ਗਿਆਨੀ ਗੁਰਬਚਨ ਸਿੰਘ (ਪੁਰਾਣੀ ਫੋਟੋ)

ਸਿੱਖ ਖਬਰਾਂ

ਆਰ. ਐੱਸ. ਐੱਸ ਰਾਹੀਂ ਭਾਰਤੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੇ ਮਾਮਲੇ ‘ਚ ਸਿੱਖ ਜੱਥੇਬੰਦੀਆਂ ਨੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗਿਆ ਸਪੱਸ਼ਟੀਕਰਨ

By ਸਿੱਖ ਸਿਆਸਤ ਬਿਊਰੋ

January 04, 2015

ਅੰਮ੍ਰਿਤਸਰ (3 ਜਨਵਰੀ, 2015): ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਉਸ ਦੇ ਦਫ਼ਤਰ ਵਿੱਚ ਜਾ ਕੇ ਮਿਲਣ ਅਤੇ ਇਸ ਮੁਲਾਕਾਤ ਲਈ ਆਰ.ਐਸ.ਐਸ ਦਾ ਸਹਿਯੋਗ ਲੈਣ ਕਾਰਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਸ ਸਬੰਧੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਉਹ ਸਿੰਘ ਸਾਹਿਬਾਨ ਕੋਲੋਂ ਸਪਸ਼ਟੀਕਰਨ ਲੈਣ ਅਤੇ ਕੁਝ ਜਥੇਬੰਦੀਆਂ ਨੇ ਸਿੰਘ ਸਾਹਿਬਾਨ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ ਹੈ।

ਇਸ ਮਾਮਲੇ ਵਿੱਚ ਦੋਸ਼ ਲਾਇਆ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਲਈ ਆਰ.ਐਸ.ਐਸ ਦਾ ਸਹਿਯੋਗ ਲਿਆ ਗਿਆ ਸੀ, ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਮੁਲਾਕਾਤ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਭਾਵੇਂ ਵਫਦ ਦੇ ਨਾਲ ਹਾਜ਼ਰ ਨਹੀਂ ਸਨ ਪਰ ਉਸ ਦਿਨ ਉਹ ਵੀ ਦਿੱਲੀ ਵਿੱਚ ਸਨ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਸਿੱਖ ਵਫ਼ਦ ਨਾਲ ਮੀਟਿੰਗ ਕੀਤੀ ਸੀ। ਇਸ ਮਾਮਲੇ ਵਿਚ ਉਨ੍ਹਾਂ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਹੇਠ ਹੈ।

ਇਸ ਸਬੰਧੀ ਵੱਖ-ਵੱਖ ਸਿੱਖ ਜਥੇਬੰਦੀਆਂ, ਜਿਨ੍ਹਾਂ ਵਿੱਚ ਪੰਥਕ ਤਾਲਮੇਲ ਸੰਗਠਨ ਦੇ ਮੁਖੀ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਅਕਾਲ ਪੁਰਖ ਕੀ ਫ਼ੌਜ ਦੇ ਜਸਵਿੰਦਰ ਸਿੰਘ ਐਡਵੋਕੇਟ, ਸਿੱਖ ਫੁਲਵਾੜੀ ਤੋਂ ਹਰਜੀਤ ਸਿੰਘ, ਗੁਰਮਤਿ ਗਿਆਨੀ ਮਿਸ਼ਨਰੀ ਕਾਲਜ ਤੋਂ ਇੰਦਰਜੀਤ ਸਿੰਘ, ਕੇਂਦਰੀ ਸਿੰਘ ਸਭਾ ਤੋਂ ਗੁਰਪ੍ਰੀਤ ਸਿੰਘ, ਖ਼ਾਲਸਾ ਸਿੱਖ ਸੇਵਕ ਸੁਸਾਇਟੀ ਤੋਂ ਪਰਮਿੰਦਰਪਾਲ ਸਿੰਘ, ਮਿਸ਼ਨਰੀ ਕਾਲਜ ਤੋਂ ਬਲਜੀਤ ਸਿੰਘ, ਕੇਸ ਸੰਭਾਲ ਸੰਸਥਾ ਤੋਂ ਐਸਐਸ ਕੌਲ, ਸ਼ੁਭ ਕਰਮਨ ਸੁਸਾਇਟੀ ਤੋਂ ਰਛਪਾਲ ਸਿੰਘ ਆਦਿ ਨੇ ਸ਼ੋ੍ਰਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਸਥਿਤੀ ਸਪਸ਼ਟ ਕਰੇ।

ਉਨ੍ਹਾਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਸਿੰਘ ਸਾਹਿਬਾਨ ਕੋਲੋਂ ਸਪਸ਼ਟੀਕਰਨ ਲਿਆ ਜਾਵੇ ਅਤੇ ਜੇ ਦੋਸ਼ ਸਾਬਤ ਹੁੰਦੇ ਹਨ ਤਾਂ ਸਿੰਘ ਸਾਹਿਬਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਫਾਰਗ ਕੀਤਾ ਜਾਵੇ।

ਇਸੇ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ (ਦਿੱਲੀ) ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਇਸ ਮਾਮਲੇ ਵਿੱਚ ਜਥੇਦਾਰ ਗਿਆਨੀ ਮੱਲ ਸਿੰਘ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਪਸ਼ਟ ਕਰ ਚੁੱਕੇ ਹਨ ਕਿ ਇਸ ਮਾਮਲੇ ਵਿੱਚ ਆਰ.ਐਸ.ਐਸ. ਦਾ ਸਹਿਯੋਗ ਨਹੀਂ ਲਿਆ ਗਿਆ ਸਗੋਂ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੇ ਮੁਲਾਕਾਤ ਦਾ ਪ੍ਰਬੰਧ ਕੀਤਾ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਤੇ ਹੋਰ ਸੰਤ ਸਮਾਜ ਦੀ ਅਗਵਾਈ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਜਾ ਕੇ ਮਿਲੇ ਸਨ, ਜਿੱਥੇ ਉਨ੍ਹਾਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਕੀਤੀ ਜਾ ਰਹੀ ਮੰਗ ਦਾ ਮਾਮਲਾ ਉਠਾਇਆ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਹੈ।

ਅੱਜ ਜਦ ਸਿੱਖ ਜੱਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਪੱਸ਼ਟੀਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਯੁਕਤੀ, ਕਾਰਜ਼ ਖੇਤਰ, ਉੱਤਰਦਾਇਤਾ ਸਬੰਧੀ ਜਰੂਰ ਕੋਈ ਵਿਧੀ ਵਿਧਾਨ ਕੌਮ ਨੂੰ ਨਿਰਧਾਰਤ ਕਰਨਾ ਚਾਹੀਦਾ ਹੈ। ਸਿੱਖ ਕੌਮ ਦੇ ਕੁਝ ਚੇਤੰਨ ਹਿੱਸਿਆਂ ਵੱਲੋਂ ਬੜੀ ਦੇਰ ਤੋਂ ਇਸਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ।ਅੱਜ ਕੌਮ ਦੇ ਸਾਹਮਣੇ ਇਹ ਇੱਕ ਵੱਡਾ ਸਵਾਲ ਖੜਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੱਥੇਦਾਰ ਅਕਾਲ ਤਖਤ ਸਾਹਿਬ ਤੋਂ ਸਪੱਸ਼ਟੀਕਰਨ ਮੰਗ ਸਕਦਾ ਹੈ ਜਾ ਨਹੀ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: