ਚੰਡੀਗੜ੍ਹ – ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ 70 ਦੇ ਕਰੀਬ ਗੁਰੂ ਘਰਾਂ ਤੇ ਦਿੱਲੀ ਹਕੂਮਤ ਵੱਲੋਂ ਕੀਤੇ ਗਏ ਫੌਜੀ ਹਮਲੇ ਨੂੰ ਤੀਜਾ ਘੱਲੂਘਾਰਾ ਵੱਲੋਂ ਜਾਣਿਆ ਜਾਂਦਾ ਹੈ, ਇਸ ਸਮੇਂ ਦੌਰਾਨ ਦਿੱਲੀ ਦਰਬਾਰ ਦੀ ਫੌਜ ਦੇ ਮੁਕਾਬਲੇ ਵਿੱਚ ਸਿੰਘ ਬੇਮਿਸਾਲ ਲੜੇ ਅਤੇ ਪੰਥ ਦੇ ਉੱਚੇ ਅਤੇ ਆਜ਼ਾਦ ਨਿਸ਼ਾਨੇ ਸ਼ਹੀਦਾਂ ਨੇ ਆਪਣੇ ਲਹੂ ਨਾਲ ਸਕਾਰ ਕੀਤੇ। ਤੀਜਾ ਘੱਲੂਘਾਰਾ ਇੰਡੀਅਨ ਬਿਪਰ ਸਟੇਟ ਨਾਲ ਸਿੱਖਾਂ ਦੀ ਸਿੱਧੀ ਜੰਗ ਸੀ ਜਿਸ ਵਿੱਚ ਸਿੰਘ ਸੂਰਮਿਆਂ ਨੇ ਆਪਣੀ ਸੂਰਮ ਗਤੀ ਦੇ ਬਾਖੂਬੀ ਜੌਹਰ ਵਿਖਾਉਂਦਿਆਂ ਅਤੇ ਬਿਪਰ ਸੰਸਕਾਰੀ ਸਟੇਟ ਦੀ ਹਉਂ ਨੂੰ ਭੰਨਦਿਆਂ ਜਾਮੇ ਏ ਸ਼ਹਾਦਤ ਪੀਤਾ।

ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਸਾਲ ਮਨਾਏ ਜਾਂਦੇ ਤੀਜੇ ਘੱਲੂਘਾਰੇ ਦੀ ਯਾਦ ‘ਚ ਕਰਵਾਏ ਜਾਂਦੇ ਸਮਾਗਮ ਦੌਰਾਨ ਪੁਲਿਸ ਦਾ ਨੰਗੇ-ਚਿੱਟੇ ਰੂਪ ਚ ਦਖਲ ਹਰ ਸਾਲ ਵੱਧ ਰਿਹਾ ਹੈ ਜੋ ਸਿੱਖ ਸੰਗਤਾਂ ਦੇ ਮਨਾਂ ‘ਚ ਭੈਅ ਪੈਦਾ ਕਰ ਰਿਹਾ ਹੈ। ਇਸ ਤੇ ਵੱਖ-ਵੱਖ ਸਿੱਖ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਖੇਧੀ ਕੀਤੀ ਹੈ।
ਪੰਚ ਪ੍ਰਧਾਨੀ ਜਥੇ ਵੱਲੋਂ ਤੀਜੇ ਘੱਲੂਘਾਰੇ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਸਮਾਗਮਾਂ ਦੌਰਾਨ ਪੁਲਿਸ ਤੇ ਸਰਕਾਰ ਦੀ ਵਧਵੀਂ ਹਾਜ਼ਰੀ ਅਤੇ ਸਰਗਰਮੀ ਦੀ ਕਰੜੀ ਨਿਖੇਧੀ ਕੀਤੀ ਗਈ ਹੈ।
ਜਥੇ ਦੇ ਬੁਲਾਰੇ ਪਰਮਜੀਤ ਸਿੰਘ ਗਾਜ਼ੀ ਵੱਲੋਂ ਜਾਰੀ ਬਿਆਨ ਵਿੱਚ ਭਾਈ ਦਲਜੀਤ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਖਾਲਸਾ ਪੰਥ ਦੇ ਸਮਾਗਮ ਵਿੱਚ ਦਖਲਅੰਦਾਜ਼ੀ ਦੀ ਇਜਾਜ਼ਤ ਦੇਣਾ ਬੇਹੱਦ ਮੰਦਭਾਗੀ ਤੇ ਗੈਰਸਿਧਾਂਤਕ ਕਾਰਵਾਈ ਹੈ। ਜੇਕਰ ਸ਼੍ਰੋਮਣੀ ਕਮੇਟੀ ਇੰਨਾ ਸਮਾਗਮਾਂ ਦਾ ਪ੍ਰਬੰਧ ਕਰਨ ਤੋਂ ਆਰੀ ਹੈ ਤਾਂ ਖਾਲਸਾ ਪੰਥ ਦੇ ਜੱਥੇ ਇਹ ਜਿੰਮੇਵਾਰੀ ਓਟਣਗੇ ਪਰ ਇੰਝ ਪੁਲਿਸ ਦੇ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਘਟਨਾ ਤੇ ਸਿੱਖ ਜਥਾ ਮਾਲਵਾ ਤੋਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਪੁਰਾਣੀ ਲਿਖਤ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ “ਜਿਸ ਉੱਤੇ ਚਰਚਾ ਹੋਣੀ ਚਾਹੀਦੀ ਸੀ ਪਰ ਨਹੀਂ ਹੋਈ, ਉਹ ਇਸ ਵਾਰ ਤੀਜੇ ਘੱਲੂਘਾਰੇ ਦੀ ਯਾਦ ਦੌਰਾਨ ਪੁਲਸ ਦਾ ਨੰਗੇ-ਚਿੱਟੇ ਰੂਪ ਵਿੱਚ ਦਖਲ ਹੈ। ਉਹ ਇਸ ਤਰ੍ਹਾਂ ਬੇਖੌਫ ਘੁੰਮ ਰਹੇ ਸਨ ਜਿਵੇਂ ਇਹ ਸਮਾਗਮ ਉਹਨਾਂ ਦਾ ਹੋਵੇ ਅਤੇ ਸਿੱਖ ਸੰਗਤ ਕੇਵਲ ਹਾਜਰੀ ਲਈ ਆਈ ਹੋਵੇ। 2-3 ਫੁੱਟ ਦੀ ਵਿੱਥ ਉੱਤੇ ਇਹਨਾਂ ਮੁਲਾਜ਼ਮਾਂ ਦਾ ਬੈਠਣਾ, ਇਹਨਾਂ ਦੇ ਅਫਸਰ ਨੇ ਬਿਨਾ ਕਿਸੇ ਭੈਅ ਤੋਂ ਉੱਥੇ ਤੁਰੇ ਰਹਿਣਾ, ਜਦੋਂ ਦਿਲ ਕਰਨਾ ਸਭ ਨੂੰ ਇਕੱਠੇ ਕਰ ਲੈਣਾ, ਇਹ ਸਭ ਸਾਡੇ ਲਈ ਬਹੁਤ ਜਿਆਦਾ ਖਤਰਨਾਕ ਹੈ। ਉਹ ਸ਼ਰੇਆਮ ਬਿਨਾਂ ਕਿਸੇ ਭੈਅ ਤੋਂ ਆਪਣੀ ਪਹਿਚਾਣ ਦਾ ਦਿਖਾਵਾ ਕਰ ਰਹੇ ਸਨ। ਇਕ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਨੇ ਇਕ ਦਫਾ ਗੱਲ ਸੁਣਾਈ ਸੀ ਕਿ ਕਈ ਵਰ੍ਹੇ ਪਹਿਲਾਂ ਇਕ ਸੀ.ਆਈ.ਡੀ ਵਾਲਾ ਸੰਗਤ ਦੀ ਨਿਗ੍ਹਾ ਪੈ ਗਿਆ ਅਤੇ ਸੰਗਤ ਨੇ ਉਸ ਨੂੰ ਦਬੋਚ ਲਿਆ। ਉਸ ਕੋਲੋਂ ਇਕ ਹਥਿਆਰ (ਪਸਤੌਲ) ਵੀ ਮਿਲਿਆ ਅਤੇ ਸੰਗਤ ਨੇ ਉਸ ਦੀ ਚੰਗੀ ਸੇਵਾ ਕੀਤੀ। ਪਰ ਹੁਣ ਪੁਲਸ ਦਾ ਇਸ ਤਰੀਕੇ ਖੁੱਲ੍ਹੇ ਰੂਪ ਵਿੱਚ ਹਿੱਕ ਤਾਣ ਕੇ ਦਖਲ ਅੰਦਾਜੀ ਕਰਨਾ ਬਹੁਤ ਘਾਤਕ ਹੈ। ਇਸ ਉੱਤੇ ਗੱਲਬਾਤ ਤੁਰਨੀ ਚਾਹੀਦੀ ਹੈ, ਵਿਚਾਰਾਂ ਹੋਣੀਆਂ ਚਾਹੀਦੀਆਂ ਹਨ ਅਤੇ ਭਵਿੱਖ ਵਿੱਚ ਇਸ ਦਖਲ ਨੂੰ ਹੋਰ ਵਧਣ ਤੋਂ ਰੋਕਣ ਲਈ ਕੋਈ ਰਾਹ ਤਲਾਸ਼ੇ ਜਾਣੇ ਚਾਹੀਦੇ ਹਨ।”
ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਨੇ ਆਪਣਾ ਪੱਖ ਰੱਖਦਿਆ ਕਿਹਾ ਹੈ ਕਿ “੬ ਜੂਨ ਦੇ ਸਲਾਨਾ ਸਮਾਗਮ ਵਿਚ ਚਿਟਕਪੜੀ ਪੁਲਿਸ ਦੀ ਆਮਦ ਤੇ ਦਖਲ ਸਾਲ ਦਰ ਸਾਲ ਵੱਧ ਰਿਹਾ ਹੈ। ਇਸ ਵਾਰ ਸੀ.ਆਈ.ਏ ਸਟਾਫਾਂ ਦੇ ਸੈਂਕੜੇ ਮੁਲਾਜਮ ਸਾਰੇ ਸਮਾਗਮ ਦੌਰਾਨ ਦਨਦਨਾਉਂਦੇ ਨਜ਼ਰ ਆਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਤਰ੍ਹਾਂ ਦੀ ਖੁੱਲ੍ਹ ਦੇਣੀ ਤੇ ਦੂਜੇ ਪਾਸੇ ਸਰਕਾਰੀ ਦਖਲ ਦੀ ਦੁਹਾਈ ਪਾਉਣੀ ਆਪਾ ਵਿਰੋਧੀ ਗੱਲਾਂ ਹਨ। ਅੱਜ ਭਾਵੇਂ ਸ਼੍ਰੌਮਣੀ ਕਮੇਟੀ ਨੂੰ ਲੱਗੇ ਕਿ ਇਸ ਨਾਲ ਉਹਨਾ ਨੂੰ ਸਹਿਯੋਗ ਤੇ ਸਹੂਲਤ ਮਿਲ ਰਹੀ ਹੈ ਪਰ ਯਾਦ ਰੱਖਿਓ ਇਹ ਬਹੁਤ ਖਤਰਨਾਕ ਪਿਰਤ ਹੈ। ਅਗਾਂਹ ਇਸ ਦੇ ਨਤੀਜੇ ਮਾੜੇ ਹੀ ਨਿੱਕਲਣੇ ਹਨ। ਸ੍ਰੋਮਣੀ ਕਮੇਟੀ ਸਮਝੇ ਕਿ ਅਜੇ ਸਮਾਂ ਹੈ ਤੇ ਸੰਭਲ ਜਾਵੇ ਨਹੀਂ ਤਾਂ ਸੱਪ ਲੰਘੇ ਤੋਂ ਮੁੜ ਲਕੀਰ ਕੁੱਟਣ ਵਾਲੀ ਹਾਲਾਤ ਹੋਵੇਗੀ, ਜਿਵੇਂ ਹੁਣ ੨੦੦੭ ਵਿਚ ਸਰਕਾਰ ਦੀਆਂ ਮਿੰਨਤਾ ਕਰਕੇ ਬਣਵਾਏ ਕਾਨੂੰਨ ਦੇ ਮਸਲੇ ਵਿਚ ੨੦੨੬ ਵਾਲੀ ਤਬਦੀਲੀ ਤੋਂ ਬਾਅਦ ਹੋ ਰਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸਵਾਲ ਚੁੱਕਦਿਆਂ ਕਿਹਾ ਕਿ “ਸਾਕਾ ਨੀਲਾ ਤਾਰਾ ਦੇ ੪੨ ਸਾਲ ਬਾਅਦ ਨਵੇ ਬਿਰਤਾਂਤ ਸਾਹਮਣੇ ਆ ਰਹੇ ਹਨ ਜੋ ਖਿਆਲੀ ਪੁਲਾਓ ਜਾਂ ਨਫ਼ਰਤ ਨਾਲ ਭਰੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ੧੯੪੭ ਤੋਂ ਬਾਅਦ ਫਰਜ਼ੀ ਇਤਿਹਾਸ ਪ੍ਰਚਲਤ ਹੈ। ਸਰਕਾਰਾਂ ਅੱਜ ਵੀ ੬ ਜੂਨ ਨੂੰ ਅੰਮ੍ਰਿਤਸਰ ਵਿੱਚ ਕਰਫਿਊ ਵਰਗਾ ਮਾਹੌਲ ਸਿਰਜ ਰਹਿਆਂ ਹਨ। ਜ਼ਖਮ ਢੂੰਗੇ ਹਨ। ਇਲਾਜ ਸੱਚ ਮੰਨਣ ਵਿੱਚ ਹੈ…… ਸਰਕਾਰ ਵੱਲੋ ਵੀ ਤੇ ਸਿੱਖਾਂ ਵੱਲੋਂ ਵੀ।
ਸਿੱਖ ਨੌਜਵਾਨ ਸ. ਬਲਦੀਪ ਸਿੰਘ ਰਾਮੂੰਵਾਲੀਆ ਨੇ ਤੰਜ਼ ਕਸਦਿਆਂ ਕਿਹਾ ਹੈ ਕਿ “ਲ਼ਿਖਣਗੇ ਗੁਰੂ ਪੰਥ ਦੇ ਦਾਸਰੇ ਤੇ ਉਸ ਪੰਥ ਦਾ ਰਾਹ ਡੱਕਣ ਲਈ ਕਾਲੀ ਪੱਗ ਲਾਲ ਪੱਗ ਨਾਲ ਰਲ ਜਾਂਦੀ ਹੈ, ਕਿਉਂਕਿ ਦਾਸਰਿਆਂ ਦਾ ਹੁਕਮ ਹੁੰਦਾ! ਇੱਕ ਬੰਨੇ ਉਹ ਪਾਪੀ ਜੋ ਇਮਾਰਤ ਢਾਉਂਦੇ ਹਨ, ਦੂਜੇ ਬੰਨੇ ਉਹ ਲੋਕ ਜੋ ਸਿਧਾਂਤ ਦੇ ਪਰਖੱਚੇ ਉਡਾ ਰਹੇ ਹਨ- ਲਾਲ ਪੱਗ ਤਾਂ ਅੰਦਰ ਤਕ ਜਾ ਕੇ ਬੈਠ ਸਕਦੀ ਬਸ ਗੁਰੂ ਪੰਥ ਲਈ ਇਜਾਜ਼ਤ ਨਹੀਂ- ਸੇਵਾਦਾਰ ਫਿਰ ਵੀ ਪੰਥ ਦੇ ? – ਪਾਤਸ਼ਾਹ ਹੀ ਸੁਮੱਤ ਦੇਵੇ!
Comments
comments