ਮੁਹਾਲੀ: ਸਪੈਸ਼ਲ ਐੱਨ.ਆਈ.ਏ. ਅਦਾਲਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵੱਲੋਂ ਇੱਕ ਮਾਮਲੇ ਵਿੱਚ ਚਾਰ ਜਣਿਆਂ ਨੂੰ ਦੇਸ਼ ਵਿਰੁੱਧ ਜੰਗ ਛੇੜਨ ਅਤੇ ਯੂ.ਏ.ਪੀ.ਏ. ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ੀ ਐਲਾਨਿਆ ਗਿਆ ਹੈ।
ਜੱਜ ਮਨਜੋਤ ਕੌਰ ਦੀ ਅਦਾਲਤ ਵੱਲੋਂ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਇੰਡੀਅਨ ਪੀਨਲ ਕੋਡ ਦੀਆਂ ਧਰਾਵਾਂ 120ਬੀ, 121, 121ਏ, 122, 123 ਅਤੇ ਯੂ.ਏ.ਪੀ.ਏ. ਦੀਆਂ ਧਰਾਵਾਂ 17, 18ਬੀ, 20, 38 ਅਤੇ 39 ਵਿੱਚ ਦੋਸ਼ੀ ਐਲਾਨਿਆ ਗਿਆ ਹੈ।
ਜਗਦੇਵ ਸਿੰਘ ਤਲਾਣੀਆਂ ਤੇ ਰਵਿੰਦਰਪਾਲ ਸਿੰਘ ਮਹਿਣਾ ਨੂੰ ਧਾਰਾ 120ਬੀ, 121, 121ਏ, 122, 123 (ਆਈ.ਪੀ.ਸੀ.) ਅਤੇ ਯੂ.ਏ.ਪੀ.ਏ. ਦੀਆਂ ਧਰਾਵਾਂ 17, 18ਬੀ, 20, 38, 39 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦੋਸ਼ੀ ਐਲਾਨਿਆ ਗਿਆ ਹੈ।
ਅਦਾਲਤ ਵੱਲੋਂ ਹਰਚਰਨ ਸਿੰਘ ਦਿੱਲੀ ਨੂੰ ਇੰਡੀਅਨ ਪੀਨਲ ਕੋਡ ਦੀਆਂ ਧਰਾਵਾਂ 120ਬੀ, 121, 121ਏ, 122, 123 ਅਤੇ ਯੂ.ਏ.ਪੀ.ਏ. ਦੀਆਂ ਧਰਾਵਾਂ 17, 18, 18ਬੀ, 20, 38, 39 ਤਹਿਤ ਦੋਸ਼ੀ ਐਲਾਨਿਆ ਗਿਆ ਹੈ।
ਬਚਾਅ ਪੱਖ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਅਦਾਲਤ ਵੱਲੋਂ ਸਜ਼ਾ 28 ਮਾਰਚ 2024 ਨੂੰ ਸੁਣਾਈ ਜਾਵੇਗੀ।
ਇਹ ਕੇਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਮਈ 2019 ਵਿੱਚ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਕੇਸ ਵਿੱਚ ਜਗਦੇਵ ਸਿੰਘ ਅਤੇ ਰਵਿੰਦਰ ਪਾਲ ਸਿੰਘ ਕੋਲੋਂ ਪਿਸਤੌਲ ਦੀ ਬਰਾਮਦਗੀ ਦਿਖਾਈ ਗਈ ਸੀ। ਇਸ ਕੇਸ ਵਿੱਚ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਸਮੇਤ ਹੋਰਨਾ ਜੁਝਾਰੂਆਂ ਦੇ ਸ਼ਹੀਦੀ ਦਿਹਾੜਿਆਂ ਵਿੱਚ ਸ਼ਮੂਲੀਅਤ ਦੀਆਂ ਤਸਵੀਰਾਂ ਨੂੰ ਆਧਾਰ ਬਣਾਇਆ ਗਿਆ ਸੀ।