ਸਿੱਖ ਖਬਰਾਂ

ਜੱਥੇਦਾਰ ਨੰਦਗੜ੍ਹ ਨੂੰ ਹਟਾਉਣ ਦੇ ਫੈਸਲੇ ਨੂੰ ਮਾਨਤਾ ਨਾ ਦਿੱਤੀ ਜਾਵੇ: ਪੰਥਕ ਤਾਲਮੇਲ ਕਮੇਟੀ

By ਸਿੱਖ ਸਿਆਸਤ ਬਿਊਰੋ

January 20, 2015

ਅੰਮਿ੍ਤਸਰ (19 ਜਨਵਰੀ, 2015): ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਦੇ ਮੁਦੇ ‘ਤੇ ਪੰਥਕ ਤਾਲਮੇਲ ਸੰਗਠਨ ਨੇ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਨੂੰ ਹਟਾਉਣ ਵਾਲੇ ਫੈਸਲੇ ਨੂੰ ਮਾਨਤਾ ਨਾ ਦਿੱਤੀ ਜਾਵੇ।

ਪੰਥਕ ਤਾਲਮੇਲ ਸੰਗਠਨ ਦੀ ਬੀਤੇ ਦਿਨ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਦੇ ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬ ਵਿਖੇ ਹੋਈ ਇਕੱਤਰਤਾ, ਜਿਸ ‘ਚ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਗਿਆਨੀ ਜਗਤਾਰ ਸਿੰਘ ਜਾਚਕ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਅਕਾਲ ਪੁਰਖ ਕੀ ਫੌਜ ਸੰਸਥਾ ਅੰਮਿ੍ਤਸਰ, ਗੁਰਪ੍ਰੀਤ ਸਿੰਘ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ, ਹਰਦੀਪ ਸਿੰਘ ਮੈਂਬਰ ਸ਼੍ਰੋ: ਗੁ: ਪ੍ਰੰਬਧਕ ਕਮੇਟੀ, ਕਿ੍ਪਾਲ ਸਿੰਘ ਬਠਿੰਡਾ, ਏਕਨੂਰ ਖਾਲਸਾ ਸੰਸਥਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸ਼ੁੱਭਕਰਮਨ ਸੁਸਾਇਟੀ ਤੇ ਸਤਿਕਾਰ ਸਭਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਕੇਸ ਸੰਭਾਲ ਪ੍ਰਚਾਰ ਸੰਸਥਾ, ਸਾਹਿਬਜਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ, ਸਿੰਘ ਸਭਾ ਰਾਜਗੁਰੂ ਨਗਰ ਲੁਧਿਆਣਾ, ਗੁ: ਗੁਰੂ ਤੇਗ ਬਹਾਦੁਰ ਭਾਈ ਰਣਧੀਰ ਸਿੰਘ ਨਗਰ, ਗੁਰਸਿੱਖ ਫੈਮਿਲੀ ਕਲੱਬ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆਦਿ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ, ਇਸ ਵਿੱਚ 8 ਦੇ ਕਰੀਬ ਮਤੇ ਪਾਸ ਕੀਤੇ ਗਏ।

ਅੱਜ ਇਥੇ ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਮੌਕੇ ਪਾਸ ਕੀਤੇ ਮਤਿਆਂ ‘ਚ ਕਿਹਾ ਗਿਆ ਕਿ ਜਦੋ ਤੱਕ ਤਖਤ ਸਾਹਿਬਾਨ ਦੇ ਜੱਥੇਦਾਰ, ਗੁਰੂ ਪੰਥ ਵੱਲੋਂ ਨਹੀਂ ਲਾਏ ਜਾਂਦੇ ਅਤੇ ਪੰਥਕ ਫੈਸਲੇ ਲੈਣ ਦਾ ਢੰਗ ਪੰਥਕ ਜੁਗਤਿ ਵਾਲਾ ਨਹੀਂ ਘੜਿਆ ਜਾਂਦਾ, ਉਸ ਸਮੇਂ ਤੱਕ ਲਏ ਜਾਣ ਵਾਲੇ ਰਵਾਇਤੀ ਢੰਗ ਵਾਲੇ ਫੈਸਲਿਆਂ ਨੂੰ ਮਾਨਤਾ ਨਾ ਦਿੱਤੀ ਜਾਵੇ ।

ਇਸ ਮੀਟਿੰਗ ਵਿੱਚ ਕੀਤੇ ਮਤਿਆਂ ‘ਚ ਤਖਤ ਸਾਹਿਬਾਨ ਦੇ ਜੱਥੇਦਾਰਾਂ ਦੀ ਪੰਥਕ ਰਿਵਾਇਤਾਂ ਅਨੁਸਾਰ ਨਿਯੁਕਤੀ, ਉਨ੍ਹਾਂ ਦਾ ਕਾਰਜ਼ ਖੇਤਰ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਸਮੁੱਚੀ ਪੰਥਕ ਰਾਇ ਅਨੁਸਾਰ ਘੜ੍ਹਨ ‘ਤੇ ਜੋਰ ਦਿੱਤਾ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: