ਲੁਧਿਆਣਾ/ ਚੰਡੀਗੜ੍ਹ: ਬੀਤੇ 32 ਦਿਨਾਂ ਤੋਂ ਸਿੱਖ ਸੰਘਰਸ਼ ਦੇ ਰਾਜਸੀ ਕੈਦੀਆ ਦੀ ਰਿਹਾਈ ਲਈ ਸੰਘਰਸ਼ ਕਰ ਰਹੇ, ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸਬੰਧ ਵਿੱਚ ਅੱਜ ਪੰਥਕ ਜੱਥੇਬੰਦੀਆ ਦੀ ਇੱਕਤਰਤਾ ਹੋਈ ਅਤੇ ਸਭ ਨੇ ਰੱਲ ਕੇ ਡੀ.ਸੀ.ਦਫਤਰ ਲੁਧਿਆਣਾ ” ਰੋਸ ਪੱਤਰ ” ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਨੁਮਾਂਇਦਿਆਂ ਨੇ ਕਿਹਾ ਕਿ ਸਰਕਾਰ ਨੂੰ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸਾਰਥਕ ਕਦਮ ਪੁੱਟਣੇ ਚਾਹੀਦੇ ਹਨ।
ਦੂਜੇ ਪਾਸੇ ਪੁਲਿਸ ਵਲੋਂ ਬਾਪੂ ਸੂਰਤ ਸਿੰਘ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਰੱਖਿਆ ਜਾ ਰਿਹਾ ਹੈ ਜਿਥੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਰਫ ਉੱਤੇ ਨਜ਼ਰ ਰੱਖ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਅਜੇ ਤੱਕ ਪੁਲਿਸ ਜਾਂ ਡਾਕਟਰਾਂ ਵਲੋਂ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਜ਼ਬਰਦਸਤੀ ਤੁੜਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਪਰ ਜੇਕਰ ਉਨ੍ਹਾਂ ਦੀ ਸਿਹਤ ਵਿਚ ਹੋਰ ਵਿਗਾੜ ਆਉਂਦਾ ਹੈ ਤਾਂ ਪ੍ਰਸ਼ਾਸਨ ਵਲੋਂ ਅਜਿਹਾ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਧੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦੇ ‘ਤੇ ਵਿਚਾਰ ਕੀਤੀ।
READ THIS NEWS in ENGLISH:
ਮੁੱਖ ਮੰਤਰੀ ਨਾਲ ਮੀਟਿੰਗ ਕਰਨ ਵਾਲੇ ਵਫਦ ਨੇ ਐਡਵੋਕੇਟ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਬਾਪੂ ਸੂਰਤ ਸਿੰਘ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਲਿਖਿਆ ਪੱਤਰ ਮੁੱਖ ਮੰਤਰੀ ਨੂੰ ਸੌਪਿਆ।
ਇਸ ਪੱਤਰ ਰਾਹੀਂ ਬਾਪੂ ਸੂਰਤ ਸਿੰਘ ਨੇ ਸਿੱਖ ਸੰਘਰਸ਼ ਨਾਲ ਸਬੰਧਿਤ ਸਾਰੇ ਸਿੱਖ ਕੈਦੀਆਂ ਲਈ ਰਾਜਸੀ ਕੈਦੀਆਂ ਦੇ ਰੁਤਬੇ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ।
ਸਿੱਖ ਜੱਥੇਬੰਦੀਆਂ ਦੇ ਇਸ ਵਫਦ ਨੇ ਕਰੀਬ ਇੱਕ ਘੰਟਾ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਬੰਦੀ ਸਿੰਘਾਂ ਦੇ ਮਸਲੇ ਬਾਰੇ ਦੱਸਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਦੀ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਬਾਦਲ ਨੂੰ ਕਿਹਾ ਕਿ ਬਾਪੂ ਸੂਰਤ ਸਿੰਘ ਨੂੰ ਜਬਰੀ ਭੋਜਨ ਨਾ ਦਿੱਤਾ ਜਾਏ ਅਤੇ ਲੋਕਤੰਤਰਿਕ ਅਤੇ ਸ਼ਾਂਤਮਈ ਤਰੀਕੇ ਨਾਲ ਉਨ੍ਹਾਂ ਨੂੰ ਬਿਨਾ ਕਿਸੇ ਰੋਕ ਟੋਕ ਦੇ ਰੋਸ ਦਾ ਪ੍ਰਗਟਾਵਾ ਕਰਨ ਦਿੱਤਾ ਜਾਏ।
ਦੂਸਰੇ ਪਾਸੇ ਬਾਦਲ ਨੇ ਭਾਰਤੀ ਸੁਪਰੀਮ ਕੋਰਟ ਵੱਲੋਂ ਰਾਜ ਸਰਕਾਰਾਂ ਵੱਲੋਂ ਉਮਰ ਕੈਦੀਆਂ ਨੂੰ ਰਾਹਤ ਦੇਣ ‘ਤੇ ਰੋਕ ਸਬੰਧੀ 9 ਜੁਲਾਈ 2014 ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਸਿੱਖ ਕੈਦੀਆਂ ਦੀ ਰਿਹਾਈ ਲਈ ਆਪਣੀ ਬੇਵਸੀ ਦਾ ਪ੍ਰਗਟਾਵਾ ਕੀਤਾ।