ਅੰਮਿ੍ਤਸਰ (26 ਜੁਲਾਈ, 2015): ਸਿੱਖ ਵਿਦਿਆਰਥੀਆਂ ਨੂੰ ਡਾਕਟਰੀ ਦੀ ਦਾਖਲਾ ਪ੍ਰੀਖਿਆ ਦੌਰਾਨ ਸਿੱਖ ਧਰਮ ਦੇ ਅਨਿਖੱੜਵੇਂ ਅੰਗ ਕੱਕਰਾਂ ਕ੍ਰਿਪਾਨ ਅਤੇ ਕੜਾ ਨੂੰ ਉਤਾਰਨ ਦੀ ਰੱਖੀ ਸ਼ਰਤ ਦੀ ਨਿਖੇਧੀ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਦੋਂ ਵੀ ਕਿਸੇ ਦੇ ਮਨ ਆਇਆ ਸਿੱਖਾਂ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਪੰਜਾਬੀ ਅਖਬਾਰ ਅਜੀਤ ਵਿੱਚ ਨਸ਼ਰ ਖ਼ਬਰ ਅਨੁਸਾਰ ਬਠਿੰਡਾ ਤੇ ਜੈਪੁਰ ਦੇ ਸਕੂਲਾਂ ‘ਚ ਪ੍ਰੀ-ਮੈਡੀਕਲ ਪ੍ਰੀਖਿਆ ਦੌਰਾਨ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ ਕ੍ਰਿਪਾਨ, ਕੜਾ ਉਤਾਰ ਕੇ ਪ੍ਰੀਖਿਆ ਬਾਰੇ ਵਿਦਿਆਰਥੀਆਂ ਨੂੰ ਮਜ਼ਬੂਰ ਕਰਨ ‘ਤੇ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਨਲਾ ਗੁਲਾਮਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਅਜਿਹੀਆਂ ਕਾਰਵਾਈਆਂ ‘ਤੇ ਰੋਕ ਲਾਉਂਦਿਆਂ ਸੂਬਾ ਸਰਕਾਰਾਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਭਵਿੱਖ ‘ਚ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਖਿ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਜੱਥੇਦਾਰ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਬਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ, ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ ਕਿਉਂਕਿ ਇਸ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ ।