
November 10, 2022 | By ਸਿੱਖ ਸਿਆਸਤ ਬਿਊਰੋ
ਸ੍ਰੀ ਅੰਮ੍ਰਿਤਸਰ: ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਨਰੈਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ, ਭਾਈ ਮਨਜੀਤ ਸਿੰਘ ਫਗਵਾੜਾ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗੁਆ ਹੈ ਕਿ “ਪੰਜਾਬ ਵਿੱਚ ਜਦੋਂ ਵੀ ਕੋਈ ਅਣਸੁਖਾਵਾਂ ਘਟਨਾਕ੍ਰਮ ਵਾਪਰਦਾ ਹੈ ਤਾਂ ਸਰਕਾਰ, ਪੁਲਿਸ ਪ੍ਰਸ਼ਾਸਨ ਤੇ ਮੀਡੀਆ ਵੱਲੋਂ ਮਿੱਥ ਕੇ ਉਸ ਬਾਰੇ ਇਕ ਖਾਸ ਕਿਸਮ ਦਾ ਬਿਰਤਾਂਤ ਖੜ ਜਾਂਦਾ ਹੈ ਜਿਸ ਵਿਚੋਂ ਸਿੱਖਾਂ, ਅਤੇ ਖਾਸ ਕਰਕੇ ਸਿੱਖ ਨੌਜਵਾਨਾਂ ਵਿਰੁੱਧ ਮਾਹੌਲ ਬਣਾਇਆ ਜਾਂਦਾ ਹੈ।
ਉੱਪਰੋਂ ਪਹਿਲੀ ਕਤਾਰ ਚ (ਖੱਬਿਓਂ ਸੱਜੇ ਵੱਲ) – ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਲਾਲ ਸਿੰਘ ਅਕਾਲਗੜ੍ਹ | ਉੱਪਰੋਂ ਦੂਜੀ ਕਤਾਰ ਚ (ਖੱਬਿਓਂ ਸੱਜੇ ਵੱਲ) – ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸੁਖਦੇਵ ਸਿੰਘ ਡੋਡ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਅਮਰੀਕ ਸਿੰਘ ਈਸੜੂ ਅਤੇ ਭਾਈ ਮਨਜੀਤ ਸਿੰਘ ਫਗਵਾੜਾ
ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਕਿਸੇ ਖਲਾਅ ਵਿਚੋਂ ਪੈਦਾ ਨਹੀਂ ਹੋ ਰਹੀਆਂ ਅਤੇ ਇਨ੍ਹਾਂ ਨੂੰ ਡੂੰਘਾਈ ਨਾਲ ਸਮਝ ਕੇ ਹੀ ਇਨ੍ਹਾਂ ਪਿਛਲੇ ਕਾਰਨਾਂ ਦੀ ਸ਼ਨਾਖਤ ਕੀਤੀ ਜਾ ਸਕਦੀ ਹੈ। ਸਾਲ 2015 ਵਿੱਚ ਵਾਪਰਿਆ ਬੇਅਦਬੀ ਘਟਨਾਕ੍ਰਮ ਸਿੱਖ ਮਾਨਸਿਕਤਾ ਵਿੱਚ ਇੱਕ ਡੂੰਘੇ ਜਖਮ ਵਾਂਗ ਦਰਜ ਹੈ। ਬੇਅਦਬੀ ਕਾਂਡ ਬਾਰੇ ਪੁਲਿਸ ਕੇਸ ਦਰਜ ਹੋਣ, ਵੱਖ-ਵੱਖ ਏਜੰਸੀਆਂ ਵੱਲੋਂ ਜਾਂਚ ਜਿੱਤੇ ਜਾਣ, ਅਦਾਲਤੀ ਕਾਰਵਾਈਆਂ ਚੱਲਣ, ਸਿਆਸੀ ਬਹਿਸਾਂ ਤੇ ਵੋਟ ਸਿਆਸਤ ਦਾ ਮੁੱਦਾ ਬਣ ਜਾਣ ਦੇ ਬਾਵਜੂਦ ਵੀ ਬੇਅਦਬੀ ਮਾਮਲਿਆਂ ਵਿਚ ਕਿਧਰੇ ਵੀ ਇਨਸਾਫ ਨਜਰ ਨਹੀਂ ਆ ਰਿਹਾ। ਬੇਅਦਬੀ ਮਾਮਲਿਆਂ ਵਿੱਚ ਸਰਕਾਰਾਂ, ਪੁਲੀਸ, ਜਾਂਚ ਏਜੰਸੀਆਂ, ਅਦਾਲਤਾਂ ਅਤੇ ਸਿਆਸੀ ਧਿਰਾਂ ਦੀ ਸਮੁੱਚੀ ਕਾਰਗੁਜ਼ਾਰੀ ਸਾਲ 1978 ਦੇ ਨਿਰੰਕਾਰੀ ਕਾਂਡ ਦਾ ਹੀ ਦੁਹਰਾਉ ਹੈ ਜਿਸ ਵਿੱਚ ਮਿੱਥ ਕੇ ਸਰਕਾਰੀ ਤੰਤਰ ਵੱਲੋਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਅਦਾਲਤੀ ਪ੍ਰਕਿਰਿਆ ਰਾਹੀਂ ਇਨਸਾਫ ਦੇ ਸਾਰੇ ਦਰਵਾਜੇ ਬੰਦ ਕੀਤੇ ਜਾ ਰਹੇ ਹਨ।
ਨਿਰੰਕਾਰੀ ਕਾਂਡ ਵਾਂਗ ਹੀ ਸਾਲ 2015 ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਮੱਲ ਕੇ ਅਤੇ ਗੁਰੂਸਰ ਜਲਾਲ ਬੇਅਦਬੀ ਮਾਮਲਿਆਂ ਵਿਚ ਸਿੱਖਾਂ ਵੱਲੋਂ ਲੰਮੀ ਸ਼ਾਂਤਮਈ ਜੱਦੋ ਜਹਿਦ ਕੀਤੀ ਗਈ ਹੈ ਪਰ ਸਰਕਾਰਾਂ ਨੇ ਇਨਸਾਫ ਲਈ ਕੋਈ ਵੀ ਸਾਰਥਕ ਕਾਰਵਾਈ ਨਹੀਂ ਕੀਤੀ। ਸਿੱਖਾਂ ਨੇ ਸਦਾ ਹੀ ਹਕੂਮਤਾਂ ਨੂੰ ਇਹ ਮੌਕਾ ਦਿੱਤਾ ਹੈ ਕਿ ਉਹ ਹੋਣ ਵਾਲੀਆਂ ਵਧੀਕੀਆਂ ਤੇ ਜ਼ੁਰਮਾਂ ਸਬੰਧੀ ਨਿਆਂ ਕਰਨ ਪਰ ਸਰਕਾਰਾਂ ਦੀ ਨਾਕਾਮੀ ਤੋਂ ਬਾਅਦ ਜਦੋਂ ਇਹ ਸਵਾਲ ਖੜ੍ਹਾ ਹੋ ਜਾਵੇ ਕਿ ਕੀ ਕਦੇ ਇਨਸਾਫ ਹੋ ਵੀ ਸਕੇਗਾ ਜਾਂ ਨਹੀਂ ਤਾਂ ਓਦੋਂ ਸਿੱਖ ਪਰੰਪਰਾ ਵਿੱਚਮ ਸਿੱਖ ਆਪ ਇਨਸਾਫ ਕਰਨ ਦੀ ਜ਼ਿੰਮੇਵਾਰੀ ਓਟਦੇ ਰਹੇ ਹਨ। ਬੇਅਦਬੀ ਬਾਰੇ ਸਰਕਾਰਾਂ ਤੇ ਅਦਾਲਤਾਂ ਦਾ ਵਤੀਰਾ ਅਤੇ ਇੰਡੀਅਨ ਏਜੰਸੀਆਂ ਵਲੋਂ ਸਿਰਸਾ ਸਾਧ ਨੂੰ ਦੁਬਾਰਾ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ ਇੰਡੀਅਨ ਸਟੇਟ ਵਲੋੰ ‘ਨਿਆਂ ਤੋਂ ਮੁਨਕਰ ਹੋਣ’ ਤੇ ਸਿੱਖਾਂ ਖਿਲਾਫ ‘ਲਗਾਤਾਰ ਭੜਕਾਹਟ’ ਪੈਦਾ ਕਰਨ ਨੂੰ ਦਰਸਾਉਂਦਾ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆਂ ਇਹ ਸਾਫ ਹੋ ਜਾਂਦਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨਾਲ ਵਾਪਰ ਰਹੇ ਘਟਨਾਕ੍ਰਮ ਪਿੱਛੇ ਸਰਕਾਰਾਂ, ਜਾਂਚ ਏਜੰਸੀਆਂ, ਪੁਲੀਸ ਪ੍ਰਸ਼ਾਸਨ ਅਤੇ ਅਦਾਲਤਾਂ ਦੀ ਨਾਕਾਮੀ ਅਤੇ ਖੂਫੀਆ ਏਜੰਸੀਆਂ ਵਲੋਂ ਸਿਰਸਾ ਸਾਧ ਨੂੰ ਮੁੜ ਉਭਾਰ ਕੇ ਪੈਦਾ ਕੀਤੀ ਜਾ ਰਹੀ ਭੜਕਾਹਟ ਹੀ ਬੁਨਿਆਦੀ ਕਾਰਨ ਹੈ। ਇੰਝ ਇਹਨਾ ਘਟਨਾਵਾਂ ਲਈ ਮੂਲ ਰੂਪ ਵਿਚ ਸਰਕਾਰੀ ਧਿਰ ਹੀ ਜਿੰਮੇਵਾਰ ਹੈ”।
Related Topics: Bhai Amrik Singh Isru, Bhai Bhupinder Singh Pehalwan, Bhai Daljit Singh Bittu, Bhai Hardeep Singh Mehraj, Bhai Lal Singh Akalgarh, Bhai Manjeet Singh Phagwara, Bhai Narain Singh Chauda, Bhai Rajinder Singh Mughalwal, Bhai Satnam Singh Khandewal, Bhai Sukhdev Singh Dod