August 29, 2011 | By ਪਰਦੀਪ ਸਿੰਘ
ਬਸੀ ਪਠਾਣਾਂ (28 ਅਗਸਤ, 2011): ਸ਼੍ਰੋਮਣੀ ਕਮੇਟੀ ਚੋਣਾਂ ਲਈ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਵੋਟਰਾਂ ਨੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਦਲ ਦੀ ਅਧੀਨਗੀ ਵਾਲੀ ਮੌਜ਼ੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਕਰਨ ਦੀ ਥਾਂ ਸਿੱਖ ਧਰਮ ਦੀ ਮਾਣ-ਮਰਿਯਾਦਾ ਨੂੰ ਵੱਡੇ ਪੱਧਰ ’ਤੇ ਢਾਹ ਲਗਾਈ ਹੈ। ਉਕਤ ਆਗੂਆਂ ਨੇ ਕਿਹਾ ਕਿ ਇਸ ਪ੍ਰਬੰਧ ਅਧੀਨ ਹੀ ਧਾਰਮਿਕ ਸੰਸਥਾਵਾ ਦਾ ਬਾਦਲ ਦਲੀਆਂ ਨੇ ਨਿੱਜੀਕਰਨ ਕਰ ਲਿਆ ਹੈ ਅਤੇ ਗੁਰੂ ਦੀ ਗੋਲਕ ਨੂੰ ਦੋਵੇਂ ਹੱਥ ਲੁੱਟ ਰਹੇ ਹਨ। ਭਾਈ ਚੀਮਾ ਤੇ ਸਲਾਣਾ ਨੇ ਕਿਹਾ ਕਿ ਜਦੋਂ ਸਿੱਖੀ ਦਾ ਪ੍ਰਚਾਰ ਕਰਨ ਲਈ ਜਿੰਮੇਵਾਰ ਇਹ ਸੰਸਥਾ ਖੁਦ ਹੀ ਸਿੱਖ ਵਿਰੋਧੀ ਕਿਤਾਬਾਂ ਛਾਪ ਕੇ ਗੁਰੂ ਸਾਹਿਬਾਨ ਦਾ ਨਿਰਦਾਰ ਕਰੇ ਤਾਂ ਸਹਿਜੇ ਹੀ ਸਮਝ ਜਾਣਾ ਚਾਹੀਦਾ ਹੈ ਕਿ ਗੁਰਧਾਮਾਂ ’ਤੇ ਸਿੱਖਾਂ ਦੇ ਰੂਪ ਵਿੱਚ ਸਾਡੀਆਂ ਦੁਸ਼ਮਣ ਜ਼ਮਾਤਾਂ ਕਾਬਜ਼ ਹੋ ਚੁੱਕੀਆਂ ਹਨ। ਅਕਾਲ ਤਖ਼ਤ ਸਾਹਿਬ ਵਰਗੀ ਸੰਸਥਾ ਦੀ ਕਾਬਜ਼ ਧਿਰ ਵਲੋਂ ਕੀਤੀ ਜਾ ਰਹੀ ਦੁਰਵਰਤੋਂ ਬਾਰੇ ਬੋਲਦਿਆਂ ਉਕਤ ਆਗੂਆਂ ਨੇ ਕਿਹਾ ਕਿ ਨੇੜ ਭੱਵਿਖ ਵਿੱਚ ਕੌਮ ਨੂੰ ਇੱਕ ਮੰਚ ’ਤੇ ਇੱਕਠੇ ਹੋ ਕੇ ਅਪਣੇ ਭੱਵਿਖੀ ਫੈਸਲੇ ਲੈਣ ਤੋਂ ਰੋਕਣ ਲਈ ਬਾਦਲ ਵਲੋਂ ਥਾਪੇ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰ ਇਕ ਸੋਚੀ ਸਮਝੀ ਸ਼ਾਜਸਿ ਤਹਿਤ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਠੇਸ ਪਹੁੰਚਾ ਰਹੇ ਹਨ। ਇਨ੍ਹਾਂ ਲੋਕਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੀ ਪੰਜਾਬ ਦੀ ਧਰਤੀ ’ਤੇ ਪਤਿਤਪੁਣਾ ਅਤੇ ਨਸ਼ਿਆਂ ਦੀ ਬੁਰਾਈ ਵੱਡੇ ਪੱਧਰ ’ਤੇ ਫ਼ੈਲ ਚੁੱਕੀ ਹੈ।ਉਕਤ ਆਗੂਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਸਿੱਖ ਸੰਸਥਾਵਾਂ ਨੂੰ ਲਗਾਈ ਜਾ ਰਹੀ ਢਾਹ ਤੇ ਲੁੱਟ ਨੂੰ ਰੋਕਣ ਲਈ, ਸਮਾਜ ਵਿੱਚੋਂ ਨਸ਼ੇ ਤੇ ਭਰਣ ਹੱਤਿਆ ਵਰਗੀਆਂ ਬੁਰਾਈਆਂ ਦੇ ਖ਼ਾਤਮੇ ਲਈ ਅਤੇ ਸਿੱਖੀ ਦੇ ਸਹੀ ਢੰਗ ਨਾਲ ਪ੍ਰਚਾਰ-ਪ੍ਰਸਾਰ ਲਈ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਵੱਡੇ ਪੱਧਰ ’ਤੇ ਸ਼੍ਰੋਮਣੀ ਕਮੇਟੀ ਵਿੱਚ ਭੇਜਿਆ ਜਾਵੇ।
Related Topics: Akali Dal Panch Pardhani, Shiromani Gurdwara Parbandhak Committee (SGPC), ਭਾਈ ਹਰਪਾਲ ਸਿੰਘ ਚੀਮਾ