ਅੰਮ੍ਰਿਤਸਰ (26 ਅਕਤੂਬਰ): ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਅੱਜ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਪੰਥਕ ਜੁਗਤ ਲਾਗੂ ਕਰਨ ਬਾਰੇ ਸਾਂਝੀ ਰਾਏ ਬਣਾਉਣ ਲਈ ਗੰਭੀਰਤਾ ਨਾਲ ਆਪਸੀ ਵਿਚਾਰ-ਵਟਾਂਦਰਾ ਕਰਨ ਦੀ ਜਰੂਰਤ ਹੈ।
ਅੱਜ ਇਥੇ ਗੱਲਬਾਤ ਕਰਦਿਆਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਹਰਦੀਪ ਸਿੰਘ ਮਹਿਰਾਜ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਹਿੰਦ ਸਟੇਟ ਸਿੱਖਾਂ ਵਿਚ ਪਾੜਾ ਵਧਾਉਣ ਦੀ ਨੀਤੀ ਉੱਤੇ ਚੱਲ ਰਹੀ ਹੈ। ਦਿੱਲੀ ਕਮੇਟੀ ਦੀਆਂ ਚੋਣਾਂ ਇਸ ਦੀ ਪਰਤੱਖ ਮਿਸਾਲ ਹਨ ਕਿ ਸਰਕਾਰ ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ ਨੂੰ ਸਿੱਖਾਂ ਵਿਚ ਪਾੜੇ ਵਧਾਉਣ ਲਈ ਵਰਤ ਰਹੀ ਹੈ। ਇਸ ਵਾਸਤੇ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦਾ ਅਮਲ ਸ਼ੁਰੂ ਹੋਇਆ ਹੈ ਤਾਂ ਇਹ ਜਰੂਰੀ ਹੈ ਪੰਥ ਨੂੰ ਸਮਰਪਿਤ ਹਿੱਸੇ ਇਹਨਾ ਚੋਣਾਂ ਵਿਚ ਪੰਥਕ ਜੁਗਤ ਅਨੁਸਾਰੀ ਸਾਂਝੀ ਰਾਏ ਬਣਾਉਣ ਲਈ ਗੰਭੀਰਤਾ ਨਾਲ ਆਪਸੀ ਵਿਚਾਰ-ਵਟਾਂਦਰਾ ਸ਼ੁਰੂ ਕਰਨ।
ਇਸ ਮੌਕੇ ਭਾਈ ਨਰਾਇਣ ਸਿੰਘ ਚੌੜਾ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਲਈ ਹਰ ਸਾਬਤ ਸੂਰਤ ਤੇ ਸਿੱਖੀ ਆਸ਼ੇ ਅਨੁਸਾਰ ਜੀਵਨ ਬਸਰ ਕਰ ਰਹੇ ਸਿੱਖ ਨੂੰ ਆਪਣੀ ਵੋਟ ਰਜਿਸਟਰ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਾਲੀ ਤੱਕ ਸ਼੍ਰੋ.ਗੁ.ਪ੍ਰ.ਕ. ਦਾ ਪ੍ਰਬੰਧ ਵੋਟ ਤੰਤਰ ਦੇ ਅਧੀਨ ਹੈ ਇਸ ਲਈ ਇਸ ਵਿਚ ਹਿੱਸਾ ਪਾਉਣ ਵਾਸਤੇ ਸਿੱਖਾਂ ਨੂੰ ਵੋਟਾਂ ਰਜਿਸਟਰ ਕਰਵਾਉਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਸਥਾਨਕ ਪੱਧਰ ਉੱਤੇ ਸਰਗਰਮ ਸਿੱਖੀ ਤੇ ਪੰਥ ਨੂੰ ਸਮਰਪਿਤ ਜਥਿਆਂ ਨੂੰ ਉਚੇਚੇ ਯਤਨ ਕਰਕੇ ਸੁਹਿਰਦ ਸਿੱਖਾਂ ਦੀਆਂ ਵੋਟਾਂ ਰਜਿਸਟਰ ਕਰਵਾਉਣੀਆਂ ਚਾਹੀਦੀਆਂ ਹਨ।
ਭਾਈ ਦਲਜੀਤ ਸਿੰਘ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਚੋਣਾਂ ਰਾਹੀਂ ਹਿੰਦ ਸਟੇਟ ਸਿੱਖਾਂ ਵਿਚ ਪਾੜਾ ਵਧਾਉਣ ਦਾ ਯਤਨ ਕਰੇਗੀ ਪਰ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਰਿਵਾਇਤ ਤੋਂ ਸੇਧ ਲੈ ਕੇ ਪਾਰਟੀਆਂ ਤੇ ਧੜਿਆਂ ਤੋਂ ਉੱਪਰ ਉੱਠ ਕੇ ਸਥਾਨਕ ਪੱਧਰ ਉੱਤੇ ਸੰਗਤੀ ਉਮੀਦਵਾਰ ਚੁਣਨ ਦਾ ਅਮਲ ਸ਼ੁਰੂ ਕਰੀਏ। ਉਹਨਾਂ ਕਿਹਾ ਕਿ ਸਥਾਨਕ ਤੇ ਨਿਸ਼ਕਾਮ ਜਥੇ ਸਾਂਝਾ ਸੰਗਤੀ ਉਮੀਦਵਾਰ ਚੁਣਨ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ‘ਪੰਥਕ ਹਿੱਸੇ’ ਪਹਿਲਾਂ ਵਾਂਗ ਹੀ ਪਾੜੋਧਾੜ ਰਹੇ ਅਤੇ ਆਪੋ-ਆਪਣੇ ਉਮੀਦਵਾਰ ਐਲਾਨਣ ਉੱਤੇ ਬਜਿਦ ਰਹੇ ਤਾਂ ਨਤੀਜੇ ਪਹਿਲਾਂ ਨਾਲੋਂ ਵੀ ਵੱਧ ਨਿਰਾਸ਼ਾਜਨਕ ਹੋਣਗੇ। ਪੰਥਕ ਹਿੱਸਿਆਂ ਨੂੰ ਦਿੱਲੀ ਕਮੇਟੀ ਚੋਣਾਂ ਦੇ ਨਤੀਜੇ ਜਰੂਰ ਧਿਆਨ ਵਿਚ ਰੱਖਣੇ ਚਾਹੀਦੇ ਹਨ ਜਿੱਥੇ ਆਪਸੀ ਬੇਇਤਫਾਕੀ ਕਾਰਨ ਬਿਪਰਵਾਦੀ ਭਾਜਪਾ ਬਿਨਾ ਚੋਣਾਂ ਲੜੇ ਕਮੇਟੀ ਦੇ ਪ੍ਰਬੰਧ ਉੱਤੇ ਕਾਬਜ਼ ਹੋ ਚੁੱਕੀ ਹੈ।