ਚੰਡੀਗੜ੍ਹ : ਪੰਜਾਬ ਵਿੱਚ ਆਪਣੀ ਸਰਕਾਰ ਵੇਲੇ ਬਾਦਲ ਪਰਿਵਾਰ ਨੇ ਸੱਤਾ ਵਿੱਚ ਰਹਿੰਦਿਆਂ ਪੰਥਕ ਵੇਸ ਪਾ ਕੇ ਜੋ ਮਨਆਈਆਂ ਕੀਤੀਆਂ ਸਨ ਉਸਦਾ ਖਮਿਆਜਾ ਹੁਣ ਉਹਨਾਂ ਨੂੰ ਵਿਆਜ ਸਣੇ ਚੁਕਾਉਣਾ ਪੈ ਰਿਹਾ ਹੈ। ਸਮੂਹ ਸਿੱਖ ਸੰਗਤ ਅੰਦਰ ਬਰਗਾੜੀ ਗੋਲੀਕਾਂਡ ਲਈ ਜਿੰਮੇਵਾਰ ਬਾਦਲ ਪਰਿਵਾਰ ਪ੍ਰਤੀ ਰੋਸ ਅਤੇ ਰੋਹ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਇਸੇ ਦੇ ਚਲਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਿੱਕੇ ਘੁੰਮਣ ਵਿੱਚ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਬਾਬਾ ਹਜਾਰਾ ਸਿੰਘ ਜੀ ਦੀ ਬਰਸੀ ਦੇ ਸਮਾਗਮ ਉੱਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸੰਗਤਾਂ ਵਲੋਂ ਡੱਟਵਾਂ ਵਿਰੋਧ ਕੀਤਾ ਗਿਆ ।
ਇਸ ਸਮਾਗਮ ਵਿੱਚ ਆਏ ਸੁਖਬੀਰ ਬਾਦਲ ਨੂੰ ਜਿੳਂ ਹੀ ਬੋਲਣ ਲਈ ਸਟੇਜ ਉੱਤੇ ਸੱਦਾ ਦਿੱਤਾ ਗਿਆ ਤਾਂ ਸੰਗਤਾਂ ਸੁਖਬੀਰ ਅਤੇ ਮਜੀਠੀਏ ਖਿਲਾਫ ਨਾਅਰੇਬਾਜੀ ਕਰਦੀਆਂ ਪੰਡਾਲ ਵਿੱਚੋਂ ਉੱਠ ਪਈਆਂ। ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨ ਸਟੇਜ ਉੱੱਤੇ ਖੜੋ ਕੇ ਵਿਰੋਧ ਕਰਨ ਵਾਲੀ ਸੰਗਤ ਨੂੰ ਪੰਥ ਵਿਰੋਧੀ ਆਖਦਿਆਂ ਆਪਣੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੋਲਣ ਲਈ ਅਵਾਜਾਂ ਮਾਰਦੇ ਰਹੇ ।
ਸੰਗਤਾ ਦੇ ਭਾਰੀ ਰੋਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਨੂੰ ਬਿਨਾਂ ਬੋਲਿਆਂ ਹੀ ਉਥੋਂ ਮੁੜਨਾ ਪਿਆ।