ਅੰਮ੍ਰਿਤਸਰ: ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜ਼ਬਰਨ ਦਾਖਲ ਹੋ ਕੇ ਪੁਲਿਸ ਵੱਲੋਂ ਵਿਦਿਆਰਥੀਆਂ ਦੀ ਕੀਤੀ ਗਈ ਕੁੱਟਮਾਰ ਦਾ ਸਿੱਖ ਨੌਜਵਾਨ ਜੱਥੇਬੰਦੀ ਸਿੱਖ ਯੂਥ ਆਫ ਪੰਜਾਬ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵਿਰੋਧ ਕਰਦਿਆਂ ਪੁਲਿਸ ਦੀ ਦਹਿਸ਼ਤਗਰਦੀ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੇ ਸਮਰਥਨ ਵਿੱਚ ਅਤੇ ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਨਾਗਰਿਕਤਾ ਕਾਨੂੰਨ ਖਿਲਾਫ 17 ਦਸੰਬਰ ਨੂੰ ਦੁਪਹਿਰ 1 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਡਿਗਰੀ ਕਰਨ ਵਾਲੇ ਮੰਡ ਨੇ ਕਿਹਾ ਕਿ ਭਾਰਤ ਵਿੱਚ ਅੱਜ ਜਿਹੜਾ ਮਾਹੌਲ ਹੈ, ਵਿਦਿਆਰਥੀ ਉੱਥੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ, “ਵਿਦਿਆਰਥੀਆਂ ਨੂੰ ਲਗਦਾ ਹੈ ਕਿ ਕਿਸੇ ਵੀ ਥਾਂ ਉਹਨਾਂ ‘ਤੇ ਹਮਲਾ ਹੋ ਸਕਦਾ ਹੈ। ਜੇ ਅਸੀਂ ਆਪਣੇ ਹੱਕਾਂ ਲਈ ਖੜ੍ਹੇ ਨਾ ਹੋਏ ਤਾਂ ਸਾਡੀ ਪੜ੍ਹਾਈ ਦਾ ਕੀ ਫਾਇਦਾ।”
ਦੱਸ ਦਈਏ ਕਿ ਨਵੇਂ ਨਾਗਰਿਕਤਾ ਕਾਨੂੰਨ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪੁਲਿਸ ਨੇ ਐਤਵਾਰ ਸ਼ਾਮ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜ਼ਬਰਨ ਦਾਖਲ ਹੋ ਕੇ ਅੱਥਰੂ ਗੈਸ ਦੇ ਗੋਲੇ ਚਲਾਏ ਤੇ ਵਿਦਿਆਰਥੀਆਂ ‘ਤੇ ਭਾਰੀ ਲਾਠੀਚਾਰਜ ਕੀਤਾ ਸੀ। ਇਸ ਕਾਰਵਾਈ ਵਿੱਚ ਸੈਂਕੜੇ ਵਿਦਿਆਰਥੀ ਜ਼ਖਮੀ ਹੋ ਗਏ ਸਨ।