ਅੰਮਿ੍ਰਤਸਰ: ਸਿੱਖ ਯੂਥ ਫੈੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਬਾਦਲਾਂ ਦੇ ਚਹੇਤੇ ਅਤੇ ਸਿੱਖਾਂ ਦਾ ਕਾਤਲ ਸੁਮੇਧ ਸੈਣੀ ਜੋ ਸ਼ਹੀਦ ਭਾਈ ਬਲਵੰਤ ਸਿੰਘ ਮੁਲਤਾਨੀ ਦੇ ਅਗਵਾਹ ਕਰਕੇ ਖਤਮ ਕਰਨ ਦੇ ਕੇਸ ’ਚ ਕਾਨੂੰਨੀ ਸ਼ਿਕੰਜੇ ’ਚ ਫਸ ਚੁੱਕਾ ਹੈ ਤੇ ਬਾਦਲ ਦਲੀਏ ਇਸ ਨੂੰ ਬਚਾਉਣ ਲਈ ਹਰ ਹਰਬਾ ਵਰਤ ਰਹੇ ਨੇ ਜੋ ਬੇਹੱਦ ਸ਼ਰਮਨਾਕ ਕਾਰਾ ਹੈ।
ਸਿੱਖ ਯੂਥ ਫੈੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੁਮੇਧ ਸੈਣੀ ਇੱਕ ਜਾਂ ਦੋ ਸਿੱਖਾਂ ਦਾ ਹੀ ਕਾਤਲ ਨਹੀਂ ਇਸ ਨੇ ਕਈ ਸਿੱਖ ਨੌਜਵਾਨ ਕੋਹ-ਕੋਹ ਕੇ ਮਾਰੇ ਹਨ। ਉਹਨਾਂ ਕਿਹਾ ਕਿ ਸੁਮੇਧ ਸੈਣੀ ਭਾਈ ਬਲਵੰਤ ਸਿੰਘ ਮੁਲਤਾਨੀ, ਭਾਈ ਬਲਵਿੰਦਰ ਸਿੰਘ ਜਟਾਣਾ, ਪ੍ਰੋਫੈਸਰ ਰਾਜਿੰਦਰਪਾਲ ਸਿੰਘ ਬੁਲਾਰਾ, ਭਾਈ ਜਸਬੀਰ ਸਿੰਘ ਪਿੰਕਾ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਰਮਿੰਦਰਜੀਤ ਸਿੰਘ ਟੈਣੀ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਤੇ ਮਾਸੜ ਜੀ, ਭਾਈ ਕੁਲਵੰਤ ਸਿੰਘ ਰੋਪੜ, ਭਾਈ ਮੁਖਤਿਆਰ ਸਿੰਘ, ਭਾਈ ਰਣਜੀਤ ਸਿੰਘ ਦਿਆਲਪੁਰ, ਭਾਈ ਮੱਖਣ ਸਿੰਘ ਛਿੱਤ, ਭਾਈ ਗੁਰਮੇਜ ਸਿੰਘ ਢਿਲਵਾਂ ਆਦਿ ਸਿੰਘਾਂ ’ਤੇ ਅਥਾਹ ਤਸ਼ੱਦਦ ਅਤੇ ਉਹਨਾਂ ਨੂੰ ਸ਼ਹੀਦ ਕੀਤਾ।
ਉਹਨਾਂ ਕਿਹਾ ਕਿ ਬਾਦਲਾਂ ਨੇ ਸੁਮੇਧ ਸੈਣੀ ਨੂੰ ਜੇਲ੍ਹੀਂ ਡੱਕਣ ਦੀ ਬਜਾਏ ਪੰਜਾਬ ਪੁਲਿਸ ਦਾ ਪੰਜ ਸਾਲ ਮੁਖੀ ਥਾਪੀ ਰੱਖਿਆ ਤੇ ਸੁਮੇਧ ਸੈਣੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਅਨੇਕਾਂ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ’ਚ ਫਸਾ ਕੇ ਸਲਾਖਾਂ ਪਿੱਛੇ ਨਜ਼ਰਬੰਦ ਕਰ ਦਿੱਤਾ।
ਉਹਨਾਂ ਕਿਹਾ ਕਿ ਸੈਣੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਵੀ ਬਚਾਉਣ ਦਾ ਪੂਰਾ ਯਤਨ ਕੀਤਾ ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ’ਚ ਗੋਲ਼ੀ ਚਲਵਾ ਕੇ ਦੋ ਸਿੰਘ ਸ਼ਹੀਦ ਕਰਵਾ ਦਿੱਤੇ।
ਉਹਨਾਂ ਕਿਹਾ ਕਿ ਹੁਣ ਜਦੋਂ ਤਿੰਨ ਦਹਾਕਿਆਂ ਬਾਅਦ ਸੈਣੀ ਉੱਤੇ ਅਗਵਾ ਕੇਸ ਦੀ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ ਤਾਂ ਬਾਦਲ ਪਿਓ-ਪੁੱਤ ਉਸਨੂੰ ਬਚਾਉਣ ਲਈ ਆਪਣੀ ਪਾਰਟੀ ਦੇ ਵਕੀਲ ਅਤੇ ਕਨੂੰਨੀ ਸਲਾਹਕਾਰ ਸਤਨਾਮ ਸਿੰਘ ਕਲੇਰ ਅਤੇ ਅਰਸ਼ਦੀਪ ਸਿੰਘ ਨੂੰ ਅਦਾਲਤ ’ਚ ਭੇਜਦੇ ਹਨ ਤੇ ਸੈਣੀ ਨੂੰ ਬਚਾਉਣ ਲਈ ਪੂਰਾ ਜ਼ੋਰ ਲਾਉਂਦੇ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ’ਤੇ ਚੁੱਪ ਕਿਉਂ ਹਨ?
ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਸੁਮੇਧ ਸੈਣੀ ਨੂੰ ਬਿਨਾ ਦੇਰੀ ਦੇ ਗਿ੍ਰਫਤਾਰ ਕੀਤਾ ਜਾਵੇ ਅਤੇ ਇਸ ਨੂੰ ਸਖਤ ਅਤੇ ਮਿਸਾਲੀ ਸਜਾ ਮਿਲਣੀ ਚਾਹੀਦੀ ਹੈ।