ਖਾਸ ਖਬਰਾਂ

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਰੱਖਣ ਲਈ ਸਾਂਝੇ ਯਤਨ ਅਰੰਭ

By ਸਿੱਖ ਸਿਆਸਤ ਬਿਊਰੋ

October 24, 2024

ਚੰਡੀਗੜ੍ਹ – ਪਿਛਲੇ ਸਾਲ ਇਲਾਕੇ ਦੀਆਂ ਸੰਗਤਾਂ, ਲੰਗਰ ਕਮੇਟੀਆਂ, ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਾਂਝੇ ਯਤਨ ਕੀਤੇ ਗਏ ਸਨ ਕਿ ਸੰਤ ਅਤਰ ਸਿੰਘ ਜੀ ਦੀ ਯਾਦ ਵਿਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕੀਤਾ ਜਾਵੇ ਜਿਸ ਤਹਿਤ ਲੰਗਰਾਂ ਵਿਚ ਚਲਦੇ ਸਪੀਕਰਾਂ ਬੰਦ ਰਹੇ, ਟਰੈਕਟਰਾਂ ਉਤੇ ਡੈੱਕ ਨਹੀਂ ਵਜਾਏ ਗਏ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਗੁਰਮਤਿ ਅਨੁਸਾਰੀ ਦੁਕਾਨਾਂ ਹੀ ਲਗਾਈਆਂ ਗਈਆਂ। ਇਸ ਕਾਰਜ ਵਿਚ ਲੰਗਰ ਕਮੇਟੀਆਂ, ਪਿੰਡਾਂ ਦੀਆਂ ਸੰਗਤਾਂ, ਮਸਤੂਆਣਾ ਸਾਹਿਬ ਪ੍ਰਬੰਧਕਾਂ ਤੇ ਕੌਂਸਲ ਦੇ ਵਲੰਟੀਅਰਾਂ ਦਾ ਪੂਰਨ ਸਹਿਯੋਗ ਅਤੇ ਪਹਿਰਾ ਰਿਹਾ। ਇਸ ਉੱਦਮ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ, ਪੰਜਾਬ ਅਤੇ ਦੇਸ ਵਿਦੇਸ਼ ਵਿਚ ਭਰਦੇ ਜੋੜ ਮੇਲਿਆਂ ਦੌਰਾਨ ਇਸ ਉੱਦਮ ਦਾ ਜਿਕਰ ਹੋਇਆ।

ਇਸ ਸਾਲ ਵੀ ਇਹ ਸਾਂਝਾ ਕਾਰਜ ਗੁਰੂ ਸਾਹਿਬ ਨੂੰ ਅਰਦਾਸ ਬੇਨਤੀ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਅਰੰਭ ਕੀਤਾ ਗਿਆ ਹੈ। ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ, ਇਲਾਕੇ ਦੇ ਸਿੱਖ ਜਥਿਆਂ, ਸਿੱਖ ਸਖਸ਼ੀਅਤਾਂ ਅਤੇ ਸੰਗਤ ਦੀ ਭਾਵਨਾ ਹੈ ਕਿ ਸੰਤ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਤਕ ਇਸ ਜੋੜ ਮੇਲੇ ਨੂੰ ਸੰਗਤੀ ਜੋੜ ਮੇਲਾ ਬਣਾਇਆ ਜਾ ਸਕੇ। ਇਸ ਪ੍ਰਥਾਏ ਅੱਜ ਗੁਰਦੁਆਰਾ ਗੁਰਸਾਗਰ, ਮਸਤੂਆਣਾ ਸਾਹਿਬ ਵਿਖੇ ਪੰਜ ਸਿੰਘਾਂ ਨੇ ਸਤਿਗੁਰਾਂ ਨੂੰ ਅਰਦਾਸ ਬੇਨਤੀ ਕੀਤੀ, ਜਿਸ ਵਿਚ ਉਪਰੋਕਤ ਸਾਰੇ ਜਥਿਆਂ, ਸਖਸ਼ੀਅਤਾਂ, ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ, ਇਲਾਕੇ ਦੀਆਂ ਸੰਗਤਾਂ, ਲੰਗਰ ਕਮੇਟੀਆਂ ਤੇ ਪਿੰਡਾਂ ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ।

ਗਿਆਨੀ ਭਗਵਾਨ ਸਿੰਘ ਜੀ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੁਰਮਤਿ ਦਾ ਰਾਹ ਇਹੀ ਹੈ ਕਿ ਸਿੱਖ ਆਪਣੇ ਸਾਰੇ ਕਾਰਜ ਸਤਿਗੁਰਾਂ ਨੂੰ ਅਰਦਾਸ ਬੇਨਤੀ ਕਰ ਕੇ ਸ਼ੁਰੂ ਕਰਨ ਜਿਵੇਂ ਕਿ ਮਸਤੂਆਣਾ ਸਾਹਿਬ ਜੋੜ ਮੇਲੇ ਦੀ ਇਸ ਸਾਲ ਮੁਹਿੰਮ ਲਈ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੇ ਸੰਗਤਾਂ ਦੇ ਜੋੜ ਮੇਲੇ ਦੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਇਸ ਸਾਲ ਵੀ ਪਾਤਿਸ਼ਾਹ ਨੂੰ ਅਰਦਾਸ ਬੇਨਤੀ ਕਰ ਕੇ ਆਗਿਆ ਲੈ ਕੇ ਅਰੰਭ ਕੀਤੇ ਜਾ ਰਹੇ ਕਾਰਜਾਂ ਲਈ ਬਾਬਾ ਜੀ ਨੇ ਅਸੀਸ ਦਿੱਤੀ।

ਇਸ ਦੌਰਾਨ ਗਿਆਨੀ ਭਗਵਾਨ ਸਿੰਘ ਜੀ ਦਮਦਮੀ ਟਕਸਾਲ, ਬਾਬਾ ਹਰਜਿੰਦਰ ਸਿੰਘ ਗੁਰੂ ਕੀ ਮਟੀਲੀ ਬਾਘਾ ਪੁਰਾਣਾ, ਭਾਈ ਗੁਰਤੇਜ ਸਿੰਘ ਖਡਿਆਲ (ਦਮਦਮੀ ਟਕਸਾਲ), ਭਾਈ ਨਿਰਮਲ ਸਿੰਘ ਰੱਤਾਖੇੜਾ (ਦਮਦਮੀ ਟਕਸਾਲ), ਭਾਈ ਸਵਰਨ ਸਿੰਘ, ਸ.ਜਸਵੰਤ ਸਿੰਘ ਖਹਿਰਾ, ਭਾਈ ਦਰਸ਼ਨ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ ਦਲ ਖਾਲਸਾ, ਗਿਆਨੀ ਰਣਜੀਤ ਸਿੰਘ ਨਿਰਮਲ ਬੁੰਗਾ ਭਿੰਡਰਾਂ, ਰਾਗੀ ਗ੍ਰੰਥੀ ਸਭਾ ਸੰਗਰੂਰ, ਸਿੱਖ ਜਥਾ ਮਾਲਵਾ, ਲੱਖੀ ਜੰਗਲ ਖਾਲਸਾ ਜਥਾ, ਭਾਈ ਸਤਪਾਲ ਸਿੰਘ, ਗੁਰਦੀਪ ਸਿੰਘ ਕਾਲਾਝਾੜ, ਭੁਪਿੰਦਰ ਸਿੰਘ ਗਰੇਵਾਲ, ਭਾਈ ਜਗਤਾਰ ਸਿੰਘ ਧੂਰੀ, ਹਰਮਨਦੀਪ ਸਿੰਘ ਬੇਨੜਾ, ਨਵਦੀਪ ਸਿੰਘ ਬਡਬਰ, ਬਾਬਾ ਧੰਨਾ ਸਿੰਘ ਉਭਾਵਾਲ, ਪਰਵਿੰਦਰ ਸਿੰਘ ਲੌਂਗੋਵਾਲ, ਧਰਮਵੀਰ ਸਿੰਘ ਸੰਗਰੂਰ, ਮਨਦੀਪ ਸਿੰਘ ਸੂਲਰ, ਸੁਖਵਿੰਦਰ ਸਿੰਘ ਥਲੇਸਾਂ, ਸੁਖਦੇਵ ਸਿੰਘ ਮੁੱਖ ਗ੍ਰੰਥੀ ਮਸਤੂਆਣਾ ਸਾਹਿਬ, ਗੁਰਮੇਲ ਸਿੰਘ ਸਹਾਇਕ ਗ੍ਰੰਥੀ, ਗੁਰਮੀਤ ਸਿੰਘ (ਗੁਰਮਤਿ ਕਾਲਜ ਮਸਤੂਆਣਾ ਸਾਹਿਬ), ਗਿਆਨ ਸਿੰਘ ਕੁੰਨਰਾਂ, ਬਲਵਿੰਦਰ ਸਿੰਘ ਘਰਾਚੋਂ, ਬਿੰਦਰ ਸਿੰਘ ਛੰਨਾ, ਇੰਦਰਪ੍ਰੀਤ ਸਿੰਘ, ਗੁਰਪਾਲ ਸਿੰਘ ਆਦਿ ਜਥੇ ਅਤੇ ਸਿੱਖ ਸਖਸ਼ੀਅਤਾਂ ਹਾਜਰ ਸਨ।

 

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: