ਚੰਡੀਗੜ੍ਹ – (੧੪ ਹਾੜ) ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਲਈ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਕੀਤੇ ਜਾ ਰਹੇ ਤਾਲਮੇਲ ਤਹਿਤ ਅੱਜ ਭਾਈ ਹਰਦੀਪ ਸਿੰਘ ਮਹਿਰਾਜ ਵੱਲੋਂ ਹਰਿਆਣੇ ਵਿਚ ਵੱਖ-ਵੱਖ ਥਾਈਂ ਸੇਵਾ ਕਾਰਜਾਂ ਵਿਚ ਲੱਗੀਆਂ ਸਿੱਖ ਸਖਸ਼ੀਅਤਾਂ ਅਤੇ ਜਥਿਆਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਮੀਰੀ ਪੀਰੀ ਦਿਵਸ ਮੌਕੇ ਹੋਣ ਵਾਲੀ ਇਕੱਤਰਤਾ ਬਾਰੇ ਵਿਚਾਰ-ਵਟਾਂਦਰਾ ਹੋਇਆ।
ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਅੱਜ ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਨੂੰ ਗੁਰਮਤਿ ਆਸ਼ੇ ਅਤੇ ਪੰਥਕ ਰਿਵਾਇਤ ਅਨੁਸਾਰ ਕਰਨ ਦੀ ਲੋੜ ਹੈ ਜਿਸ ਬਾਰੇ ਵਿਸ਼ਵ ਸਿੱਖ ਇਕੱਤਰਤਾ ਵਿਚ ਪੰਥਕ ਰਿਵਾਇਤ ਅਨੁਸਾਰ ਸਾਂਝਾ ਫੈਸਲਾ ਲੈਣ ਦਾ ਯਤਨ ਕੀਤਾ ਜਾਵੇਗਾ।
ਭਾਈ ਹਰਦੀਪ ਸਿੰਘ ਮਹਿਰਾਜ ਨੇ ਅੱਜ ਦੀਆਂ ਇਕੱਤਰਤਾਵਾਂ ਵਿਚ ਬਾਬਾ ਗੁਰਮੀਤ ਸਿੰਘ ਤਰਲੋਕੇਵਾਲਾ, ਬਾਬਾ ਗੁਰਪਾਲ ਸਿੰਘ ਚੋਰਮਾਰ, ਬਾਬਾ ਦਰਸ਼ਨ ਸਿੰਘ ਅਤੇ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲਿਆਂ ਨੂੰ ਵਿਸ਼ਵ ਸਿੱਖ ਇਕੱਤਰਤਾ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ। ਇਸ ਮੌਕੇ ਭਾਈ ਰਾਮ ਸਿੰਘ ਢਪਾਲੀ ਅਤੇ ਭਾਈ ਬਲਕਰਨ ਸਿੰਘ ਡੱਬਵਾਲੀ ਵੀ ਹਾਜ਼ਰ ਸਨ।