ਮੈਲਬੌਰਨ (13 ਮਾਰਚ, 2016): ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਦੇ ਸਹਿਯੋਗ ਨਾਲ ਨਾਨਕਸ਼ਾਹੀ ਨਵਾਂ ਸਾਲ 12 ਮਾਰਚ ਨੂੰ ਮਨਾਇਆ ਗਿਆ ਜਿਸ ਵਿੱਚ ਮੈਲਬੌਰਨ ਇਲਾਕੇ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵੱਖ ਵੱਖ ਸੱਭਿਆਚਾਰ ਅਤੇ ਧਰਮਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਵਿਕਟੋਰੀਆ ਸੂਬੇ ਦੇ ਮੁੱਖ ਮੰਤਰੀ ਡੇਨੀਅਲ ਐਂਡਰੀਊਜ਼ ਵਲੋਂ ਊਰਜਾ ਮੰਤਰੀ ਮਿਸ ਲਿਲੀ ਡੀ ਐਬਰੋਜ਼ਿਉ ਨੇ ਹਾਜ਼ਰੀ ਭਰੀ ਅਤੇ ਮੁੱਖ ਮੰਤਰੀ ਦਾ ਸੰਦੇਸ਼ ਪੜਕੇ ਸੁਣਾਇਆ ੳਤੇ ਸਮੁੱਚੇ ਸਿੱਖ ਜਗਤ ਨੂੰ ਇਸ ਮੌਕੇ ਵਧਾਈ ਦਿੱਤੀ। ਵਿਕਟੋਰੀਆਂ ਸੂਬੇ ਦੇ ਵਿਰੋਧੀ ਧਿਰ ਦੇ ਨੇਤਾ ਮਿ: ਮੈਥਿਊ ਗਾਏ ਦੇ ਨੁਮਾਇੰਦੇ ਅਮ.ਪੀ ਟਿਮ ਸਮਿੱਥ ਵਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਵਧਾਈ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਆਸਟ੍ਰੇਲੀਆ ਦੇ ਫੈਡਰਲ ਸੰਸਦ ਮੈਂਬਰ ਰੌਬ ਮਿੱਚਲ, ਸੈਨੇਟਰ ਜੈਨਟ ਰਾਈਸ, ਅੈਲਕਸ ਭੱਠਲ ਅਤੇ ਹੋਰ ਮੰਤਰੀਆਂ ਨੇ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਮਹਿਮਾਨਾਂ ਨੂੰ ਸੰਬੋਧਨ ਕੀਤਾ ਅਤੇ ਸਿੱਖ ਕੌਮ ਵਲੋਂ ਕੀਤੇ ਜਾਂਦੇ ਮਨੁੱਖੀ ਕਾਰਜਾਂ ਦੀ ਸ਼ਲਾਘਾ ਕੀਤੀ।
ਵਿਟਲਸੀ ਕੌਂਸਲ ਦੇ ਮੇਅਰ ਸਟੀਵਨ ਕੌਜ਼ਮਿਵਸਕੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕੌਂਸਲ ਦੀ ਉੰਨਤੀ ਵਿੱਚ ਸਿੱਖਾਂ ਦਾ ਵਡਮੁੱਲਾਂ ਯੋਗਦਾਨ ਹੈ ਅਤੇ ਇਹ ਹਮੇਸ਼ਾ ਅਪਣੇ ਗੁਰੂਆਂ ਦੇ ਦਰਸ਼ਾਏ ਮਾਰਗ ਤੇ ਚੱਲਦੇ ਹੋਏ ਚੰਗੇ ਕਾਰਜ ਆਰੰਭਦੇ ਹਨ।
ਇਸ ਮੌਕੇ ਅਤੇ ਵਿਸ਼ਵ ਸਿੱਖ ਕਾਨਫਰੰਸ ‘ਚ ਹਿੱਸਾ ਲੈਣ ਪਹੁੰਚੇ ਕਨੇਡਾ ਦੇ ਸੰਸਦ ਮੈਂਬਰ ਸ: ਜਗਮੀਤ ਸਿੰਘ ਵਲੋਂ ਸਿੱਖ ਰਾਜਨਤੀ ਤੇ ਗੱਲਬਾਤ ਕੀਤੀ ਗਈ ਅਤੇ ਉੱਘੇ ਸਿੱਖ ਸਿੱਖਿਅਕ ਸ: ਹਰਿੰਦਰ ਸਿੰਘ ਵਲੋਂ ਸਿੱਖੀ ਦੇ ਮੁੱਖ ਥੰਮਾ ਬਾਰੇ ਸੰਸਦ ਮੈਂਬਰਾਂ ਅਤੇ ਬਾਕੀ ਧਰਮਾਂ ਦੇ ਨੁਮਾਇੰਦਿਆਂ ਨੁੰ ਜਾਣੁੰ ਕਰਵਾਇਆ ਗਿਆ।
ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਬੁਲਾਰੇ ਅਤੇ ਉਪ-ਪ੍ਰਧਾਨ ਸ:ਗੁਰਬਖਸ਼ ਸਿੰਘ ਬੈਂਸ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਸਮਾਰੋਹ ਦਾ ਮਕਸਦ ਸਿੱਖਾਂ ਦੀ ਵੱਖਰੀ ਪਹਿਚਾਣ ਨੁੰ ਬਾਕੀ ਭਾਈ ਚਾਰਿਆਂ ਸਾਹਮਣੇ ਲਿਆਉਣਾ ਹੈ। ਉਨ੍ਹਾਂ ਸਮੂਹ ਗੁਰੁਦੁਆਰਾ ਸਾਹਿਬਾਨਾਂ ਅਤੇ ਸਿੱਖ ਸੰਸਥਾਵਾਂ ਦਾ ਧੰਨਵਾਦ ਕੀਤਾ।
ਸਟੇਜ ਸੱਕਤਰ ਜੈਮਲ ਕੌਰ ਨੇ ਸਟੇਜ ਦਾ ਸੰਚਾਲਨ ਬਹੁਤ ਵਧੀਆ ਤਰ੍ਹਾਂ ਕੀਤਾ ਅਤੇ ਸਮਾਰੋਹ ਦੇ ਸ਼ੁਰੂਆਤ ਵਿੱਚ ਸਭ ਧਰਮਾਂ ਦੇ ਲਈ ਕਵਿਤਾ ਦਾ ਗਾਇਨ ਕੀਤਾ।ਸਮਾਰੋਹ ਨੁੰ ਕਾਮਯਾਬ ਬਨਾਉਣ ਵਿੱਚ ਗੁਰਬਾਜ਼ ਸਿੰਘ, ਬੀਰੇਂਦਰ ਸਿੰਘ ਸਹੌਲੀ, ਪ੍ਰੀਤਮ ਸਿੰਘ, ਸਤਵਿੰਦਰ ਸਿੰਘ,ਗੁਰਵਿੰਦਰ ਸਿੰਘ, ਮਨਵੀਰ ਸਿੰਘ. ਮਨਦੀਪ ਸਿੰਘ ਆਦਿ ਕੌਂਸਲ ਮੈਂਮਰਾਂ ਦਾ ਵਡਮੁੱਲਾ ਯੋਗਦਾਨ ਰਿਹਾ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਮੇਲਕਮ ਟਰਨਬੁੱਲ ਦਾ ਨਾਨਕਸ਼ਾਹੀ ਨਵੇਂ ਸਾਲ ਲਈ ਭੇਜਿਆ ਸੁਨੇਹਾ ਵੀ ਪ੍ਰੜ੍ਹ ਕੇ ਸੁਣਾਇਆ ਗਿਆ।