ਸਿੱਖ ਖਬਰਾਂ

ਸਿੱਖ ਗੁਰੂਆਂ ਦੀਆਂ ਸਾਰੀਆਂ ਹੀ ਤਸਵੀਰਾਂ ਨਕਲੀ ਅਤੇ ਕਾਲਪਨਿਕ ਹਨ, ਕਿਸੇ ਨੂੰ ਵੀ ਧਰਮ ਦੇ ਸਿਧਾਂਤਾਂ ਅਨੁਸਾਰ ਪ੍ਰਵਾਨਗੀ ਨਹੀਂ

By ਸਿੱਖ ਸਿਆਸਤ ਬਿਊਰੋ

December 25, 2017

ਅੰਮ੍ਰਿਤਸਰ: ਸਿੱਖ ਯੂਥ ਆਫ਼ ਪੰਜਾਬ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਸੰਬੰਧੀ ਛਿੱੜੀ ਸ਼ਬਦੀਜੰਗ ‘ਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਸਾਰੀਆਂ ਹੀ ਤਸਵੀਰਾਂ ਨਕਲੀ ਅਤੇ ਕਾਲਪਨਿਕ ਹਨ।

ਕਾਂਗਰਸ ਵਲੋਂ ਗੁਰੂ ਸਾਹਿਬ ਦੇ ਚਿੱਤਰ ਨਾਲ ਕੀਤੀ ਛੇੜ-ਛਾੜ ਤੇ ਚਲ ਰਹੇ ਵਿਵਾਦ ਉਤੇ ਬੋਲਦਿਆਂ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਮੰਡ ਅਤੇ ਬੁਲਾਰੇ ਹਰਜੋਤ ਸਿੰਘ ਨੇ ਕਿਹਾ ਕਿ ਦੋ ਗਲਤ ਧਾਰਨਾਵਾਂ ਕਦੇ ਵੀ ਇੱਕ ਨੂੰ ਸਹੀ ਨਹੀਂ ਬਣਾ ਸਕਦੀਆਂ। ਉਨ੍ਹਾਂ ਨੇ ਸਿੱਖ ਪੰਥ ਨੂੰ ਜੋਰ ਦਿੰਦਿਆਂ ਕਿਹਾ ਕਿ ਸਿੱਖਾਂ ਨੂੰ ਸ਼ਬਦ-ਗੁਰੂ ਨੂੰ ਪੂਜਨਾ ਚਾਹੀਦਾ ਹੈ ਨਾਂ ਕਿ ਗੁਰੂ ਸਾਹਿਬਾਨ ਦੀ ਕਿਸੇ ਵੀ ਮਨੋਕਲਪਿਤ ਤਸਵੀਰ ਨੂੰ।

ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਵੱਲੋਂ ਦੂਜੇ ਨੂੰ ਗਲਤ ਸਿੱਧ ਕਰਨ ਲਈ ਦਿੱਤੀਆਂ ਦਲੀਲ਼ਾਂ ਸਿੱਖੀ ਸਿਧਾਂਤਾਂ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਤਸਵੀਰਾਂ ਬਨਾਉਣੀਆਂ ਅਤੇ ਪੂਜਨੀਆਂ ਗੁਰਮਤਿ ਦੇ ਵਿਰੁੱਧ ਹਨ । ਪ੍ਰਚੱਲਿਤ ਤਸਵੀਰਾਂ ਕੋਰੀ ਕਲਪਨਾ ‘ਤੇ ਆਧਾਰਿਤ ਹਨ , ਇਨ੍ਹਾਂ ਨੂੰ ਤਿਆਗਣਾ ਚਾਹੀਦਾ ਹੈ ਅਤੇ ਹਰ ਸਿੱਖ ਨੂੰ ਮਨਮਤ ਨੂੰ ਛੱਡ ਕੇ ਗੁਰਮਤਿ ਨੂੰ ਨੂੰ ਅਪਨਾਉਣਾ ਚਾਹੀਦਾ ਹੈ ।

ਉਨ੍ਹਾਂ ਮੰਨਿਆ ਕਿ ਬੇਸ਼ੱਕ ਗੁਰੂਆਂ ਅਤੇ ਉਹਨਾਂ ਦੇ ਪਰਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਲੰਬੇ ਸਮੇਂ ਤੋਂ ਘਰ-ਘਰ ਵਿੱਚ ਪ੍ਰਚਲਿਤ ਹਨ ਪਰ ਇਹ ਸਿਧਾਂਤਕ ਪੱਖ ਤੋਂ ਗਲਤ ਪਿਰਤ ਹੈ ਅਤੇ ਸਿਧਾਂਤਕ ਨਿਘਾਰ ਦੀ ਨਿਸ਼ਾਨੀ ਹੈ।

ਆਪਣਾ ਪੱਖ ਰੱਖਦੇ ਹੋਏ ਉਨ੍ਹਾਂ ਸਿਰਦਾਰ ਕਪੂਰ ਸਿੰਘ ਦੀ ਲਿਖਤ ਵਿਚੋ ਉਦਾਹਰਣ ਦਿੰਦਿਆਂ ਦੱਸਿਆ ਕਿ ‘੧੬੧੦ ਈਸਵੀ ਵਿੱਚ ਜਦੋਂ ਕੁੱਝ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਉਨ੍ਹਾਂ ਦੀ ਤਸਵੀਰ ਬਨਾਉਣ ਲਈ ਪੁੱਛਿਆ ਸੀ ਤਾਂ ਗੁਰੂ ਸਾਹਿਬ ਨੇ ਹਲੀਮੀ ਨਾਲ ਸਾਫ ਮਨਾ ਕਰ ਦਿੱਤਾ ਸੀ’। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਵੀ ਸ਼ੰਕਾ ਦੂਰ ਕਰਦਿਆਂ ਸ਼ਬਦ-ਗੁਰੂ ਨੂੰ ਗੁਰੂ ਮੰਨਣ ਲਈ ਕਿਹਾ ਹੈ ਨਾਂ ਕਿ ਤਸਵੀਰਾਂ ਨੂੰ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: