ਲੰਡਨ (1 ਜਨਵਰੀ 2016): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਹਿੱਤਾਂ ਨੂੰ ਦਰਕਿਨਾਰ ਕਰਕੇ ਪੰਜਾਂ ਪਿਆਰਿਆਂ ਨੂੰ ਬਰਖਾਸਤ ਕਰਨ ਦੀ ਕਾਰਵਾਈ ਦੀ ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ ਨੇ ਸਖਤ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਨੂੰ ਪੰਥ ਮਾਰੂ ਕਾਰਵਈ ਦੱਸਦਿਆਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਸ੍ਰ਼ੋਮਣੀ ਕਮੇਟੀ ਦੇ ਇਸ ਫੈਂਸਲੇ ਨੂੰ ਸਿੱਖ ਕੌਮ ਨਾਲ ਸਿਧਾਂਤਕ ਪੱਖ ਤੋਂ ਭਾਰੀ ਬੇਵਫਾਈ ਅਤੇ ਸਿੱਖ ਦੁਸ਼ਮਣ ਤਾਕਤਾਂ ਨਾਲ ਵਫਾਦਾਰੀ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਪੁਰਾਤਨ ਸਮੇ ਜਦੋਂ ਜਦੋਂ ਵੀ ਸਿੱਖ ਕੌਮ ਤੇ ਭੀੜ ਬਣੀ ਹੈ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਪੰਜ ਪਿਆਰਿਆਂ ਨੂੰ ਬਖਸ਼ੇ ਹੋਏ ਮਾਣ ਅਨੁਸਾਰ ਪੰਜ ਪਿਆਰਿਆਂ ਦੇ ਰੂਪ ਵਿੱਚ ਪੰਜ ਤਿਆਰ ਬਰ ਤਿਆਰ ਸਿੰਘਾਂ ਵਲੋਂ ਸਿੱਖ ਕੌਮ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ । ਇਸੇ ਹੀ ਸਿਧਾਂਤ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅੰਮ੍ਰਿਤ ਛਾਕਉਣ ਵਾਲੇ ਪੰਜ ਪਿਆਰਿਆਂ ਨੇ ਆਪਣੇ ਫਰਜ਼ ਦੀ ਪਹਿਚਾਣ ਕਰਦਿਆਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਕੌਮ ਵਲੋਂ ਨਕਾਰੇ ਅਤੇ ਰੱਦ ਕੀਤੇ ਜਾ ਚੁੱਕੇ ਜਥੇਦਾਰਾਂ ਨੂੰ ਬਦਲਣ ਦਾ ਆਲਟੀਮੇਟਮ ਦਿੱਤਾ ਗਿਆ ਸੀ ।ਜਿਸ ਤੇ ਅਮਲ ਕਰਨ ਦੀ ਬਜਾਏ ਸ੍ਰੋਮਣੀ ਕਮੇਟੀ ਵਲੋਂ ਉਹਨਾਂ ਨੂੰ ਹੀ ਬਰਖਾਸਤ ਕਰਕੇ ਕਿ ਪੰਜ ਪਿਆਰਿਆਂ ਦੇ ਰੁਤਬੇ ਅਤੇ ਸਤਿਕਾਰ ਨੂੰ ਭਾਰੀ ਸੱਟ ਮਾਰੀ ਗਈ ਹੈ ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਪੰਜ ਪਿਆਰਿਆਂ ਦੀ ਡੱਟ ਕੇ ਹਿਮਾਇਤ ਕਰਦਿਆਂ ਸਮੂਹ ਸਿੱਖ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ੍ਰੋਮਣੀ ਕਮੇਟੀ ਦੇ ਫੈਂਸਲੇ ਨੂੰ ਨਕਾਰਦੇ ਹੋਏ ਪੰਜ ਪਿਆਰਿਆਂ ਦਾ ਸਾਥ ਦੇਣ । ਪੰਜ ਪਿਆਰਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਗੁਰਮਤਿ ਦੀ ਰੌਸ਼ਨੀ ਵਿੱਚ ਸਿੱਖ ਕੌਮ ਦੇ ਉਸਾਰੂ ਭਵਿੱਖ ਲਈ ਕੌਮ ਨੂੰ ਸਾਰਥਕ ਪ੍ਰੋਗਰਾਮ ਦੇ ਕੇ ਅਗਵਾਈ ਕਰਨ ।