ਸਿਆਸੀ ਖਬਰਾਂ

ਸਿੱਖ ਯੂਥ ਆਫ ਪੰਜਾਬ ਵਲੋਂ ਬਿਕਰਮੀ ਨੂੰ ਰੱਦ ਕਰਦਿਆਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬ ਮਨਾਇਆ

By ਸਿੱਖ ਸਿਆਸਤ ਬਿਊਰੋ

September 01, 2016

ਟਾਂਡਾ (ਹੁਸ਼ਿਆਰਪੁਰ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ 412ਵੀਂ ਵਰ੍ਹੇਗੰਢ ਮਨਾਉਂਦਿਆਂ ਸਿੱਖ ਯੂਥ ਆਫ ਪੰਜਾਬ ਵਲੋਂ ਆਯੋਜਿਤ ਕਾਨਫਰੰਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਸ਼ਰਮਨਾਕ ਘਟਨਾਵਾਂ ਅਤੇ ਖਾਲਸਾ ਪੰਥ ਵਲੋਂ ਰੱਦ ਕੀਤੇ ਜਾਣ ਦੇ ਬਾਵਜੂਦ ਵੀ ਗਿਆਨੀ ਗੁਰਬਚਨ ਸਿੰਘ ਅਤੇ ਉਸਦੇ ਸਾਥੀ ਜਥੇਦਾਰਾਂ ਵਲੋਂ ਸਤਿਕਾਰਤ ਪਦਵੀਆਂ ‘ਤੇ ਬਣੇ ਰਹਿਣ ਦੀ ਸਖ਼ਤ ਅਲੋਚਨਾ ਕੀਤੀ ਗਈ।

ਬੁਲਾਰਿਆਂ ਨੇ ਗਿਆਨੀ ਗੁਰਬਚਨ ਸਿੰਘ ਵਲੋਂ 6 ਸਤੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਮੰਦਭਾਗੀਆਂ ਘਟਨਾਵਾਂ ‘ਤੇ ਵਿਚਾਰ ਕਰਨ ਲਈ ਬੁਲਾਈ ਗਈ ਮੀਟਿੰਗ ਉਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਖ਼ਾਲਸਾ ਪੰਥ ਵਲੋਂ ਰੱਦ ਕੀਤੇ ਜਥੇਦਾਰਾਂ ਨੂੰ ਗੁਰੂ-ਪੰਥ ਨਾਲ ਸਬੰਧਿਤ ਕੋਈ ਵੀ ਫੈਸਲਾ ਲੈਣ ਦਾ ਹੱਕ ਨਹੀਂ ਹੈ।

ਗੁਰਦੁਆਰਾ ਤਪ ਅਸਥਾਨ ਵਿਖੇ ਆਯੋਜਿਤ ਸਮਾਗਮ ਦੌਰਾਨ ਪਾਸ ਕੀਤੇ ਗਏ ਮਤੇ ਵਿਚ ਪ੍ਰਬੰਧਕਾਂ ਨੇ ਸਿੱਖ ਸੰਗਤ ਨੂੰ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਦੀ ਰੋਸ਼ਨੀ ਵਿਚ ਆਪਸੀ ਮਤਭੇਦਾਂ ਦੇ ਹੱਲ ਲੱਭਣ ਦੀ ਅਪੀਲ ਕੀਤੀ ਅਤੇ ਇਸ ਮੌਕੇ ਸ਼ਬਦ-ਗੁਰੂ ਦੇ ਸਿਧਾਂਤ ਨੂੰ ਆਪਾ-ਸਮਰਪਣ ਕਰਨ ਲਈ ਕਿਹਾ।

ਇਸ ਮੌਕੇ ਬੋਲਦਿਆਂ ਦਲ ਖ਼ਾਲਸਾ ਦੇ ਆਗੂ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੇ ਉਸ ਦਿਨ ਹੀ ਖ਼ਾਲਸਾ ਪੰਥ ਦਾ ਭਰੋਸਾ ਅਤੇ ਵਿਸ਼ਵਾਸ ਗੁਆ ਲਿਆ ਸੀ, ਜਦੋਂ ਉਨ੍ਹਾਂ ਪੰਥ ਦੀਆਂ ਸਮੂਹਿਕ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਇਕ ਨਾਟਕੀ ਅਤੇ ਸਾਜਿਸ਼ੀ ਢੰਗ ਨਾਲ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੀ ਸੀ।

ਧਾਮੀ ਨੇ ਕਿਹਾ ਕਿ ਨੈਤਿਕ ਅਤੇ ਧਾਰਮਿਕ ਅਧਿਕਾਰਾਂ ਤੋਂ ਵਿਹੂਣੇ ਇਹ ਜਥੇਦਾਰ ਪੰਥ ਦੀ ਮਰਜ਼ੀ ਤੋਂ ਬਿਨਾਂ ਹੀ ਅਹੁਦਿਆਂ ‘ਤੇ ਬੈਠੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਸ਼ਬਦ-ਗੁਰੂ ਦੇ ਸਿਧਾਂਤ ਪ੍ਰਤੀ ਆਪਣੇ ਸੰਕਲਪ ਅਤੇ ਵਿਸ਼ਵਾਸ ਨੂੰ ਮੁੜ ਪੱਕਾ ਕਰੀਏ ਅਤੇ ਪਖੰਡੀ ਸਾਧਾਂ ਅਤੇ ਡੇਰੇਦਾਰਾਂ ਨੂੰ ਜੋ ਸਾਨੂੰ ਸਿੱਖੀ ਸਿਧਾਂਤਾਂ ਅਤੇ ਫਲਸਫੇ ਤੋਂ ਦੂਰ ਕਰ ਰਹੇ ਹਨ, ਉਨਾਂ ਨੂੰ ਰੱਦ ਕਰੀਏ।

ਸਿੱਖ ਯੂਥ ਆਫ ਪੰਜਾਬ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਦੀ ਆੜ ਹੇਠ ਮੁੜ ਲਾਗੂ ਕੀਤੇ ਬਿਕਰਮੀ ਕੈਲੰਡਰ ਨੂੰ ਰੱਦ ਕਰਦਿਆਂ ਅੱਜ ਦਾ ‘ਸ਼ਬਦ-ਗੁਰੂ ਸਤਿਕਾਰ ਸਮਾਗਮ’ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਕੈਲੰਡਰ ਵਿਵਾਦ ਨੇ ਕੌਮ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੈ ਅਤੇ ਬਾਦਲ ਪਰਿਵਾਰ ਇਸ ਵੰਡ ਲਈ ਇਕਮਾਤਰ ਜ਼ਿੰਮੇਵਾਰ ਧਿਰ ਹੈ, ਜਿਸਨੇ ਵੋਟਾਂ ਦੇ ਲਾਲਚ ਲਈ ਕੌਮ ਨੂੰ ਪਾਟੋਧਾੜ ਦੇ ਰਾਹ ਤੋਰਿਆ ਹੈ।

ਇਸ ਦੌਰਾਨ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਮੁਖੀ ਗਿਆਨੀ ਕੇਵਲ ਸਿੰਘ ਨੇ ਸੂਬਾ ਸਰਕਾਰ ਦੇ ਨਾ-ਪੱਖੀ ਰਵੱਈਏ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ, “ਸਰਕਾਰ ਅਤੇ ਉਸਦਾ ਅਮਲਾ ਫੈਲਾ ਬਰਗਾੜੀ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਾਜਿਸ਼ ਅਤੇ ਦੋਸ਼ੀਆਂ ਨੂੰ ਨੰਗਾ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ ਅਤੇ ਸਰਕਾਰ ਨੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਮਾਰੇ ਗਏ ਦੋ ਨਿਰਦੋਸ਼ ਸਿੱਖਾਂ ਨੂੰ ਇਨਸਾਫ ਵੀ ਨਹੀਂ ਦਿੱਤਾ ਹੈ।

ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਮੁੱਖ ਸਲਾਹਕਾਰ ਪ੍ਰਭਜੋਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਤ ਹਰਚਰਨ ਸਿੰਘ ਖਾਲਸਾ ਰਾਮਦਾਸਪੁਰ ਵਾਲੇ, ਰਣਬੀਰ ਸਿੰਘ, ਰਾਜਿੰਦਰ ਸਿੰਘ, ਰਛਪਾਲ ਸਿੰਘ, ਗੁਰਦੀਪ ਸਿੰਘ, ਨੋਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਸ਼ਰਨਜੀਤ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: