੂੰ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ।

ਅਜੀਤ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਪਾਸਵਾਨ ਨੇ ਕਿਹਾ ਬੀਤੇ ਸਮਿਆਂ ‘ਚ ਐਮਰਜੈਂਸੀ, 1984 ਦੇ ਸਿੱਖ ਵਿਰੋਧੀ ਦੰਗਿਆਂ( ਸਿੱਖ ਕਤਲੇਆਮ), ਭਾਗਲਪੁਰ ਦੰਗਿਆਂ, ਮੁਜ਼ੱਫਰਨਗਰ ਦੰਗਿਆਂ ਵਰਗੀਆਂ ਘਟਨਾਵਾਂ ਵਾਪਰੀਆਂ ਅਤੇ ਲੋਕ ਇਨ੍ਹਾਂ ਨੂੰ ਭੁੱਲ ਚੁੱਕੇ ਹਨ ਤਾਂ ਗੋਧਰਾ ਦੰਗਿਆਂ ਨੂੰ ਕਿਉਂ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਗੋਧਰਾ ਦੰਗਿਆਂ ਨੂੰ 12 ਸਾਲ ਹੋ ਗਏ ਹਨ, ਦੇਸ਼ ਦੇ ਲੋਕ ਹੋਰ ਕਿੰਨਾ ਚਿਰ ਇਨ੍ਹਾਂ ਨੂੰ ਯਾਦ ਰੱਖਣਗੇ।

ਮੁਸਲਮਾਨਾਂ ਨੂੰ ਨਸੀਹਤ ਦੇਣ ਦੇ ਅੰਦਾਜ਼ ਵਿੱਚ ਪਾਸਵਾਨ ਨੇ ਕਿਹਾ ਕਿ ਜੇਕਰ ਸਿੱਖ 1984 ਦੇ ਦਿੱਲੀ ਸਿੱਖ ਕਤਲੇਆਮ ਨੂੰ ਭੁੱਲ ਚੁੱਕੇ ਹਨ, ਤਾਂ ਗੁਜਰਾਤ ਵਿੱਚ ਗੋਧਰਾ ਕਾਂਡ ਤੋਂ ਬਾਅਦ ਮੁਸਲਮਾਨਾਂ ਦੇ ਕਤਲੇਆਮ ਨੂੰ ਮੁਸਲਮਾਨ ਕਿਉਂ ਨਹੀਂ ਭੁਲਾ ਸਕਦੇ।

ਮੋਦੀ ਦੇ ਵਾਅਦੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਪ੍ਰੋੜਤਾ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਿਜਾਏ ਆਲੋਚਨਾ ਕਰਨ ਦੇ ਗੰਭੀਰ ਹੋਵੇ ਅਤੇ ਰਾਸ਼ਟਰਪਤੀ ਦੇ ਭਾਸ਼ਣ ‘ਚ ਢੁਕਵੀਂ ਬਹਿਸ ਕਰਨ ‘ਚ ਮਦਦ ਕਰੇ। ਹੇਠਲੇ ਸਦਨ ਦੇ 8 ਵਾਰ ਚੁਣੇ ਗਏ ਮੈਂਬਰ ਸ੍ਰੀ ਪਾਸਵਾਨ ਨੇ ਕਿਹਾ ਕਿ 30 ਸਾਲਾਂ ਦੇ ਬਾਅਦ ਦੇਸ਼ ਦੇ ਲੋਕਾਂ ਨੇ ਐੱਨ. ਡੀ. ਏ. ਦੇ ਹੱਕ ‘ਚ ਫਤਵਾ ਦਿੱਤਾ ਹੈ ਅਤੇ ਇਸ ਨੇ 336 ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਫਿਰਕੂ ਨਹੀਂ ਕਿਹਾ ਜਾ ਸਕਦਾ।

 ਉਨ੍ਹਾਂ ਕਿਹਾ ਕਿ ਸਰਕਾਰ ਘੱਟ ਗਿਣਤੀਆਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਅਤੇ ਦੰਗਿਆਂ ਨੂੰ ਰੋਕੇ ਜਾਣ ਸਬੰਧੀ ਵਚਨਬੱਧ ਹੈ। ਉਨ੍ਵਾਂ ਕਿਹਾ ਔਰਤਾਂ ਦੇ ਰਾਖਵੇਂਕਰਨ ਬਿੱਲ ਨੂੰ ਵੀ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਕੋਲ ਨੇਤਾ, ਨੀਤੀ ਅਤੇ ਨੀਅਤ ਤਿੰਨੇ ਚੀਜ਼ਾਂ ਹਨ ਅਤੇ ਇਹ ਸਾਰੀਆਂ ਮੁਸ਼ਕਿਲਾਂ ਹੱਲ ਕਰ ਕੇ ਦੇਸ਼ ਨੂੰ ਮਜ਼ਬੂਤ ਬਣਾਏਗੀ।

1984 ਦੇ ਸਿੱਖ ਕਤਲੇਆਮ ਨੂੰ ਭੁੱਲਣ ਦੇ ਮੁੱਦੇ ‘ਤੇ ਪਾਸਵਾਨ  ਦੀ ਆਲੋਚਨਾ ਕਰਦਿਆਂ ਪੰਚ ਪ੍ਰਧਾਨੀ ਦੇ ਭਾਈ ਹਾਰਪਾਲ ਸਿੰਘ ਚੀਮਾ ਨੇ ਕਿਹਾ ਕਿ”  ਸਿੱਖ 1984 ਨੂੰ ਕਿਵੇਂ ਭੁੱਲ ਜਾਣ, ਇਸਨੂੰ ਭੁੱਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਹਿੰਦੂ ਰਾਸ਼ਟਰਚ ਵੱਲੋਂ ਦਿੱਤੇ ਜ਼ਖਮ ਅਜੇ ਤੱਕ ਰਿਸ ਰਹੇ ਹਨ  ਅਤੇ ਸਿੱਖਾਂ ਨੂੰ ਇਸ ਮਸਲੇ ‘ਤੇ ਨਿਆ ਨਹੀਂ ਮਿਲਿਆ ਅਤੇ ਨਾ ਹੀ ਹਿੰਦੂਵਾਦੀ ਰਾਸ਼ਟਰ ਨੇ ਇਸ ਮੁੱਦੇ ‘ਤੇ ਦੁੱਖ ਪ੍ਰਗਟ ਕੀਤਾ ਸਗੋਂ ਸਾਡੇ ਜ਼ਖਮਾਂ ‘ਤੇ ਲੂਣ ਛਿੜਕਿਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: