ਜੰਮੂ/ਸ੍ਰੀਨਗਰ (5 ਜੂਨ, 2015): ਜੁੰਮੂ ਦੇ ਸਿੱਖਾਂ ਵੱਲੋਂ ਘੱਲੂਘਾਰਾ ਜੂਨ 1984 ਮਨਾਏ ਜਾਣ ਮੋਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਇਸ਼ਤਿਹਾਰ ਲਾਹੇ ਜਾਣ ਦੇ ਵਿਰੁੱਧਜੰਮੂ ‘ਚ ਸਿੱਖ ਜਥੇਬੰਦੀਆਂ ਵਲੋਂ ਦਫਾ 144 ਦੀ ਪ੍ਰਵਾਹ ਕੀਤੇ ਬਿਨਾਂ ਅੱਜ ਤੀਸਰੇ ਦਿਨ ਵੀ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੋਸਟਰ ਹਟਾਉਣ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਹੈ।
ਕੱਲ੍ਹ ਪੁਲਿਸ ਨਾਲ ਹੋਈ ਝੜਪ ਵਿਚ ਇਕ ਸਿੱਖ ਨੌਜਵਾਨ ਜਗਜੀਤ ਸਿੰਘ ਸ਼ਹੀਦ ਹੋ ਗਿਆ ਸੀ ਅਤੇ 7 ਹੋਰ ਜ਼ਖ਼ਮੀ ਹੋ ਗਏ ਸਨ। ਕੱਲ੍ਹ ਹੋਈ ਨੌਜਵਾਨ ਦੀ ਮੌਤ ਦੇ ਸਬੰਧ ਵਿਚ ਪੁਲਿਸ ਨੇ ਸਤਵਾਰੀ ਥਾਣੇ ਗਾਂਧੀ ਨਗਰ ਦੇ ਪੁਲਿਸ ਕਪਤਾਨ ਦੇ ਅੰਗ ਰੱਖਿਅਕ ਮੁਕੇਸ਼ ਸੈਣੀ ਖਿਲਾਫ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕੀਤਾ ਹੈ। ਇਸੇ ਦੌਰਾਨ ਅੱਜ ਜਗਜੀਤ ਸਿੰਘ ਦੀ ਲਾਸ਼ ਦਾ ਅੱਜ ਪੋਸਟ ਮਾਰਟਮ ਕੀਤਾ ਗਿਆ ਅਤੇ ਉਸ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11.30 ਵਜੇ ਆਰ. ਐਸ. ਪੁਰਾ ਦੇ ਪਿੰਡ ਚੋਹਾਲਾ ਵਿਖੇ ਕੀਤਾ ਜਾਵੇਗਾ।
ਕੱਲ੍ਹ ਦੀ ਘਟਨਾ ਵਾਲੀ ਥਾਂ ‘ਤੇ ਲਗਭੱਗ 7000 ਸਿੱਖ ਸੰਗਤਾਂ ਨੇ ਡੇਰਾ ਲਾਇਆ ਹੋਇਆ ਹੈ ਅਤੇ ਲਗਾਤਾਰ ਕੀਰਤਨ ਪ੍ਰਵਾਹ ਚਲ ਰਿਹਾ ਹੈ। ਉਧਰ ਬੀਤੀ ਰਾਤ ਪੁਲਿਸ ਨੇ ਅਹਿਤਿਆਤ ਵਜੋਂ ਦਰਜਨਾਂ ਸਿੱਖ ਨੌਜਵਾਨਾਂ ਨੂੰ ਛਾਪੇਮਾਰੀ ਕਰਕੇ ਉਨ੍ਹਾਂ ਦੇ ਘਰਾਂ ਤੋਂ ਚੁੱਕ ਲਿਆ ਹੈ ਅਤੇ ਉਨ੍ਹਾਂ ਨੂੰ ਵੱਖ- ਵੱਖ ਥਾਣਿਆਂ ਵਿਚ ਬਿਠਾਇਆ ਹੋਇਆ ਹੈ।
ਅਧਿਕਾਰੀਆਂ ਨੇ ਪੂਰੇ ਜੰਮੂ ਵਿਚ ਦਫਾ 144 ਲਾਗੂ ਕੀਤੀ ਹੋਈ ਹੈ ਜਿਸ ਤਹਿਤ ਇਕ ਥਾਂ ‘ਤੇ ਚਾਰ ਤੋਂ ਜ਼ਿਆਦਾ ਵਿਅਕਤੀ ਇਕੱਤਰ ਨਹੀਂ ਹੋ ਸਕਦੇ। ਸਤਵਾਡੀ-ਰਾਣੀਬਾਗ-ਗਾਡੀਗੜ-ਆਰ ਐਸ ਪੁਰਾ ਖੇਤਰ ਦੇ ਹਿੰਸਾ ਗ੍ਰਸਤ ਇਲਾਕਿਆਂ ਵਿਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ। ਸਿੱਖ ਜਥੇਬੰਦੀਆਂ ਨੇ ਜੰਮੂ-ਪਠਾਨਕੋਟ ਮਾਰਗ ‘ਤੇ ਜਾਮ ਲਾਇਆ ਅਤੇ ਟਾਇਰ ਜਲਾਏ ਗਏ। ਪ੍ਰਦਰਸ਼ਨ ਡਿਗਿਆਨਾ ਖੇਤਰ ਵਿਚ ਕੀਤਾ ਗਿਆ ਅਤੇ ਲੋਕਾਂ ਨੇ ਪੁਲਿਸ ਅਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਪੁਣਛ, ਕਠੂਆ ਅਤੇ ਰਾਜੌਰੀ ਖੇਤਰਾਂ ਵਿਚ ਵੀ ਕੀਤਾ ਗਿਆ।
ਜੰਮੂ ਵਿਚ ਅੱਜ ਸੜਕਾਂ ਸੁੰਨਸਾਨ ਦਿਖਾਈ ਦਿੱਤੀਆਂ ਅਤੇ ਵਪਾਰਕ ਅਦਾਰੇ ਬੰਦ ਰਹੇ। ਜੰਮੂ ਖੇਤਰ ਦੇ ਕਈ ਜਿਲ੍ਹਿਆਂ ਵਿਚ ਸਕੂਲ ਅਤੇ ਕਾਲਜ ਬੰਦ ਰਹੇ। ਜੰਮੂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਪੁਲਿਸ ਤੋਂ ਇਲਾਵਾ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਲ੍ਹ ਦੇਰ ਰਾਤ ਸੈਨਾ ਨੇ ਜੰਮੂ ਵਿਚ ਫਲੈਗ ਮਾਰਚ ਵੀ ਕੀਤਾ।
ਸੂਬੇ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਅਤੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸ੍ਰੀਨਗਰ ਦੇ ਕਲਗੀਧਰ ਗੁਰਦੁਆਰਾ ਅਮੀਰਾ ਕਦਲ ਸਥਿਤ ਲਾਲ ਚੌਕ ਅਤੇ ਪ੍ਰੈੱਸ ਕਾਲੋਨੀ ਵਿਖੇ ਕਈ ਸਿੱਖ ਸੰਗਠਨਾਂ ਨੇ ਜ਼ੋਰਦਾਰ ਮੁਜ਼ਾਹਰਾ ਕਰਦੇ ਹੋਏ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਕੁਝ ਨੌਜਵਾਨਾਂ ਨੇ ਜਦ ਪੁਲਿਸ ਦਾ ਘੇਰਾ ਤੋੜ ਕੇ ਲਾਲ ਚੌਕ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ। ਨੌਜਵਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਸਰਕਾਰ ਦਾ ਪੁਤਲਾ ਫੂਕਿਆ। ਪੁਲਿਸ ਨੇ ਸਥਿਤੀ ਨੂੰ ਕਾਬੂ ਤੋਂ ਬਾਹਰ ਹੁੰਦਾ ਦੇਖ ਕਾਰਵਾਈ ਕਰਦੇ 2 ਦਰਜਨ ਦੇ ਕਰੀਬ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਦੀਆਂ ਗੱਡੀਆਂ ਵਿਚ ਬਿਠਾ ਕੇ ਮਾਈਸੂਮਾ ਸ਼ਹਿਰ ਥਾਣੇ ਵਿਚ ਬੰਦ ਕਰ ਦਿੱਤਾ। ਕਠੂਆ ਤੋਂ ਲੈ ਕੇ ਰਾਜਬਾਗ ਤੱਕ ਤਿੰਨ ਥਾਵਾਂ ‘ਤੇ ਰਾਸ਼ਟਰੀ ਰਾਜ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਵੱਡੀ ਗਿਣਤੀ ‘ਚ ਉਤਰੇ ਸਿੱਖ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਦੇਰ ਸ਼ਾਮ ਰਾਜਬਾਗ ਚੌਕ ਲੱਛੀਪੁਰ ਮੋੜ ਅਤੇ ਹਟਲੀ ਮੋੜ ਕਠੂਆ ‘ਤੇ ਹਾਈਵੇ ਜਾਮ ਕਰ ਦਿੱਤਾ।