ਅੰਮ੍ਰਿਤਸਰ: ਨਿਹੰਗ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਸਮੇਤ ਕੋਈ ਇੱਕ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਸੋਂ ਮੰਗ ਕੀਤੀ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਜਾਵੇ।ਜਥੇਬੰਦੀਆਂ ਨੇ ਇਹ ਮੰਗ ਅੱਜ ਇਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਨਾਮ ਲਿਖੇ ਇੱਕ ਮੰਗ ਪੱਤਰ ਵਿੱਚ ਕੀਤੀ ਹੈ।
ਮੰਗ ਪੱਤਰ ਅੱਜ ਮਿਸਲ ਸ਼ਹੀਦਾਂ ਤਰਨਾ ਦਲ ਦੇ ਬਾਬਾ ਨਰੈਣ ਸਿੰਘ, ਅਕਾਲ ਖਾਲਸਾ ਦਲ ਦੇ ਭਾਈ ਬਲਬੀਰ ਸਿੰਘ ਕਠਿਆਲੀ, ਸੁਧਾਰ ਕਮੇਟੀ ਪੰਜਾਬ ਦੇ ਭਾਈ ਭੁਪਿੰਦਰ ਸਿੰਘ, ਕਲਗੀਧਰ ਵੈਲਫੇਅਰ ਸੇਵਕ ਸੁਸਾਇਟੀ ਦੇ ਗੁਰਪ੍ਰੀਤ ਸਿੰਘ, ਰਣਜੋਧ ਸਿੰਘ ਮਹਾਂਕਾਲ, ਭਾਈ ਬਾਜ਼ ਸਿੰਘ ਦਿੱਲੀ ਵਾਲੇ ਤੇ ਭਾਈ ਹਰਪਿੰਦਰ ਸਿੰਘ ਠੀਕਰੀਵਾਲ ਵਲੋਂ ਕਮੇਟੀ ਪਰਧਾਨ ਲੋਂਗੋਵਾਲ ਦੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਸੌਪਿਆ ਗਿਆ।
ਲੋਂਗੋਵਾਲ ਨੂੰ ਲਿਖੇ ਪਤਰ ਵਿੱਚ ਜਥੇਬੰਦੀਆਂ ਨੇ ਦੱਸਿਆ ਹੈ ਕਿ ਗਿਆਨੀ ਗੁਰਬਚਨ ਸਿੰਘ ਉਪਰ ਬੀਤੇ ਸਮੇਂ ਦੌਰਾਨ ਸਿਰਸਾ ਸਾਧ ਨੂੰ ਮੁਆਫੀ ਦੇਣ, ਨਾਨਕਸ਼ਾਹ ਫਕੀਰ ਫਿਲਮ ਨੂੰ ਪ੍ਰਵਾਨਗੀ ਦੇਣ ਵਰਗੇ ਗੰਭੀਰ ਦੋਸ਼ ਲੱਗੇ ਹਨ ।ਜਥੇਬੰਦੀਆਂ ਨੇ ਦੱਸਿਆ ਹੈ ਕਿ ਹਾਲ ਵਿੱਚ ਹੀ ਵਿਧਾਨ ਸਭਾ ਵਿੱਚ ਗਿਆਨੀ ਗੁਰਬਚਨ ਸਿੰਘ ਤੱਥਾਂ ਤੇ ਅਧਾਰਿਤ ਦੋਸ਼ ਲੱਗੇ ਹਨ ਕਿ ਗਿਆਨੀ ਜੀ ਡੰਗਰ ਮੰਡੀਆਂ ਦੇ ਠੇਕੇ ਲੈਕੇ ਡੰਗਰ ਬੁੱਚੜਖਾਨਿਆਂ ਨੂੰ ਮੁਹਈਆ ਕਰਵਾਂਉਦੇ ਹਨ ਜੋ ਗੁਰਮਤਿ ਦੇ ਅਨੁਕੂਲ ਨਹੀ ਹੈ।
ਜਥੇਬੰਦੀਆਂ ਨੇ ਲਿਿਖਆ ਹੈ ਕਿ ਸਿੱਖ ਤਾਂ ਬੱੁਚੜਖਾਨਿਆਂ ਤੋਂ ਗਊਆਂ ਛੁਡਵਾ ਕੇ ਲਿਆਂਉਂਦੇ ਰਹੇ ਹਨ।ਜਥੇਬੰਦੀਆਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਵੱਖ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਇੱਕ ਮਹੀਨੇ ਦਾ ਸਮਾਂ ਦਿੰਦਿਆਂ ਕਿਹਾ ਹੈ ਕਿ ਉਹ ਨਹੀ ਚਾਹੁੰਦੇ ਕਿ ਅਕਾਲ ਤਖਤ ਸਾਹਿਬ ਵਰਗੀ ਸਿਰਮੌਰ ਸੰਸਥਾ ਬਾਰੇ ਕੋਈ ਵਾਦ ਵਿਵਾਦ ਪੈਦਾ ਹੋਵੇ ਲੇਕਿਨ ਇੱਕ ਮਹੀਨੇ ਬਾਅਦ ਉਹ ਅਗਲੀ ਰਣਨੀਤੀ ਤੈਅ ਕਰਨ ਲਈ ਮਜਬੂਰ ਹੋਣਗੇ। ਜਥੇਬੰਦੀਆਂ ਦੀ ਆਮਦ ਨੂੰ ਵੇਖਦਿਆਂ ਇੱਕ ਏ.ਸੀ.ਪੀ. ਦੀ ਅਗਵਾਈ ਹੇਠ ਵੱਡੀ ਗਿਣਤੀ ਵਰਦੀ ਤੇ ਸਿਵਲ ਕਪੜਿਆਂ ਵਿੱਚ ਪੁਲਿਸ ਮੁਲਾਜਮ ਤਾਇਨਾਤ ਸਨ।ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਵੱਡੀ ਗਿਣਤੀ ਟਾਸਕ ਫੋਰਸ ਦੇ ਜਵਾਨ ਤੇ ਪਰਕਰਮਾ ਦੇ ਸੇਵਾਦਾਰ ਰਾਖਵੇਂ ਰੱਖੇ ਹੋਏ ਸਨ ਜਿਨ੍ਹਾਂ ਦੀ ਅਗਵਾਈ ਲਈ ਤਿੰਨ ਵਧੀਕ ਮੈਨੇਜਰ ਹਾਜਰ ਸਨ।