ਸਿੱਖ ਖਬਰਾਂ

ਵੱਖਰੀ ਕਮੇਟੀ ਬਣਨ ਨਾਲ ਨਹੀਂ ਸਗੋਂ ਆਪਸੀ ਖਾਨਾਜੰਗੀ ਨਾਲ ਸਿੱਖ ਕੌਮ ਦਾ ਨੁਕਸਾਨ ਹੋਵੇਗਾ: ਦਲ ਖਲਾਸਾ

By ਸਿੱਖ ਸਿਆਸਤ ਬਿਊਰੋ

July 22, 2014

ਰਈਆ (20 ਜੁਲਾਈ 2014): ਹਰਿਆਣਾ ਦੇ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਸੰਭਾਲ ਲਈ ਹਰਿਆਣਾ ਸਰਕਰ ਵੱਲੋ ਬਿੱਲ ਪਾਸ ਕਰਨ ਨਾਲ ਸਿੱਖ ਕੌਮ ਵਿੱਚ ਬਣੇ ਹੋਏ ਤਨਾਅ ‘ਤੇ ਚਿੰਤਾ ਪ੍ਰਗਟ ਕਰਦਿਆਂ ਸਿੱਖ ਹੱਕਾਂ ਲਈ ਸੰਘਰਸ਼ਸ਼ੀਲ ਜੱਥੇਬੰਦੀ “ਦਲ ਖਾਲਸਾ” ਨੇ ਕਿਹਾ ਕਿ ਸਿੱਖ ਕੌਮ ਵਿੱਚ ਇਸ ਵੇਲੇ ਜੋ ਖਾਨਾਜੰਗੀ ਵਾਲੀ ਤਸਵੀਰ ਉਭਰੀ ਹੈ, ਉਸ ਨਾਲ ਪੰਜਾਬ ਅਤੇ ਹਰਿਆਣਾ ਦੇ ਸਿੱਖਾਂ ਵਿੱਚ ਟਕਰਾਅ ਦੀ ਸਥਿਤੀ ਬਣ ਗਈ ਹੈ, ਜਿਸ ਲਈ ਸਮੁੱਚੇ ਤੌਰ ‘ਤੇ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਹੀ ਜ਼ਿੰਮੇਵਾਰ ਹੈ।

ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਬਾਬਾ ਬਕਾਲਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਸਲੇ ਦਾ ਮੁੱਖ ਕਾਰਨ ਹਰਿਆਣੇ ਦੇ ਸਿੱਖਾਂ ਦੀ ਲੰਬੇ ਸਮੇਂ ਤੋਂ ਅਣਦੇਖੀ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੇ ਖੁਦ-ਮੁਖਤਿਆਰੀ ਲਈ ਆਪਣਾ ਹੱਕ ਮੰਗ ਕੇ ਕੋਈ ਗੁਨਾਹ ਨਹੀਂ ਕੀਤਾ ਅਤੇ ਨਾ ਹੀ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਨ ਨਾਲ ਸਿੱਖ ਕੌਮ ਦਾ ਕੋਈ ਨਹੀਂ ਨੁਕਸਾਨ ਹੋਵੇਗਾ, ਸਗੋਂ ਹੁਣ ਸਿੱਖਾਂ ਦੀ ਹੋ ਰਹੀ ਖਾਨਾਜੰਗੀ ਨਾਲ ਇਹ ਨੁਕਸਾਨ ਵੱਧ ਹੋਵੇਗਾ।

 ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਪਾਸੋਂ ਇਸ ਮਸਲੇ ਸਬੰਧੀ ਸਹਾਇਤਾ ਮੰਗ ਕੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਲਈ ਰਾਹ ਖੋਲ੍ਹ ਦਿੱਤਾ ਹੈ ਅਤੇ ਇਹ ਮਸਲਾ ਹੁਣ ਮੋਦੀ ਬਨਾਮ ਹੁੱਡਾ ਬਣ ਗਿਆ ਹੈ।

 ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੇ ਹੁਣ ਮੋਰਚਾ ਲਾਉਣਾ ਹੀ ਹੈ ਤਾਂ ਸਿੱਖਾਂ ਦੀਆਂ ਲਟਕ ਰਹੀਆਂ ਮੰਗਾਂ ਅਤੇ ਮੁੱਦਿਆਂ ਨੂੰ ਲੈ ਕੇ ਲਾਇਆ ਜਾਵੇ ਨਾ ਕਿ ਆਪਣੀ ਹਾਰ ਨੂੰ ਮੁੱਖ ਰੱਖ ਕੇ।   ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਸਿੱਖਾਂ ਵਿੱਚ ਖਾਨਾਜੰਗੀ ਨੂੰ ਰੋਕਣ ਲਈ ਹਰਿਆਣਾ ਕਮੇਟੀ ਨੂੰ ਸਵੀਕਾਰ ਕਰਕੇ ਇਸ ਮਸਲੇ ਦਾ ਢੁਕਵਾਂ ਹੱਲ ਲੱਭਿਆ ਜਾ ਸਕਦਾ ਹੈ।

ਇਸ ਮੌਕੇ ਦਲ ਖਾਲਸਾ ਦੇ ਭਾਈ ਕੁਲਦੀਪ ਸਿੰਘ ਰਜਧਾਨ, ਗੁਰਪ੍ਰੀਤ ਸਿੰਘ, ਭਾਈ ਗੁਰਨਾਮ ਸਿੰਘ, ਬਲਦੇਵ ਸਿੰਘ, ਭਾਈ ਰੇਸ਼ਮ ਸਿੰਘ ਬਾਬਾ ਬਕਾਲਾ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: