ਚੋਣਵੀਆਂ ਲਿਖਤਾਂ

“ਸਿੱਖੀ ਅਤੇ ਸਿੱਖਾਂ ਦਾ ਭਵਿੱਖ” ਪੁਸਤਕ ਨਾਲ ਜਾਣ-ਪਛਾਣ

By ਸਿੱਖ ਸਿਆਸਤ ਬਿਊਰੋ

September 22, 2015

ਸਿੱਖ ਇਸ ਕਰਕੇ ਵਡਭਾਗੇ ਹਨ ਕਿ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਅਗਵਾਈ ਹਾਸਲ ਹੈ। ਸਿੱਖੀ ਵਿਹਾਰ ਦਾ ਧਰਮ ਹੈ। ਗੁਰੂ ਸਾਹਿਬਾਨ ਨੇ ਆਪਣੇ ਜੀਵਨ ਅਨੁਭਵ ਦੌਰਾਨ ਗੁਰਸਿੱਖੀ ਦੇ ਰਹੱਸ ਪ੍ਰਗਟ ਕੀਤੇ ਹਨ। ਦਸਾਂ ਪਾਤਸ਼ਾਹੀਆਂ ਦਾ ਰੂਹਾਨੀ ਜੀਵਨ ਸਿੱਖਾਂ ਅਤੇ ਸਮੁਚੀ ਮਨੁਖਤਾ ਲਈ ਪ੍ਰੇਰਨਾ ਦਾ ਸੋਮਾ ਹੈ।

ਇਸ ਤੋਂ ਇਲਾਵਾ ਸ਼ਹਾਦਤਾਂ ਅਤੇ ਸੂਰਮਗਤੀ ਨਾਲ ਭਰਪੂਰ ਸ਼ਨਾਮਤਾ ਇਤਿਹਾਸ ਸਿੱਖਾਂ ਨੂੰ ਦੀਨ ‘ਤੇ ਪਹਿਰਾ ਦੇਣ ਦਾ ਸਬਕ ਸਿਖਾਉਂਦਾ ਹੈ। ਨਿੱਤਨੇਮ ਦੀ ਅਰਦਾਸ ਰਾਹੀਂ ਇਹ ਵਾਹਿਗੁਰੂ, ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਨਿਹਚਾ ਪ੍ਰਗਟ ਕਰਕੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦੇ ਹਨ ਜਿਸ ਨਾਲ ਇਨ੍ਹਾਂ ਦੀ ਸਿਮਰਤੀ ਗੁਰੂ ਇਤਿਹਾਸ ਨਾਲ ਜੁੜੀ ਰਹਿੰਦੀ ਹੈ।

ਸਿੱਖ ਨਾਮ ਜਪਦੇ, ਕਿਰਤ ਕਰਦੇ, ਵੰਡ ਛਕਦੇ, ਸਰਬੱਤ ਦਾ ਭਲਾ ਮੰਗਦੇ ਹੋਏ ਚੜ੍ਹਦੀਕਲਾ ਵਿਚ ਰਹਿੰਦੇ ਹਨ। ਜੀਵਨ ਹਰ ਕਾਰਜ ਵਿਚ ਗੁਰੂ ਹਮੇਸ਼ਾਂ ਇਨ੍ਹਾਂ ਦੇ ਅੰਗ-ਸੰਗ ਸਹਾਈ ਰਹਿੰਦਾ ਹੈ। ਦੁਨੀਆਂ ਭਰ ਵਿਚ ਵਿਭਿੰਨ ਧਰਮਾਂ ਨੂੰ ਰਾਜ ਦੀ ਸਰਪ੍ਰਸਤੀ ਹਾਸਲ ਹੈ ਪ੍ਰੰਤੂ ਸਿੱਖ ਰਾਜ ਤੋਂ ਵੀ ਮਹਾਨ ਤਾਕਤ (ਗੁਰੂ) ਨਾਲ ਜੁੜੇ ਹੋਏ ਹਨ। ਸੰਸਾਰ ਭਰ ਵਿਚ ਰਹਿ ਰਹੇ ਸਿੱਖਾਂ ਲਈ ਕੇਵਲ ਗੁਰੂ ਦਾ ਓਟ ਆਸਰਾ ਇਨ੍ਹਾਂ ਦੀ ਹੋਂਦ ਅਤੇ ਪਛਾਣ ਦਾ ਅਧਾਰ ਹੈ। ਇਸ ਕਰਕੇ ਹਰ ਸੁੱਖ ਅਤੇ ਦੁੱਖ ਦੀ ਘੜੀ ਵਿਚ ਇਹ, ਗੁਰੂ ਨੂੰ ਯਾਦ ਰੱਖਦੇ ਹਨ। ਸਿੱਖਾਂ ਦਾ ਭਵਿੱਖ ਇਸ ਕਰਕੇ ਸੁਨਿਹਿਰੀ ਹੈ ਕਿਉਂਕਿ ਇਹ ਊਰਜਾ ਦੇ ਪਵਿੱਤਰ ਸੋਮੇ (ਸ਼ਬਦ-ਗੁਰੂ) ਨਾਲ ਜੁੜੇ ਹੋਏ ਹਨ।

ਦੁਨੀਆਂ ਦੇ ਧਰਮਾਂ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਇਸਾਈ ਅਤੇ ਇਸਲਾਮ ਧਰਮ ਤੋਂ ਇਲਾਵਾ ਬੁਧਮਤਿ ਨੇ ਵੀ ਕੌਮੀ ਹੱਦਾਂ ਨੂੰ ਉਲੰਘ ਕੇ ਦੁਨੀਆਂ ਦੇ ਵੱਖ-ਵੱਖ ਸਭਿਆਚਾਰਕ ਸਮੂਹਾਂ ਵਿਚ ਆਪਣੀ ਪਛਾਣ ਕਾਇਮ ਕੀਤੀ ਹੈ। ਜਦੋਂ ਕਿ ਸਿੱਖਾਂ ਨੂੰ ਆਪਣੀ ਜਨਮ ਭੂਮੀ ਪੰਜਾਬ ਵਿਚ ਪੰਥਕ ਦੋਖੀ ਤਾਕਤਾਂ ਨਾਲ ਲਹੂ ਡੋਲਵੀਆਂ ਲੜਾਈਆਂ ਲੜਨੀਆਂ ਪਈਆਂ ਹਨ। ਆਪਣੀ ਹੋਂਦ ਅਤੇ ਪਛਾਣ ਕਾਇਮ ਰੱਖਣ ਲਈ ਇਹ ਜਨਮ ਤੋਂ ਜਦੋਜਹਿਦ ਕਰਦੇ ਆ ਰਹੇ ਹਨ। ਇਸ ਕਾਰਜ ਵਿਚ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਬੇਅੰਤ ਸਿੰਘਾਂ ਸਿੰਘਣੀਆਂ ਨੂੰ ਸ਼ਹਾਦਤ ਦੇਣੀ ਪਈ ਹੈ।

ਸ਼ਹੀਦਾਂ ਨੂੰ ਦੀਨ ਤੋਂ ਡਲਾਉਣ ਲਈ ਅਨੇਕਾਂ ਕਿਸਮ ਦੇ ਲਾਲਚ, ਡਰਾਵੇ ਅਤੇ ਤਸ਼ੱਦਦ ਦਿੱਤੇ ਗਏ ਹਨ। ਜਦੋਂ ਵੀ ਸਿੱਖਾਂ ਨੂੰ ਧਰਮ ਅਤੇ ਮੌਤ ਵਿਚੋਂ ਇਕ ਦੀ ਚੋਣ ਕਰਨ ਦੀ ਪੇਸ਼ਕਸ਼ ਹੋਈ ਤਾਂ ਇਨ੍ਹਾਂ ਨੇ ਆਪਣੀ ਜਾਨ ਨਾਲੋਂ ਤਰਜ਼ੀਹ ਸਿੱਖੀ ਨੂੰ ਹੀ ਦਿੱਤੀ ਹੈ। ਇਸ ਕਰਕੇ ਜਦੋਂ ਕਦੇ ਜਾਲਮਾਂ ਦੇ ਜਬਰ ਨੇ ਸਿੱਖਾਂ ਦੇ ਸਿਦਕ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹਮੇਸ਼ਾਂ ਸਿੱਖੀ ਸਿਦਕ ਹੀ ਜਿੱਤਦਾ ਰਿਹਾ ਹੈ। ਗੁਰੂ ਵਲੋਂ ਬਖਸ਼ਿਸ਼ ਕੀਤੇ ਸਿਧਾਂਤ ਨਾਲ ਵਫ਼ਾ ਪਾਲ ਕੇ ਸਿੱਖਾਂ ਨੇ ਜੀਵਨ ਦੇ ਹਰ ਮੈਦਾਨ ਵਿਚ ਫਤਹਿ ਹਾਸਲ ਕੀਤੀ ਹੈ। ਗੁਰੂ ਦੇ ਓਟ ਆਸਰੇ ਨਾਲ ਹਾਸਲ ਹਰ ਜਿੱਤ ਨੂੰ ਇਹ ਗੁਰੂ ਦੀ ਫਤਹਿ ਮੰਨਕੇ ਸੇਵਾ ਨਿਭਾਉਂਦੇ ਰਹੇ ਹਨ। ਗੁਰੂ ਦਾ ਆਸਰਾ ਇਨ੍ਹਾਂ ਦੇ ਚੰਗੇ ਭਵਿੱਖ ਦੀ ਉਮੀਦ ਹੈ।

ਪੁਸਤਕ: “ਸਿੱਖੀ ਅਤੇ ਸਿੱਖਾਂ ਦਾ ਭਵਿੱਖ” ਪ੍ਰਕਾਸ਼ਕ: ਸਿੰਘ ਬ੍ਰਦਰਜ਼, ਅੰਮ੍ਰਿਤਸਰ ਕੀਮਤ: 300/- (ਰੁਪਏ) ਪੰਨੇ: 248

ਅਜੋਕੇ ਚਿੰਤਨ ਦੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਸਿੱਖ ਸਿਧਾਂਤ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਹਨ ਕਿਉਂਕਿ ਕਿ ਗੁਰਬਾਣੀ ਸਿੱਖਾਂ ਨੂੰ ਸਮੇਂ ਅਤੇ ਸਥਾਨ ਦੇ ਸੀਮਤ ਬੰਧਨਾਂ ਤੋਂ ਅਜ਼ਾਦ ਕਰਦੀ ਹੈ। ਦੂਸਰੇ ਪਾਸੇ ਸਿੱਖਾਂ ਸਾਹਮਣੇ ਵੱਡੀਆਂ ਚੁਣੌਤੀਆਂ ਵੀ ਹਨ। ਇਨ੍ਹਾਂ ਦੀ ਜੀਵਨ ਸ਼ੈਲੀ ਨੂੰ ਵੇਖ ਕੇ ਇਹ ਪ੍ਰਭਾਵ ਮਿਲਦਾ ਹੈ ਕਿ ਗੁਰੂ ਵਲੋਂ ਬਖਸ਼ੀ ਅਜ਼ਾਦੀ ਦਾ ਨਿੱਘ ਅਤੇ ਅਨੰਦ ਲੈਣ ਲਈ ਇਨ੍ਹਾਂ ਨੂੰ ਉਚਿਤ ਮਹੌਲ ਨਸੀਬ ਨਹੀਂ ਹੋਇਆ ਹੈ। ਇਸ ਵਜ੍ਹਾ ਕਰਕੇ ਇਹ ਗੁਰਮਤਿ ਦੀ ਰੋਸ਼ਨੀ ਵਿਚ ਆਪਣੇ ਜੀਵਨ ਸਿਧਾਂਤ ਨੂੰ ਵਿਕਸਿਤ ਕਰਨ ਦੇ ਕਾਰਜਾਂ ਵਿਚ ਪਛੜਦੇ ਜਾ ਰਹੇ ਹਨ ਅਤੇ ਅਜੋਕੇ ਸਮੇਂ ਵਿਚ ਇਹ ਚੌਤਰਫੇ ਸੰਕਟ ਦੀ ਮਾਰ ਝੱਲ ਰਹੇ ਹਨ।

ਸਿੱਖਾਂ ਨੂੰ ਦਰਪੇਸ਼ ਸੰਕਟ ਦਾ ਅੰਦਾਜਾ ਨੌਜਵਾਨਾਂ ਵਿਚ ਪਨਪ ਰਹੇ ਰੁਝਾਨਾਂ ਤੋਂ ਲਗਾਇਆ ਜਾ ਸਕਦਾ ਹੈ। ਅੱਜ ਸਿੱਖ ਨੌਜਵਾਨ ਦਿਸ਼ਾਹੀਣ ਹੁੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਪਤਿੱਤਪੁਣਾ ਵਧ ਰਿਹਾ ਹੈ ਅਤੇ ਇਹ ਨਸ਼ਿਆਂ ਦਾ ਸਹਾਰਾ ਲੈ ਕੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਿਚ ਸਿੱਖ ਲੀਡਰਸ਼ਿਪ ਭੰਬਲਭੂਸੇ ਵਿਚ ਹੈ।

ਸਿੱਖ ਬੁਧੀਜੀਵੀ ਵਰਗ ਵੀ ਅਜੋਕੀ ਮੰਡੀ ਅਤੇ ਸਟੇਟ ਦੇ ਚੱਕਰਵਿਉ ਵਿਚ ਫਸ ਗਿਆ ਜਾਪਦਾ ਹੈ। ਮਾਇਆ ਦੇ ਇਸ ਚੱਕਰ ਵਿਚੋਂ ਨਿਕਲਣ ਲਈ ਇਸ ਵਰਗ ਕੋਲੋਂ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਦਰਅਸਲ ਚੁਰਾਸੀ ਦੇ ਕਹਿਰ ਅਤੇ ਇਸ ਤੋਂ ਪਿਛੋਂ ਪੰਜਾਬ ਦੀ ਧਰਤੀ ‘ਤੇ ਵਾਪਰੇ ਦੁਖਾਂਤ ਤੋਂ ਪਿਛੋਂ ਸਿੱਖ ਆਪਣੇ ਭਵਿੱਖ ਨੂੰ ਲੈ ਕੇ ਵਧੇਰੇ ਚਿੰਤਤ ਹੋ ਰਹੇ ਹਨ। ਸਿੱਖਾਂ ਦੀ ਚਿੰਤਾ, ਚਿੰਤਨ ਦਾ ਰੂਪ ਨਹੀਂ ਲੈ ਸਕੀ ਸ਼ਾਇਦ ਇਸ ਕਰਕੇ ਸਿੱਖ ਸੰਕਟ ਵਿਚੋਂ ਨਿਕਲਣ ਦੀ ਠੋਸ ਨੀਤੀ ਬਣਾਉਣ ਬਾਰੇ ਸੋਚ ਨਹੀਂ ਰਹੇ।

ਸਿੱਖਾਂ ਸਾਹਮਣੇ ਪੈਦਾ ਹੋ ਰਹੇ ਸੰਕਟ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗੁਰੂਆਂ ਦੀ ਵਰਸੋਈ ਧਰਤੀ ਪੰਜਾਬ ਨੰ ਛੱਡ ਕੇ ਸਿੱਖ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੀ ਧਰਤੀ ਦਾ ਇਥੋਂ ਦੇ ਜੰਮਿਆਂ ਲਈ ਪਰਾਇਆ ਹੋ ਜਾਣਾ ਵੱਡਾ ਦੁਖਾਂਤ ਹੈ। ਇਸ ਦੁਖਾਂਤ ਦੇ ਸਿਟੇ ਵਜੋਂ ਸਿੱਖਾਂ ਦੇ ਜੀਵਨ ਵਿਚ ਫੈਲ ਰਹੀ ਨਿਰਾਸ਼ਤਾ ਦਾ ਦੇ ਕਾਰਣਾਂ ਦੀ ਨਿਸ਼ਾਨਦੇਹੀ ਕਰਨੀ ਅਤੇ ਸਿੱਖਾਂ ਦੇ ਭਖਦੇ ਮਸਲਿਆਂ ‘ਤੇ ਚਿੰਤਨ ਸ਼ੁਰੂ ਕਰਨਾ ਇਸ ਪੁਸਤਕ ਦਾ ਉਦੇਸ਼ ਹੈ। ਇਸ ਪੁਸਤਕ ਵਿਚ ਪੇਸ਼ ਕੀਤੇ ਵਿਚਾਰ ਲੇਖਕ ਵਲੋਂ ਪਹਿਲਾਂ ਪ੍ਰਕਾਸ਼ਤ ਹੋ ਚੁੱਕੀਆਂ ਦੋ ਪੁਸਤਕਾਂ ‘ਸਿੱਖ-ਪੰਥ ਨਵੇਂ ਯੁੱਗ ਦੇ ਸਨਮੁੱਖ’ ਅਤੇ ‘ਸਿੱਖ ਪਛਾਣ ਵਿਚ ਕੇਸਾਂ ਦਾ ਮਹੱਤਵ’ ਵਿਚ ਪੇਸ਼ ਕੀਤੀਆਂ ਧਾਰਨਾਵਾਂ ਦਾ ਵਿਸਥਾਰ ਹਨ।

ਇਸ ਪੁਸਤਕ ਵਿਚ ਸੰਸਾਰ ਧਰਮਾਂ ਵਿਚ ਸਿੱਖ ਧਰਮ ਦੀ ਵਿਲੱਖਣਤਾ, ਅੰਤਰ-ਧਰਮ ਸੰਵਾਦ ਵਿਚ ਸਿੱਖੀ ਦਾ ਯੋਗਦਾਨ, ਵਿਸ਼ਵੀਕਰਨ ਨਾਲ ਸੰਬੰਧਤ ਸਿੱਖੀ ਅਤੇ ਸਿੱਖਾਂ ਦੇ ਮਸਲੇ, ਉਸਰ ਰਹੀ ਵਿਸ਼ਵ ਆਰਥਕਤਾ ਵਿਚ ਸਿੱਖ ਆਰਥਕਤਾ ਦਾ ਮਾਡਲ, ਸਿੱਖਾਂ ਦੀ ਰਾਜਨੀਤੀ ਅਤੇ ਸਿੱਖੀ ਦੇ ਰਾਜਨੀਤਕ ਸਿਧਾਂਤ, ਸਿੱਖ ਨਰ ਅਤੇ ਨਾਰੀ ਦੇ ਅਜੋਕੇ ਸੰਦਰਭ ਅਤੇ ਵਿਦੇਸ਼ੀ ਸਿੱਖਾਂ ਦੀ ਪਛਾਣ ਨਾਲ ਸੰਬੰਧ ਮਸਲਿਆਂ ਨੂੰ ਸਿਧਾਂਤਕ ਅਤੇ ਵਿਹਾਰਕ ਪੱਖ ਤੋਂ ਸਮਝਣ ਦਾ ਯਤਨ ਕੀਤਾ ਗਿਆ ਹੈ। ਉਮੀਦ ਹੈ ਕਿ ਪਾਠਕ ਇਨ੍ਹਾਂ ਮਸਲਿਆਂ ‘ਤੇ ਸੰਜੀਦਗੀ ਨਾਲ ਵਿਚਾਰ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: