ਸੰਗਰੂਰ: ਫਿਲਮਾਂ ਰਾਹੀਂ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਸਵਾਂਗ ਰਚਨ ਦੇ ਗੁਰਮਤਿ ਵਿਰੋਧੀ ਰੁਝਾਨ ਨੂੰ ਠੱਲ ਪਾਉਣ ਵਾਸਤੇ ਸਿੱਖ ਸੰਗਤਾਂ ਵੱਲੋਂ ਬੀਤੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ। ਜਿਸ ਤਹਿਤ ਕੁਝ ਸਮਾਂ ਪਹਿਲਾਂ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ “ਦਾਸਤਾਨ-ਏ-ਸਰਹੰਦ” ਨਾਮੀ ਵਿਵਾਦਤ ਫਿਲਮ ਸਿੱਖ ਸੰਗਤਾਂ ਵੱਲੋਂ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਰਾਹੀਂ ਜਾਰੀ ਹੋਣ ਤੋਂ ਰੁਕਵਾਈ ਗਈ ਸੀ। ਇਸ ਫਿਲਮ ਨੂੰ ਬਣਾਉਣ ਵਾਲੇ ਹੋਣ ਦੁਬਾਰਾ ਇਸ ਫਿਲਮ ਨੂੰ ਜਾਰੀ ਕਰਨ ਵਾਸਤੇ ਸਰਗਰਮ ਹੋਏ ਹਨ ਤਾਂ ਸਿੱਖ ਸੰਗਤਾਂ ਵੱਲੋਂ ਵੀ ਮੁੜ ਯਤਨ ਆਰੰਭ ਕਰ ਦਿੱਤੇ ਗਏ ਹਨ।
ਇਸ ਤਹਿਤ ਲੰਘੇ ਦਿਨ ਸੰਗਰੂਰ ਵਿਖੇ ਸਿੱਖ ਜਥਾ ਮਾਲਵਾ ਵੱਲੋਂ ਵੱਖ-ਵੱਖ ਸਿਨੇਮਾ ਘਰਾਂ ਵਾਲਿਆਂ ਨੂੰ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਇਹ ਫਿਲਮ ਨਾ ਚਲਾਉਣ ਬਾਰੇ ਸੰਗਤ ਦਾ ਹੁਕਮ ਸੁਣਾਇਆ ਗਿਆ।
ਸੰਗਰੂਰ ਦੇ ਸਿਨੇਮਾ ਘਰਾਂ ਨੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਇਹ ਫਿਲਮ ਆਪਣੇ ਸਿਨੇਮਾ ਘਰਾਂ ਵਿੱਚ ਨਾ ਲਾਉਣ ਦਾ ਐਲਾਨ ਕੀਤਾ ਹੈ। ਸਿਨੇਮਾ ਪ੍ਰਬੰਧਕਾਂ ਨੇ ਮੌਕੇ ਉੱਤੇ ਹੀ ਵਿਵਾਦਤ ਫਿਲਮ ਦੇ ਇਸ਼ਤਿਹਾਰ ਹਟਾ ਦਿੱਤੇ।
ਸਿੱਖ ਜਥਾ ਮਾਲਵਾ ਦੇ ਸੇਵਾਦਾਰਾਂ ਨੇ ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਤਿਹਾਸ ਦੇ ਪ੍ਰਚਾਰ ਦੇ ਨਾਮ ਉੱਪਰ ਅਜਿਹੀਆਂ ਕਾਰਵਾਈਆਂ ਨਹੀਂ ਕੀਤੀਆਂ ਜਾ ਸਕਦੀਆਂ ਜਿਨਾਂ ਦੀ ਗੁਰਮਤਿ ਵਿੱਚ ਮਨਾਹੀ ਹੈ। ਉਨਾ ਕਿਹਾ ਕਿ ਸੰਗਤ ਵੱਲੋਂ ਇਸ ਸਬੰਧ ਵਿੱਚ ਕੀਤੀ ਗਈ ਜਾਗਰੂਕਤਾ ਦੇ ਮੱਦੇ ਨਜ਼ਰ ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ਬਣਾਉਣ ਉੱਤੇ ਰੋਕ ਲਾਉਣ ਦਾ ਮਤਾ ਕਰ ਦਿੱਤਾ ਹੈ। ਉਨਾ ਕਿਹਾ ਕਿ ਇਹ ਵਿਵਾਦਤ ਫਿਲਮਾਂ ਬਣਾਉਣ ਵਾਲਿਆਂ ਨੂੰ ਸਾਹਿਬਜ਼ਾਦਿਆਂ ਦਾ ਸਵਾਂਗ ਵਿਖਾ ਕੇ ਸਿੱਖ ਰਿਵਾਇਤਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ।
ਜਥੇ ਵੱਲੋਂ ਗੱਲ ਕਰਦਿਆਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸਿੱਖ ਸੰਗਤ ਦੇ ਸੁਚੇਤ ਜਥਿਆਂ ਨੂੰ ਆਪਣੇ ਆਪਣੇ ਇਲਾਕੇ ਵਿੱਚ ਇਸ ਫਿਲਮ ਨੂੰ ਰੁਕਵਾਉਣ ਲਈ ਯੋਗ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਇਹ ਸਾਹਿਬਜ਼ਾਦਿਆਂ ਦੇ ਇਸ ਸਵਾਂਗ ਨੂੰ ਰੋਕਿਆ ਜਾ ਸਕੇ।