ਪੁਲਿਸ ਸਿੱਖ ਸੰਗਤਾਂ ’ਤੇ ਲਾਠੀਚਾਰਜ ਕਰਦੀ ਹੋਈ

ਸਿੱਖ ਖਬਰਾਂ

ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ: ਬੁੱਟਰ (ਮੋਗਾ) ਵਿਖੇ ਪੁਲਿਸ ਨੇ ਸਿੱਖ ਸੰਗਤਾਂ ਉੱਤੇ ਡਾਂਗ ਵਰ੍ਹਾਈ

By ਸਿੱਖ ਸਿਆਸਤ ਬਿਊਰੋ

October 13, 2015

ਮੋਗਾ, ਪੰਜਾਬ: ਮੋਗਾ ਬਰਨਾਲਾ ਰੋਡ ’ਤੇ ਸਥਿੱਤ ਬੁੱਟਰ ਪਿੰਡ ਵਿਖੇ ਅੱਜ ਸਿੱਖ ਸੰਗਤਾਂ ਅਤੇ ਪੰਜਾਬ ਪੁਲਿਸ ਦਰਮਿਆਨ ਉਸ ਸਮੇਂ ਝੜਪ ਹੋ ਗਈ ਜਦੋਂ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਮੋਗਾ ਬਰਨਾਲਾ ਰੋਡ ਜਾਮ ਕਰ ਦਿੱਤਾ।

ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਜਵਾਹਰ ਸਿੰਘ ਵਾਲਾ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰ ਲਿਆ ਗਿਆ ਸੀ। ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੌਦਾ ਸਾਧ ਨੂੰ ਮੁਆਫ ਕਰਨ ਦੇ ਐਲਾਨ ਤੋਂ ਬਾਅਦ ਇਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਪੋਸਟਰ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।

ਬੀਤੇ ਦਿਨ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਪਾੜ ਕੇ ਬੇਅਦਬੀ ਕੀਤੀ ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਸਿੱਖ ਜਥੇਬੰਦੀਆਂ, ਸਿੱਖ ਪ੍ਰਚਾਰਕ ਅਤੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਕੋਟਕਪੂਰੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ। ਪਰ ਸ਼ਾਮ ਨੂੰ ਪੰਜਾਬ ਪੁਲਿਸ ਵੱਲੋਂ ਬਾਬਾ ਰਣਜੀਤ ਸਿੰਘ ਢੰਡਰੀਆਂ, ਭਾਈ ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਮਾਝੀ ਸਮੇਤ ਕਈ ਸਿੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਪਰ ਅੱਜ ਸਿੱਖ ਸੰਗਤਾਂ ਵਿਚ ਫੈਲੇ ਰੋਹ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਇਹਨਾਂ ਆਗੂਆਂ ਨੂੰ ਛੱਡ ਦਿੱਤਾ ਗਿਆ। ਰਿਹਾਈ ਤੋਂ ਬਾਅਦ ਇਹ ਆਗੂ ਫੇਰ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਗਏ।

ਮੌਕੇ ਉੱਤੇ ਮੌਜੂਦ ਸੂਤਰਾਂ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਧਰਨੇ ਵਾਲੇ ਚੌਂਕ ਦੇ ਆਸ-ਪਾਸ ਬਹੁਤ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ ਹੈ ਅਤੇ ਪੁਲਿਸ ਵਲੋਂ ਕੋਟਕਪੂਰਾ ਸ਼ਹਿਰ ਦੀ ਨਾਕਾਬੰਦੀ ਕਰਕੇ ਸਿੱਖ ਸੰਗਤਾਂ ਨੂੰ ਸੰਘਰਸ਼ ਵਾਲੀ ਥਾਂ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਪੁਲਿਸ ਰੋਕਾਂ ਦੇ ਚੱਲਦਿਆਂ ਵੱਖ-ਵੱਖ ਥਾਵਾਂ ’ਤੇ ਸਿੱਖ ਸੰਗਤਾਂ ਵਲੋਂ ਸੜਕਾਂ ਉੱਤੇ ਜਾਮ ਲਾਉਣ ਦੀਆਂ ਖਬਰਾਂ ਮਿਲ ਰਹੀਆਂ ਹਨ।

ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਧਰਨੇ ਵਾਲੇ ਸਥਾਨ ਉੱਤੇ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ, ਗਿਆਨੀ ਬਲਵੰਤ ਸਿੰਘ ਨੰਦਗੜ, ਗਿਆਨੀ ਕੇਵਲ ਸਿੰਘ, ਬਾਬਾ ਬਲਜੀਤ ਸਿੰਘ ਦਾਦੂਆਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਸਤਨਾਮ ਸਿੰਘ ਚੰਦੇੜ, ਭਾਈ ਗੁਰਮੀਤ ਸਿੰਘ ਖੁਖਰਾਣਾ, ਬਾਬਾ ਅਵਤਾਰ ਸਿੰਘ ਸਾਧਾਵਾਲਾ ਵੱਡੀ ਗਿਣਤੀ ਸੰਗਤਾਂ ਸਮੇਤ ਹਾਜਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: