ਸਿੱਖ ਖਬਰਾਂ

ਪਸ਼ਚਾਤਾਪ ਵਜੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ‘ਤੇ ਪਹੁੰਚੀ ਬੀਬੀ ਜਾਗੀਰ ਕੌਰ ਅਤੇ ਉਪਿੰਦਰ ਕੌਰ ਦਾ ਹੋਇਆ ਘੇਰਾਓੁ

By ਸਿੱਖ ਸਿਆਸਤ ਬਿਊਰੋ

October 23, 2015

ਕਪੂਰਥਲਾ (23 ਅਕਤੂਬਰ , 2015): ਅੱਜ ਬਾਦਲ ਪ੍ਰਤੀ ਸਿੱਖ ਮਸਲਿਆਂ ਪ੍ਰਤੀ ਧਾਰਨ ਕੀਤੇ ਰਵੱਈਏ ਕਾਰਨ ਰੋਹ ਵਿੱਚ ਆਏ ਸਿੱਖ ਨੌਜਵਾਨਾਂ ਨੇ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਜਗੀਰ ਕੌਰ, ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਪੰਜਾਬ ਮਾਰਕਫੈਡ ਦੇ ਚੇਅਰਮੈਨ ਸ. ਜਰਨੈਲ ਸਿੰਘ ਵਾਹਦ ਤੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸਰਬਜੀਤ ਸਿੰਘ ਮਕੜ ਦਾ ਘੇਰਾਓੁ ਕੀਤਾ ਗਿਆ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਜੱਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਵਿਰੋਧ ਵਿੱਚ ਉੱਠੇ ਪੰਥਕ ਰੋਹ ਦੇ ਚਲਦਿਆਂ ਸਿੱਖ ਨੌਜਵਾਨਾਂ ਵੱਲੋਂ ਸੱਤਾਧਾਰੀ ਬਾਦਲ ਦਲ ਦੇ ਮੰਤਰੀਆਂ, ਵਿਧਾਇਕਾਂ, ਸ਼ਰੌਮਣੀ ਕਮੇਟੀ ਮੈਬਰਾਂ ਅਤੇ ਹੋਰ ਅਹੁਦੇਦਾਰਾਂ ਦਾ ਘੇਰਾਓੁ ਕਰਨਾ ਜਾਰੀ ਹੈ।

ਬਾਦਲ ਦਲ ਵਲੋਂ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਪਸ਼ਚਾਤਾਪ ਵਜੋਂ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਤੋਂ ਬਾਅਦ ਜਦੋਂ ਉਕਤ ਆਗੂ ਆਪਣੇ ਸਾਥੀਆਂ ਸਮੇਤ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤਾਂ 50 ਦੇ ਕਰੀਬ ਸਿੱਖ ਸੰਗਠਨਾਂ ਨਾਲ ਸਬੰਧਤ ਨੌਜਵਾਨਾਂ ਨੇ ਜਿਨ੍ਹਾਂ ਕੋਲ ਤਲਵਾਰਾਂ ਸਨ ਗੁਰਦੁਆਰਾ ਕੰਪਲੈਕਸ ‘ਚ ਦਾਖਲ ਹੋ ਕੇ ਗੱਡੀਆਂ ਦੀ ਭੰਨ ਤੋੜ ਕੀਤੀ।

ਅਜੀਤ ਅਖਬਾਰ ਵਿੱਚ ਨਸ਼ਰ ਖਬਰ ਅਨੁਸਾਰ ਜਿਸ ‘ਚ 3 ਗੱਡੀਆਂ ਦੀ ਭੰਨ-ਤੋੜ ਹੋ ਜਾਣ ਦੀ ਖ਼ਬਰ ਹੈ ਜੋ ਬਾਦਲ ਦਲ ਦੇ ਆਗੂਆਂ ਨਾਲ ਸਬੰਧਤ ਦੱਸੀਆ ਜਾ ਰਹੀਆਂ ਹਨ। ਪੁਲਿਸ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਸਨ ਪਰ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਪੁਲਿਸ ਵਲੋਂ ਲਾਏ ਬੈਰੀਕੇਡ ਤੋੜ ਦਿੱਤੇ ਸਨ। ਰੋਹ ‘ਚ ਆਏ ਨੌਜਵਾਨਾਂ ਨੇ ਬਾਦਲ ਦਲ ਦੇ ਆਗੂਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਦੌਰਾਨ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਜਰਨੈਲ ਸਿੰਘ ਵਾਹਦ ਤੇ ਸਰਬਜੀਤ ਸਿੰਘ ਮਕੜ ਗੁਰਦੁਆਰਾ ਸਾਹਿਬ ਦੇ ਪਿਛਲੇ ਦਰਵਾਜੇ ਤੋਂ ਬਾਹਰ ਜਾ ਚੁੱਕੇ ਸਨ। ਇਸ ਤੋਂ ਬਾਅਦ ਨੌਜਵਾਨ ਗੁਰਦੁਆਰਾ ਸਾਹਿਬ ‘ਚ ਬੈਠ ਕੇ ਜਾਪ ਕਰਨ ਲੱਗ ਪਏ।

ਇਥੇ ਜਿਕਰਯੋਗ ਹੈ ਕਿ ਸਿੱਖ ਸੰਗਠਨਾਂ ਨਾਲ ਸਬੰਧਤ ਨੌਜਵਾਨਾਂ ਨੇ ਪਹਿਲਾ ਚੇਤਾਵਨੀ ਦਿੱਤੀ ਹੋਈ ਸੀ ਕਿ ਉਹ ਪਸ਼ਚਾਤਾਪ ਵਜੋਂ ਸਟੇਟ ਗੁਰਦੁਆਰਾ ਕਪੂਰਥਲਾ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਕਿਸੇ ਵੀ ਅਕਾਲੀ ਆਗੂ ਨੂੰ ਅੰਦਰ ਦਾਖਲ ਨਹੀਂ ਹੋਣ ਦੇਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: